ਮੇਅਰ ਪਦਮਜੀਤ ਮਹਿਤਾ ਵੱਲੋਂ ਨਗਰ ਨਿਗਮ, ਸੀਵਰੇਜ਼ ਬੋਰਡ ਤੇ ਪਾਵਰਕੌਮ ਅਧਿਕਾਰੀਆਂ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 15 ਮਾਰਚ 2025: ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਆਪਣੇ ਵਾਰਡ ਨੰਬਰ 48 ਵਿੱਚ ਸਥਿਤ ਆਪਣੇ ਦਫਤਰ ਵਿੱਚ ਨਗਰ ਨਿਗਮ, ਸੀਵਰੇਜ ਬੋਰਡ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਸਾਰੇ ਕੰਮਾਂ ਨੂੰ ਜਲਦ ਪੂਰਾ ਕਰਵਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਵਾਰਡ ਨੰਬਰ 48 ਵਾਸੀਆਂ ਦੀਆਂ ਜਨ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਸਮੇਤ ਕਾਰਪੋਰੇਸ਼ਨ ਸੀਨੀਅਰ ਅਧਿਕਾਰੀ ਸਤੀਸ਼ ਕੁਮਾਰ, ਐਕਸੀਅਨ ਰਾਜਿੰਦਰ ਕੁਮਾਰ, ਜੇਈ ਸੀਵਰੇਜ ਬੋਰਡ ਬਲਜੀਤ ਸਿੰਘ, ਬਿਲਡਿੰਗ ਇੰਸਪੈਕਟਰ ਮੈਡਮ ਅਨੂੰ ਬਾਲਾ, ਐਲਐਸਓ ਗੁਰਲਾਭ ਸਿੰਘ, ਜੇਈ ਪਵਨ ਕੁਮਾਰ, ਸਨੈਟਰੀ ਸੁਪਰਵਾਈਜ਼ਰ ਰਮਨ ਕੁਮਾਰ ਅਤੇ ਬਿਜਲੀ ਬੋਰਡ ਦੇ ਐਸਡੀਓ ਸੁਰਿੰਦਰ ਪਾਲ ਸਿੰਘ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਗੁਰਲਾਭ ਸਿੰਘ ਜੇਈ ਨੂੰ ਆਦੇਸ਼ ਦਿੱਤੇ ਕਿ ਅਰਜੁਨ ਨਗਰ ਵਿੱਚ ਦਰਖਤਾਂ ਦੀ ਛੰਟਾਈ ਕਰਵਾਉਣ ਸਮੇਤ ਵੱਡੇ ਹੋ ਚੁੱਕੇ ਦਰਖਤਾਂ ਦੇ ਟ੍ਰੀ ਗਾਰਡ ਉਤਰਵਾਏ ਜਾਣ, ਵਾਰਡ ਨੰਬਰ 48 ਸਮੇਤ ਲਾਈਨੋਂ ਪਾਰ ਇਲਾਕੇ ਦੇ ਸਾਰੇ ਪਾਰਕਾਂ ਵਿੱਚ ਲੱਗੇ ਝੁੱਲਿਆਂ ਦੀ ਮੁਰੰਮਤ ਕਰਵਾਈ ਜਾਵੇ, ਢਿੱਲੋ ਕਲੋਨੀ ਤੇ ਅਰਜੁਨ ਨਗਰ ਵਿੱਚ ਪੰਜ-ਪੰਜ ਬੈਂਚ ਲਗਾਏ ਜਾਣ। ਉਨ੍ਹਾਂ ਬਿਜਲੀ ਬੋਰਡ ਦੇ ਐਸਡੀਓ ਸੁਰਿੰਦਰ ਪਾਲ ਸਿੰਘ ਨੂੰ ਆਦੇਸ਼ ਦਿੱਤੇ ਕਿ ਰਾਜੀਵ ਗਾਂਧੀ ਕਲੋਨੀ ਵਿੱਚ ਸਥਿਤ ਬਿਜਲੀ ਦੀਆਂ ਤਾਰਾਂ ਨੂੰ ਉੱਤੇ ਚੁੱਕਿਆ ਜਾਵੇ, ਗਲੀ ਨੰਬਰ ਸੱਤ ਢਿੱਲੋਂ ਕਲੋਨੀ ਵਿੱਚ ਬਿਜਲੀ ਮੀਟਰ ਦਾ ਬਕਸਾ ਲਗਾਇਆ ਜਾਵੇ। ਗਲੀ ਨੰਬਰ 7 ਚੰਡੀਗੜ੍ਹ ਰੋਡ 'ਤੇ ਬਿਜਲੀ ਦੀ ਸਿੱਧੀ ਸਪਲਾਈ ਦੇਣ ਲਈ ਟ੍ਰਾਂਸਫਾਰਮਰ ਲਗਾਇਆ ਜਾਵੇ ਅਤੇ ਚੰਡੀਗੜ੍ਹ ਰੋਡ 'ਤੇ ਬਿਜਲੀ ਦੀਆਂ ਤਾਰਾਂ ਵਿਛਾਈਆਂ ਜਾਣ।
