ਤਾਪਮਾਨ 46 ਡਿਗਰੀ ਤੱਕ ਪਹੁੰਚਿਆ, ਮੀਂਹ ਨਾਲ ਕੁਝ ਰਾਹਤ, ਪਰ ਕਈ ਰਾਜਾਂ ਵਿੱਚ ਹੀਟਵੇਵ ਜਾਰੀ
ਨਵੀਂ ਦਿੱਲੀ, 17 ਅਪ੍ਰੈਲ 2025: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਕ ਵਾਸੇ ਜਿੱਥੇ ਗਰਮੀ ਦਾ ਕਹਿਰ ਜਾਰੀ ਹੈ, ਉੱਥੇ ਹੀ ਪੱਛਮੀ ਗੜਬੜੀ ਦੇ ਕਾਰਨ ਕਈ ਰਾਜਾਂ ਵਿੱਚ ਬਾਰਿਸ਼ ਅਤੇ ਚੱਕਰਵਤੀ ਤੂਫ਼ਾਨ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿਚ ਹਲਕਾ ਵਾਧਾ ਹੋਇਆ ਹੈ। ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 2 ਡਿਗਰੀ ਵੱਧ ਹੈ। ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ ਅੱਜ ਤੋਂ ਸੂਬੇ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਵਿਚ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਵਾਧਾ ਹੋਵੇਗਾ, ਪਰ ਉਸ ਮਗਰੋਂ ਤਾਪਮਾਨ ਵਿਚ 2 ਤੋਂ 4 ਡਿਗਰੀ ਦੀ ਹੀ ਗਿਰਾਵਟ ਵੀ ਆਵੇਗੀ। ਮੌਸਮ ਵਿਭਾਗ ਕੇਂਦਰ ਮੁਤਾਬਕ ਅੱਜ ਤੋਂ ਨਵਾਂ ਪੱਛਮੀ ਪ੍ਰਭਾਅ ਸਰਗਰਮ ਹੋਣ ਜਾ ਰਿਹਾ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਹੋਵੇਗਾ। ਵਿਭਾਗ ਵੱਲੋਂ 18 ਅਤੇ 19 ਅਪ੍ਰੈਲ ਨੂੰ ਪੰਜਾਬ ਵਿਚ ਮੀਂਹ-ਹਨੇਰੀ ਦਾ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ।
ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਐੱਸ. ਏ. ਐੱਸ. ਨਗਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇਜ਼ ਹਨ੍ਹੇਰੀ ਦੇ ਨਾਲ ਬਾਰਿਸ਼ ਹੋ ਸਕਦੀ ਹੈ।
ਅਪ੍ਰੈਲ ਦੀ ਗਰਮੀ ਨੇ ਤੋੜੇ ਰਿਕਾਰਡ, ਰਾਜਸਥਾਨ ਦੇ ਬਾੜਮੇਰ ਵਿੱਚ ਪਾਰਾ 45.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪੱਛਮੀ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਤਾਪਮਾਨ 42 ਤੋਂ 45 ਡਿਗਰੀ ਦੇ ਦਰਮਿਆਨ ਦਰਜ ਹੋ ਰਿਹਾ ਹੈ। ਉੱਤਰ ਭਾਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਗਰਮੀ ਵਧਣ ਦੀ ਸੰਭਾਵਨਾ ਹੈ।
