ਖੇਲੋ ਇੰਡੀਆ ਯੂਥ ਖੇਡਾਂ 2025 ਬਿਹਾਰ ਵਿਖੇ ਜੂਡੋ ਖੇਡ ਦੇ ਪਹਿਲੇ ਦਿਨ ਰਘੂ ਮਹਿਰਾ ਨੇ ਮੈਡਲ ਜਿੱਤਿਆ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ ਖੇਲੋ ਇੰਡੀਆ ਯੂਥ ਖੇਡਾਂ ਬਿਹਾਰ ਵਿਖੇ ਸ਼ੁਰੂ ਹੋਏ ਜੂਡੋ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਖਿਡਾਰੀ ਰਘੂ ਮਹਿਰਾ ਨੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਉਸਦੇ ਕੋਚ ਰਵੀ ਕੁਮਾਰ ਅਨੁਸਾਰ ਦੇਸ਼ ਦੇ ਚੋਟੀ ਦੇ 16 ਖਿਡਾਰੀਆਂ ਦੇ ਮੁਕਾਬਲਿਆਂ ਵਿੱਚ ਤੀਜੇ ਸਥਾਨ ਤੇ ਆਉਣਾ ਸੈਂਟਰ ਦੀ ਵੱਡੀ ਪ੍ਰਾਪਤੀ ਹੈ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਵਲੋਂ ਪੰਜਾਬ ਦਾ ਨਾਮ ਰੌਸ਼ਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਰਘੂ ਮਹਿਰਾ ਦਾ ਸਾਲ 2024-25 ਦਾ ਤੀਜਾ ਮੈਡਲ ਹੈ ਪਿਛਲੇ ਦੋ ਸਾਲਾਂ ਵਿਚ ਰਘੂ ਮਹਿਰਾ ਰਾਸ਼ਟਰੀ ਪੱਧਰ ਤੇ ਲਗਾਤਾਰ ਮੈਡਲ ਜਿੱਤ ਰਿਹਾ ਹੈ। ਗੋਲਡਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੀ ਬਾਰਵੀਂ ਜਮਾਤ ਦਾ ਵਿਦਿਆਰਥੀ ਪਿਤਾ ਦੀ ਮੌਤ ਤੋਂ ਬਾਅਦ ਲਗਾਤਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ। ਪਰ ਉਸਦੀ ਮਾਂ ਟਿਊਸ਼ਨਾਂ ਪੜ੍ਹਾ ਕੇ ਉਸਦੀ ਖੁਰਾਕ ਦਾ ਪ੍ਰਬੰਧ ਕਰਦੀ ਹੈ।
ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਜਰਨਲ ਸਕੱਤਰ ਸੁਰਿੰਦਰ ਕੁਮਾਰ ਜਲੰਧਰ, ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਗੁਰਦਾਸਪੁਰ ਦੇ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ, ਡਾਕਟਰ ਰਵਿੰਦਰ ਸਿੰਘ, ਅਤੁਲ ਕੁਮਾਰ, ਡੀ ਐਸ ਪੀ ਰਾਜ ਕੁਮਾਰ ਸ਼ਰਮਾ, ਡੀ ਐਸ ਪੀ ਕਪਿਲ ਕੌਸਲ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਇੰਸਪੈਕਟਰ ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ, ਦਿਨੇਸ਼ ਕੁਮਾਰ ਜੂਡੋ ਕੋਚ, ਮੈਡਮ ਅਨੀਤਾ ਕੁਮਾਰੀ ਨੇ ਮੈਡਲ ਜੇਤੂ ਖਿਡਾਰੀ ਨੂੰ ਵਧਾਈ ਦਿੱਤੀ ਹੈ। ਆਸ ਪ੍ਰਗਟਾਈ ਹੈ ਕਿ ਦੂਜੇ ਖਿਡਾਰੀ ਵੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।