ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਵਿਸਾਖੀ ਪੁਰਬ ਨੂੰ ਸਮਰਪਿਤ ਹਜ਼ਾਰਾਂ ਦੀ ਗਿਣਤੀ ਵਿੱਚ ਚੌਪਈ ਸਾਹਿਬ ਦੇ ਪਾਠ
ਹਰਜਿੰਦਰ ਸਿੰਘ ਭੱਟੀ
ਥੇਹ ਕਲੰਦਰ, 17 ਅਪ੍ਰੈਲ 2025 - ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵੱਲੋਂ ਵਿਸਾਖੀ ਦੇ ਪਵਿੱਤਰ ਪੁਰਬ ਨੂੰ ਸਮਰਪਿਤ ਇੱਕ ਅਦਭੁੱਤ ਅਧਿਆਤਮਿਕ ਉਪਰਾਲਾ ਕੀਤਾ ਗਿਆ। ਇਸ ਪਵਿੱਤਰ ਪੁਰਬ 'ਤੇ ਗਤਕਾ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਮਿਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਇਸ ਉਪਰਾਲੇ ਵਿੱਚ ਸ਼ਾਨਦਾਰ ਭਾਗੀਦਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਵੱਲੋਂ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਨਗਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਤਿੰਨ ਸਥਾਨ ਹਾਸਿਲ ਕੀਤੇ ਗਏ ਸਨ, ਸੁਖਮਨੀ ਕੌਰ (ਜਮਾਤ ਨੌਵੀਂ) – 8074 ਪਾਠ (ਪਹਿਲਾ ਸਥਾਨ), ਪ੍ਰਭਜੋਤ ਕੌਰ (ਜਮਾਤ ਨੌਵੀਂ) – 8060 ਪਾਠ (ਦੂਸਰਾ ਸਥਾਨ), ਜੋਬਨਪ੍ਰੀਤ ਸਿੰਘ (ਜਮਾਤ ਅੱਠਵੀਂ) – 7200 ਪਾਠ (ਤੀਸਰਾ ਸਥਾਨ) ਅਤੇ ਪਰਿਵਾਰਿਕ ਪੱਧਰ 'ਤੇ ਤਿੰਨ ਸਿਰਮੌਰ ਪਰਿਵਾਰ ਹਰਿ ਗੁਣ ਸਿੰਘ (ਜਮਾਤ ਨੌਵੀਂ) ਦੇ ਪਰਿਵਾਰ ਵੱਲੋਂ – 4048 ਪਾਠ (ਪਹਿਲਾ ਸਥਾਨ), ਅੰਤਰੀਵ ਕੌਰ (ਜਮਾਤ ਦਸਵੀਂ) ਦੇ ਪਰਿਵਾਰ ਵੱਲੋਂ – 2350 ਪਾਠ (ਦੂਸਰਾ ਸਥਾਨ), ਜੋਬਨ ਸਿੰਘ (ਜਮਾਤ ਨੌਵੀਂ) ਦੇ ਪਰਿਵਾਰ ਵੱਲੋਂ – 1825 ਪਾਠ (ਤੀਸਰਾ ਸਥਾਨ) ਆਦਿ। ਇਸ ਪਾਵਨ ਉਪਰਾਲੇ ਦੀ ਪ੍ਰੇਰਣਾ ਪਿੱਛੇ ਗਤਕਾ ਕੋਚ ਸਰਦਾਰ ਕਰਮਪਾਲ ਸਿੰਘ ਦੀ ਰਹਿਤ ਸੇਵਾ ਨੂੰ ਵੀ ਪ੍ਰਿੰਸੀਪਲ ਵੱਲੋਂ ਖੁੱਲ ਕੇ ਸਰਾਹਿਆ ਗਿਆ। ਅੰਤ ਵਿਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਕਿਹਾ ਕਿ, "ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀ ਨਾ ਸਿਰਫ ਵਿੱਦਿਅਕ ਖੇਤਰ ਵਿੱਚ ਉੱਚਈਆਂ ਨੂੰ ਛੂਹ ਰਹੇ ਹਨ, ਸਗੋਂ ਉਹ ਗੁਰਬਾਣੀ ਨਾਲ ਵੀ ਜੁੜ ਕੇ ਆਪਣੇ ਚਰਿੱਤਰ ਦੀ ਮਜ਼ਬੂਤ ਨੀਂਹ ਰੱਖ ਰਹੇ ਹਨ। ਇਹ ਉਪਰਾਲਾ ਇਨ੍ਹਾਂ ਦੀ ਰੂਹਾਨੀ ਉਤਸ਼ਾ ਦੀ ਮਿਸਾਲ ਹੈ।" ਇਸੇ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਅਕੈਡਮੀ ਦੇ ਵਿਦਿਆਰਥੀ ਨਿਰੰਤਰ ਤੌਰ 'ਤੇ ਆਪਣੇ ਉੱਜਵਲ ਭਵਿੱਖ ਵੱਲ ਵਧ ਰਹੇ ਹਨ।