ਰਾਜੀਵ ਗਾਂਧੀ ਕਲੋਨੀ ਵਿੱਚ ਸਥਿਤ ਤਿੰਨ ਟ੍ਰਾਂਸਫਾਰਮਰ ਚੈੱਕ ਕਰਕੇ ਉਨ੍ਹਾਂ ਨੂੰ ਬਦਲਿਆ ਜਾਵੇ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਚੰਡੀਗੜ੍ਹ ਰੋਡ ਦੀ ਬਿਊਟੀਫਿਕੇਸ਼ਨ ਕਰਵਾਉਣ, ਵਾਰਡ ਨੰਬਰ 48 ਵਿੱਚ ਸਥਿਤ ਤਿਕੋਣੇ ਪਾਰਕ ਵਿੱਚ ਕਨੋਪੀ ਹੱਟ ਲਗਾਉਣ ਦੇ ਆਦੇਸ਼ ਦਿੱਤੇ, ਜਦੋਂ ਕਿ ਸਰਹੰਦ ਨਹਿਰ ਦੇ ਨੇੜੇ ਸਥਿਤ 60 ਫੀਟ ਰੋਡ ਦੇ ਨਜ਼ਦੀਕ ਸੈਰਗਾਹ ਬਣਾਉਣ ਸਬੰਧੀ ਪ੍ਰਪੋਜ਼ਲ ਤਿਆਰ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ 'ਤੇ ਸਮਾਜ ਸੇਵਕ ਅਸ਼ਵਨੀ ਮਲਹੋਤਰਾ ਨੇ ਈ-ਚਾਰਜਿੰਗ ਸੈਂਟਰ ਦਾਨ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਸਬੰਧੀ ਮੇਅਰ ਸਾਹਿਬ ਨੇ ਜਗ੍ਹਾ ਤਲਾਸ਼ ਕਰਨ ਦੇ ਆਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ। ਇਸ ਦੌਰਾਨ ਅਰਜੁਨ ਨਗਰ, ਐਫਸੀਆਈ ਕਲੋਨੀ, ਟੀਪੀਸੀ ਕਲੋਨੀ, ਜੋਗੀ ਨਗਰ ਵਾਸੀਆਂ ਨੇ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਦੱਸੀਆਂ।
ਲੋਕਾਂ ਨੇ ਅਰਜੁਨ ਨਗਰ ਅਤੇ ਢਿੱਲੋਂ ਕਲੋਨੀ ਵਿੱਚ ਮੰਦਿਰ ਤੇ ਕਮਿਊਨਿਟੀ ਹਾਲ ਬਣਾਉਣ ਦੀ ਮੰਗ ਰੱਖੀ, ਐਫਸੀਆਈ ਕਲੋਨੀ ਵਾਸੀ ਮਹਿਲਾਵਾਂ ਨੇ ਕਲੋਨੀ ਵਿੱਚ ਨਵੀਂ ਸੀਵਰੇਜ ਪਾਈਪ ਲਾਈਨ ਵਿਛਾਉਣ ਦੀ ਮੰਗ ਵੀ ਰੱਖੀ। ਰਾਜੀਵ ਗਾਂਧੀ ਕਲੋਨੀ ਵਾਸੀਆਂ ਨੇ ਕਲੋਨੀ ਵਿੱਚ 55 ਨੰਬਰ ਕੋਠੀ ਦੇ ਸਾਹਮਣੇ 50 ਫੀਟ ਸੜਕ 'ਤੇ ਇੰਟਰਲੋਕਿੰਗ ਟਾਇਲਜ ਲਗਾਉਣ ਦੀ ਮੰਗ ਰੱਖੀ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਢਿੱਲੋਂ ਕਲੋਨੀ ਵਿੱਚ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਆਦੇਸ਼ ਸਨੈਟਰੀ ਇੰਸਪੈਕਟਰ ਰਮਨ ਕੁਮਾਰ ਨੂੰ ਦਿੱਤੇ। ਅਰਜੁਨ ਨਗਰ ਤੇ ਟੀਪੀਸੀ ਕਲੋਨੀ ਵਿੱਚ ਗੈਸ ਪਾਈਪ ਲਾਈਨ ਕਰਕੇ ਸੜਕ 'ਤੇ ਪਏ ਖੱਡਿਆਂ ਨੂੰ ਭਰਵਾਉਣ ਦੇ ਆਦੇਸ਼ ਵੀ ਉਨ੍ਹਾਂ ਵੱਲੋਂ ਦਿੱਤੇ ਗਏ। ਉਨ੍ਹਾਂ ਟੀਪੀਸੀ ਕਲੋਨੀ ਦੀਆਂ ਦੋ ਗਲੀਆਂ ਵਿੱਚ ਸੀਵਰੇਜ ਸਿਸਟਮ ਸੁਧਾਰਨ ਤੇ ਅਰਜੁਨ ਨਗਰ ਵਿੱਚ ਰੋਡ ਜਾਲੀਆਂ ਲਗਾਉਣ ਦੇ ਆਦੇਸ਼ ਵੀ ਦਿੱਤੇ।
ਉਨ੍ਹਾਂ ਰਾਜੀਵ ਗਾਂਧੀ ਕਲੋਨੀ, ਲਹਿਰਾ ਕਲੋਨੀ, ਢਿੱਲੋਂ ਕਲੋਨੀ, ਜੋਗੀ ਨਗਰ, ਅਰਜੁਨ ਨਗਰ ਸਮੇਤ ਸਾਰਿਆਂ ਇਲਾਕਿਆਂ ਵਿੱਚ ਸਾਈਨ ਬੋਰਡ ਲਗਾਉਣ ਦੇ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ। ਅਰਜੁਨ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਫੁੱਟਪਾਥ ਬਣਾਉਣ ਦੇ ਆਦੇਸ਼ ਵੀ ਦਿੱਤੇ। ਪ੍ਰਤਾਪ ਨਗਰ ਮੇਨ ਰੋਡ 'ਤੇ ਸੀਵਰੇਜ ਦੀ ਡੀ-ਸ਼ਿਲਟਿੰਗ ਜਲਦ ਕਰਵਾਉਣ ਦੇ ਆਦੇਸ਼ ਦਿੱਤੇ, ਉੱਥੇ ਹੀ ਕੌਂਸਲਰ ਕੁਲਵਿੰਦਰ ਕੌਰ ਪਤਨੀ ਜਗਪਾਲ ਸਿੰਘ ਗੋਰਾ ਦੇ ਵਾਰਡ ਪਰਸਰਾਮ ਨਗਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੜਕ ਅਤੇ ਪਲਾਟਾਂ ਵਿੱਚ ਜਮਾਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਆਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਸਾਰਿਆਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਪਰੋਕਤ ਸਾਰੇ ਕੰਮਾਂ ਦੀ ਰਿਪੋਰਟ ਸੋਮਵਾਰ ਨੂੰ ਉਨ੍ਹਾਂ ਨੂੰ ਸੌਂਪੀ ਜਾਵੇ। ਉਨ੍ਹਾਂ ਕਾਰਪੋਰੇਸ਼ਨ ਸੀਨੀਅਰ ਅਫਸਰ ਸਤੀਸ਼ ਕੁਮਾਰ ਨੂੰ ਆਦੇਸ਼ ਦਿੱਤੇ ਕਿ ਉਹ ਗਾਰਬੇਜ ਦੀ ਸਮੱਸਿਆ ਦਾ ਜਲਦ ਸਮਾਧਾਨ ਕਰਨ, ਗ੍ਰੀਨ ਸਿਟੀ ਰੋਡ 'ਤੇ ਲੋਕਾਂ ਵੱਲੋਂ ਕੂੜੇ ਦੇ ਡੰਪ ਬਣਾ ਦਿੱਤੇ ਗਏ ਹਨ, ਉਕਤ ਕੂੜੇ ਨੂੰ ਜਲਦ ਉਠਾਉਣ ਦੇ ਆਦੇਸ਼ ਵੀ ਦਿੱਤੇ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਵਾਰਡ ਨੰਬਰ 48 ਦੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਕਤ ਸਮੱਸਿਆਵਾਂ ਦੇ ਜਲਦ ਸਮਾਧਾਨ ਦਾ ਭਰੋਸਾ ਉਨ੍ਹਾਂ ਨੂੰ ਦਿੱਤਾ, ਉੱਥੇ ਹੀ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਜਲਦ ਸਮਾਧਾਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਰਾਜੀਵ ਗਾਂਧੀ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇਵਰਾਜ ਗੋਇਲ, ਰਾਜਿੰਦਰ ਗੋਰਾ ਨੇ ਆਪਣੇ ਨਗਰ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਮੇਅਰ ਸਾਹਿਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ, ਕਿਉਂਕਿ ਸਮੱਸਿਆਵਾਂ ਦਾ ਹੱਲ ਕਰਵਾਉਣਾ ਆਮ ਲੋਕਾਂ ਦਾ ਹੱਕ ਹੈ, ਅਜਿਹੇ ਵਿੱਚ ਹਰੇਕ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਨੂੰ ਸਾਫ ਸੁਥਰਾ ਰੱਖਣਾ ਅਧਿਕਾਰੀਆਂ ਸਮੇਤ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ, ਅਜਿਹੇ ਵਿੱਚ ਨਗਰ ਨਿਗਮ ਵੱਲੋਂ ਚਲਾਈ ਗਈ ਸਵੱਛਤਾ ਮੁਹਿੰਮ ਵਿੱਚ ਆਮ ਲੋਕ ਯੋਗਦਾਨ ਦੇਣ, ਤਾਂ ਜੋ ਬਠਿੰਡਾ ਨੂੰ ਦੇਸ਼ ਦਾ ਆਦਰਸ਼ ਸ਼ਹਿਰ ਬਣਾਇਆ ਜਾ ਸਕੇ।