ਪੱਛਮੀ ਗੜਬੜੀ ਹੋਈ ਸਰਗਰਮ, ਜਿਸ ਕਰਕੇ 16 ਤੋਂ 20 ਅਪ੍ਰੈਲ ਤੱਕ ਪੱਛਮੀ ਹਿਮਾਲਿਆਈ ਖੇਤਰ, ਜਿਵੇਂ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਤੂਫ਼ਾਨੀ ਹਵਾਵਾਂ ਦੀ ਰਫ਼ਤਾਰ 40-50 ਕਿਮੀ ਪ੍ਰਤੀ ਘੰਟਾ ਹੋ ਸਕਦੀ ਹੈ।
ਮੌਸਮ ਵਿਭਾਗ ਵਲੋਂ ਅਲਰਟ ਜਾਰੀ:
-
17 ਅਪ੍ਰੈਲ: ਰਾਜਸਥਾਨ ਵਿੱਚ ਧੂੜ ਭਰੀ ਹਨੇਰੀ, ਮੀਂਹ ਦੀ ਸੰਭਾਵਨਾ।
-
17-18 ਅਪ੍ਰੈਲ: ਵਿਦਰਭ (ਮਹਾਰਾਸ਼ਟਰ), ਛੱਤੀਸਗੜ੍ਹ, ਪੱਛਮੀ ਬੰਗਾਲ, ਬਿਹਾਰ ਵਿੱਚ ਮੀਂਹ ਤੇ ਗੜੇਮਾਰੀ ਹੋ ਸਕਦੀ ਹੈ।
-
ਕੇਰਲ: 17 ਤੋਂ 19 ਅਪ੍ਰੈਲ ਦੌਰਾਨ 40-50 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ।
-
ਦੱਖਣੀ ਰਾਜਾਂ (ਤੇਲੰਗਾਨਾ, ਕਰਨਾਟਕ, ਆਂਧਰਾ, ਪੁਡੂਚੇਰੀ): ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ।
ਉੱਤਰ-ਪੱਛਮੀ ਭਾਰਤ ਵਿੱਚ ਤਾਪਮਾਨ ਦੇ ਬਦਲਾਅ:
-
18 ਅਪ੍ਰੈਲ ਤੱਕ ਤਾਪਮਾਨ 2-4 ਡਿਗਰੀ ਵਧ ਸਕਦਾ ਹੈ।
-
19 ਅਪ੍ਰੈਲ ਤੋਂ ਬਾਅਦ 2-3 ਡਿਗਰੀ ਦੀ ਹੌਲੀ ਹੌਲੀ ਕਮੀ ਆ ਸਕਦੀ ਹੈ।
-
ਮੱਧ ਭਾਰਤ ਵਿੱਚ 2-3 ਡਿਗਰੀ ਦੀ ਵਾਧੂ ਗਰਮੀ ਅਗਲੇ 4 ਦਿਨਾਂ ਤੱਕ ਰਹੇਗੀ।
ਦਿੱਲੀ-ਐਨਸੀਆਰ ਦਾ ਮੌਸਮ: ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਹੋਇਆ। ਵੱਧ ਤੋਂ ਵੱਧ ਤਾਪਮਾਨ 37-38 ਡਿਗਰੀ ਅਤੇ ਘੱਟੋ-ਘੱਟ 22-25 ਡਿਗਰੀ ਦੇ ਵਿਚਕਾਰ ਰਹਿਆ।
17 ਤੋਂ 19 ਅਪ੍ਰੈਲ ਦੌਰਾਨ ਦਿੱਲੀ ਵਿੱਚ ਹਲਕੇ ਬੱਦਲ ਅਤੇ ਵਾਧੂ ਗਰਮੀ ਰਹੇਗੀ, ਤੇ ਪਾਰਾ 39-41 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ।
ਹੀਟਵੇਵ ਚੇਤਾਵਨੀ:
ਆਈਐਮਡੀ ਨੇ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਰਾਜਸਥਾਨ ਵਿੱਚ 17-19 ਅਪ੍ਰੈਲ, ਗੁਜਰਾਤ ਵਿੱਚ 17 ਅਪ੍ਰੈਲ ਅਤੇ ਕੇਰਲ-ਮਰਾਠਵਾੜਾ ਵਿੱਚ 17-20 ਅਪ੍ਰੈਲ ਤੱਕ ਗਰਮੀ ਦੀ ਲਹਿਰ ਰਹੇਗੀ।