ਤਰਨ ਤਾਰਨ : Canada 'ਚ ਗੋਲੀ ਲੱਗਣ ਨਾਲ ਪੰਜਾਬੀ ਵਿਦਿਆਰਥਣ ਦੀ ਮੌਤ, ਕੀ ਕਿਹਾ ਪਰਵਾਰ ਨੇ ?
ਬਲਜੀਤ ਸਿੰਘ
ਪੱਟੀ, ਤਰਨਤਾਰਨ : ਜਿਲਾ ਤਰਨਤਾਰਨ ਦੇ ਪਿੰਡ ਧੂੰਦਾ ਦੀ ਵਸਨੀਕ ਹਰਸਿਮਰਤ ਕੌਰ ਰੰਧਾਵਾ ਦੀ ਕਨੇਡਾ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। 21 ਸਾਲਾ ਹਰਸਿਮਰਤ ਮੋਹੌਕ ਕਾਲਜ ਵਿੱਚ ਪੜਾਈ ਕਰ ਰਹੀ ਸੀ ਅਤੇ ਲਗਭਗ ਦੋ ਸਾਲ ਪਹਿਲਾਂ ਹੀ ਵਿਦਿਆਰਥਣ ਵਜੋਂ ਕਨੇਡਾ ਗਈ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਸਿਮਰਤ ਰੋਜ਼ਾਨਾ ਵਾਂਗ ਘਰੋਂ ਕਾਲਜ ਜਾਂਦੇ ਹੋਏ ਬੱਸ ਦੀ ਉਡੀਕ ਕਰ ਰਹੀ ਸੀ, ਜਦੋਂ ਉਥੇ ਦੋ ਗੈਂਗਾਂ ਵਿਚਾਲੇ ਗੋਲੀਬਾਰੀ ਹੋ ਰਹੀ ਸੀ। ਇਸ ਦੌਰਾਨ ਇੱਕ ਗੋਲੀ ਉਸਨੂੰ ਲੱਗ ਗਈ ਜਿਸ ਨਾਲ ਉਸਦੀ ਮੌਤ ਹੋ ਗਈ।
ਪਰਿਵਾਰ ਦੀ ਭਾਰਤ ਸਰਕਾਰ ਕੋਲ ਅਪੀਲ
ਹਰਸਿਮਰਤ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਜਲਦੀ ਤੋਂ ਜਲਦੀ ਵਾਪਸ ਘਰ ਲਿਆਂਦੀ ਜਾਵੇ ਤਾਂ ਜੋ ਉਹ ਉਸਦੇ ਅੰਤਿਮ ਸੰਸਕਾਰ ਕਰ ਸਕਣ।
ਇਲਾਕੇ 'ਚ ਸੋਗ ਦੀ ਲਹਿਰ
ਇਸ ਮੰਦਭਾਗੀ ਘਟਨਾ ਕਾਰਨ ਪਿੰਡ ਧੂੰਦਾ ਸਹਿਤ ਆਸਪਾਸ ਦੇ ਇਲਾਕਿਆਂ ਵਿੱਚ ਵੀ ਸੋਗ ਦੀ ਲਹਿਰ ਹੈ। ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।