ਪਿਓ-ਪੁੱਤ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ
- ਮ੍ਰਿਤਕ ਗੁਰਲਾਲ ਸਿੰਘ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ
ਮਨਜੀਤ ਢੱਲਾ
ਜੈਤੋ,15 ਮਾਰਚ 2025 - ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਵਿਖੇ ਰਾਜਸਥਾਨ ਨਹਿਰ ਵਿਚ ਪਿਓ-ਪੁੱਤ ਦੇ ਰੁੜ੍ਹਨ ਦਾ ਸਮਾਚਾਰ ਹੈ। ਪਿਤਾ ਗੁਰਲਾਲ ਸਿੰਘ ਦੀ ਉਮਰ 35 ਸਾਲ ਹੈ ਅਤੇ ਦਸਵੀਂ ਦੇ ਪੇਪਰ ਦੇ ਰਹੇ ਉਨ੍ਹਾਂ ਦੇ ਪੁੱਤਰ ਬਲਜੋਤ ਸਿੰਘ ਦੀ ਉਮਰ 15 ਸਾਲ ਹੈ। ਇਹ ਦੋਵੇਂ ਵਾਸੀ ਪਿੰਡ ਮੜ੍ਹਾਕ ਨੇੜੇ ਜੈਤੋ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਿਤ ਹਨ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ ਅਤੇ ਗੋਤਾਖੋਰ ਟੀਮਾਂ ਵਲੋਂ ਲਾਸ਼ਾਂ ਦੀ ਭਾਲ ਜਾਰੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਡੀ.ਐਸ.ਪੀ. ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਕਰਜ਼ੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਗੁਰਲਾਲ ਸਿੰਘ ਕਰਜ਼ੇ ਦੀ ਮਾਰ ਹੇਠ ਸੀ।
ਬਾਕੀ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਦਾ ਕਹਿਣਾ ਹੈ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਸਲ ਮਾਮਲੇ ਦੀ ਸੰਚਾਈ ਪਤਾ ਲੱਗ ਸਕੇ। ਖ਼ਬਰ ਲਿਖੇ ਜਾਣ ਤੱਕ ਦੋਨਾਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਘਟਨਾ ਨੂੰ ਲੈਕੇ ਪਿੰਡ ਵਿੱਚ ਅਫਸੋਸ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾਂ ਰਹੀ ਹੈ।