ਮਾਪਿਆਂ ਦੇ ਇੱਕ ਹੋਰ ਇਕਲੌਤੇ ਜਵਾਨ ਪੁੱਤ ਨੂੰ ਖਾ ਗਿਆ ਨਸ਼ਾ
ਇਲਾਕੇ ਦੇ ਲੋਕਾਂ ਨੇ ਖੋਲੀ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦੀ ਪੋਲ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ 25 ਸਾਲਾਂ ਨੌਜਵਾਨ ਰੋਹਿਤ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਣ ਦੀ ਖਬਰ ਹੈ। ਉੱਥੇ ਹੀ ਮੌਕੇ ਤੇ ਮੌਜੂਦ ਇਲਾਕੇ ਦੇ ਲੋਕਾਂ ਵਲੋਂ ਦੱਸਿਆ ਗਿਆ ਹੈ ਕਿ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ ਜਦਕਿ ਮ੍ਰਿਤਕ ਦੇ ਪਿਤਾ ਚਰਨਜੀਤ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਹਿਤ ਨਸ਼ੇ ਦਾ ਆਦਿ ਸੀ ਅਤੇ ਸ਼ਾਮ ਨੂੰ ਉਸਨੇ ਕੰਮ ਕਰਨ ਲਈ ਦਿੱਲੀ ਜਾਣਾ ਸੀ ਜਿਸ ਦੇ ਲਈ ਉਸਨੂੰ ਪੈਸੇ ਵੀ ਦਿੱਤੇ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਦਾ ਫੋਨ ਆਇਆ ਤੇ ਉਹ ਘਰੋਂ ਨਿਕਲ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਸਦੀ ਲਾਸ਼ ਮਾਨ ਨਗਰ ਇਲਾਕੇ ਦੇ ਖਾਲੀ ਪਲਾਟਾਂ ਵਿੱਚ ਪਈ ਹੈ। ਉਹਨਾਂ ਦੱਸਿਆ ਕਿ ਰੋਹਿਤ ਉਹਨਾਂ ਦਾ ਇਕਲੌਤਾ ਸਹਾਰਾ ਸੀ।ਉਹ ਪੁੱਤ ਨੂੰ ਬਹੁਤ ਸਮਝਾਉਂਦੇ ਸੀ ਕਿ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾ ਪਰ ਉਸਨੇ ਸਾਡੀ ਇੱਕ ਨਹੀਂ ਸੁਣੀ ਅੱਜ ਜਿਦਾਂ ਆਇਆ ਸੀ ਉਦਾਂ ਹੀ ਚਲਾ ਗਿਆ |
ਉਥੇ ਹੀ ਇਕੱਠੇ ਹੋਏ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੀ ਸਰਕਾਰ ਕੋਲੋਂ ਨਸ਼ੇ ਉੱਤੇ ਠੱਲ ਨਹੀਂ ਪਾਈ ਗਈ ਗਰੀਬ ਘਰਾਂ ਉਤੇ ਕਾਰਵਾਈ ਕੀਤੀ ਜਾਂਦੀ ਹੈ ਵੱਡੇ ਨਸ਼ੇ ਦੇ ਸੌਦਾਗਰਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੇ ਇਲਾਕੇ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ ਇਥੋਂ ਕੁਝ ਹੀ ਦੂਰੀ ਉਤੇ ਸੀ ਆਈ ਏ ਸਟਾਫ ਦਾ ਦਫਤਰ ਹੈ ।ਬਾਰ ਬਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਲਟਾ ਜਦੋਂ ਕਾਰਵਾਈ ਹੋਣ ਲੱਗਦੀ ਹੈ ਤਾਂ ਪੁਲਿਸ ਨਸ਼ਾ ਤਸਕਰ ਨੂੰ ਪਹਿਲਾਂ ਹੀ ਫੋਨ ਕਰਕੇ ਸੁਚੇਤ ਕਰ ਦਿੰਦੀ ਹੈ |
ਉੱਥੇ ਹੀ ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟਾਂ ਵਿੱਚ ਵੇਖੀ ਗਈ ਹੈ ਮੌਕੇ ਤੇ ਆਏ ਹਾਂ ਵੈਰੀਫਾਈ ਕਰ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਸਾਫ ਹੋਵੇਗਾ ਕਿ ਇਸ ਦੀ ਮੌਤ ਨਸ਼ੇ ਨਾਲ ਜਾਂ ਫਿਰ ਗਰਮੀ ਨਾਲ ਹੋਈ ਹੈ ਬਾਕੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।