ਗੁ: ਮੱਲ ਅਖਾੜਾ ਸਾਹਿਬ ਪਾ:ਛੇਵੀ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਹੋਲਾ ਮਹੱਲਾ ਮਨਾਇਆ ਗਿਆ
ਅੰਮ੍ਰਿਤਸਰ:- 15 ਮਾਰਚ 2025 - ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜਤ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਦਾ ਤਿਉਹਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਬੁੱਢਾ ਦਲ ਵਿਖੇ ਸਿੰਘ ਸਾਹਿਬ ਜਥੇ. ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ।
ਇਸ ਮੌਕੇ ਰਾਗੀਆਂ, ਕਵੀਸ਼ਰਾਂ ਅਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸ਼ਹੀਦ ਸੁਖਮਨੀ ਸੇਵਾ ਸੁਸਾਇਟੀ ਦੇ ਬੀਬੀਆਂ ਸ਼ਬਦੀ ਜਥਿਆਂ ਨੇ ਗੁਰਮਤਿ ਦੀਵਾਨ ਵਿਚ ਕਥਾ, ਸ਼ਬਦ ਕੀਰਤਨ, ਗੁਰ ਇਤਿਹਾਸ ਤੇ ਗੁਰੂ ਸ਼ਬਦ ਨਾਲ ਸੰਗਤਾਂ ਨੂੰ ਜੋੜਿਆ। ਜਥੇਦਾਰ ਭਾਈ ਕੇਵਲ ਸਿੰਘ ਕੋਮਲ ਦੇ ਢਾਡੀ ਜਥੇ ਨੇ ਅਕਾਲੀ ਬਾਬਾ ਫੂਲਾ ਸਿੰਘ ਤੇ ਸਿੱਖ ਇਤਿਹਾਸ ਦੇ ਜੁਝਾਰੂ ਪੰਨ੍ਹਿਆਂ ਦੀਆਂ ਵਾਰਾਂ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਹੋਲੇ ਮਹੱਲੇ ਨੂੰ ਸਮਰਪਿਤ ਸ੍ਰੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਇਆ ਨਗਰ ਕੀਰਤਨ ਪੰਜ ਪਿਆਰਿਆਂ, ਨਿਸ਼ਾਨਚੀਆਂ ਦੀ ਅਗਵਾਈ ਵਿੱਚ ਗੁ. ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਪੁੱਜਾ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜੇ ਨਗਰ ਕੀਰਤਨ ਦਾ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਬਾਬਾ ਭਗਤ ਸਿੰਘ, ਪਰਮਜੀਤ ਸਿੰਘ, ਬਾਬਾ ਅਮਰੀਕ ਸਿੰਘ ਗ੍ਰੰਥੀ ਨੇ ਨਿੱਘਾ ਸੁਆਗਤ ਕੀਤਾ ਅਤੇ ਪੰਜ ਪਿਆਰਿਆਂ, ਨਿਸ਼ਾਨਚੀਆਂ, ਨਗਾਰਚੀਆਂ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਜਨ. ਸਕੱਤਰ ਹਰਮਨਜੀਤ ਸਿੰਘ, ਸਕੱਤਰ ਗੁਰਬਖਸ਼ ਸਿੰਘ ਬੇਦੀ ਅਤੇ ਹੋਰ ਆਹੁਦੇਦਾਰਾਂ ਸੁਖਵਿੰਦਰ ਸਿੰਘ, ਸਰਬਜੋਤ ਸਿੰਘ, ਗੋਪਾਲ ਸਿੰਘ ਤੇ ਹੋਰਨਾਂ ਨੂੰ ਆਦਿ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਨਿਹੰਗ ਸਿੰਘਾਂ ਦੀਆਂ ਗਤਕਾ ਟੀਮਾਂ ਨੇ ਸ਼ਸਤਰ ਕਲਾ ਦੇ ਜੌਹਰ ਵਿਖਾਏ। ਗੁਰੂ ਕੇ ਲੰਗਰ ਅਤੁੱਟ ਵਰਤੇ, ਬੀਬੀ ਕੌਲਾ ਜੀ ਭਲਾਈ ਕੇਂਦਰ ਟਰੱਸਟ ਨੇ ਲੰਗਰ ਵਿੱਚ ਬਣਦਾ ਯੋਗਦਾਨ ਪਾਇਆ।