ਪਾਰਕਿੰਸਨਸ ਰੋਗ ਦੇ ਇਲਾਜ ਦੇ ਨਵੇਂ ਤਰੀਕੇ: ਨਿਊਰੋਲੋਜਿਸਟ ਨੇ ਜੈਨੇਟਿਕਸ, ਖੁਰਾਕ ਅਤੇ ਆਧੁਨਿਕ ਇਲਾਜ ਦੀ ਮਹੱਤਤਾ ’ਤੇ ਦਿੱਤਾ ਜ਼ੋਰ
ਹਰਜਿੰਦਰ ਸਿੰਘ ਭੱਟੀ
- ਪਾਰਕਿੰਸਨਸ ਇੱਕ ਨਿਊਰੋਲੌਜੀਕਲ ਬਿਮਾਰੀ ਹੈ, ਜਿਸ ਵਿੱਚ ਕੰਬਣੀ, ਸਰੀਰ ਵਿੱਚ ਅਕੜਾਅ, ਗਤੀ ਵਿੱਚ ਕਮੀ, ਨੀਂਦ ਦੀਆਂ ਸਮੱਸਿਆਵਾਂ ਅਤੇ ਡਿਪ੍ਰੈਸ਼ਨ ਵਰਗੇ ਲੱਛਣ ਹੁੰਦੇ ਹਨ
ਚੰਡੀਗੜ੍ਹ, 11 ਅਪ੍ਰੈਲ, 2025: ਫੋਰਟਿਸ ਹਸਪਤਾਲ, ਮੋਹਾਲੀ ਦੇ ਪ੍ਰਮੁੱਖ ਨਿਊਰੋਲੋਜਿਸਟਾਂ ਨੇ ਪਾਰਕਿੰਸਨਸ ਬਿਮਾਰੀ ਦੇ ਇਲਾਜ ਲਈ ਇੱਕ ਸੰਪੂਰਨ ਅਤੇ ਵਿਅਕਤੀਗਤ ਪਹੁੰਚ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੈਨੇਟਿਕਸ, ਪੋਸ਼ਣ (ਖੁਰਾਕ) ਅਤੇ ਉੱਨਤ ਸਰਜਰੀ ਦੇ ਖੇਤਰਾਂ ਵਿੱਚ ਨਵੇਂ ਵਿਕਾਸ ਇਸ ਬਿਮਾਰੀ ਦੇ ਇਲਾਜ ਵਿੱਚ ਸੁਧਾਰ ਕਰ ਰਹੇ ਹਨ। ਡਾਕਟਰਾਂ ਨੇ ਇਹ ਵੀ ਕਿਹਾ ਕਿ ਜੈਨੇਟਿਕ ਟੈਸਟਿੰਗ, ਮਿਲੇਟਸ (ਬਾਜਰਾ) ਅਧਾਰਿਤ ਖੁਰਾਕ ਅਤੇ ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਵਰਗੀਆਂ ਤਕਨੀਕਾਂ ਹੁਣ ਮਰੀਜ਼ਾਂ ਦੀ ਦੇਖਭਾਲ ਅਤੇ ਲੱਛਣਾਂ ਦੇ ਕੰਟਰੋਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਵਿਸ਼ਵ ਪਾਰਕਿੰਸਨਸ ਦਿਵਸ ਦੇ ਮੌਕੇ ’ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਡਾਕਟਰਾਂ ਦੀ ਟੀਮ - ਡਾ. ਸੁਦੇਸ਼ ਪ੍ਰਭਾਕਰ, ਨਿਊਰੋਲੋਜੀ ਦੇ ਡਾਇਰੈਕਟਰ; ਡਾ. ਅਨੁਪਮ ਜਿੰਦਲ, ਐਡੀਸ਼ਨਲ ਡਾਇਰੈਕਟਰ, ਨਿਊਰੋਸਰਜਰੀ; ਡਾ. ਨਿਸ਼ਿਤ ਸਾਵਲ, ਸੀਨੀਅਰ ਕੰਸਲਟੈਂਟ, ਨਿਊਰੋਲੋਜੀ; ਅਤੇ ਡਾ. ਰਵਨੀਤ ਕੌਰ, ਐਸੋਸੀਏਟ ਕੰਸਲਟੈਂਟ, ਮੈਡੀਕਲ ਜੈਨੇਟਿਕਸ ਨੇ ਪਾਰਕਿੰਸਨਸ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਵੱਖ-ਵੱਖ ਇਲਾਜ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਡਾ. ਸੁਦੇਸ਼ ਪ੍ਰਭਾਕਰ ਨੇ ਕਿਹਾ ਕਿ ਇਹ ਬਿਮਾਰੀ ਆਮ ਤੌਰ ’ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ, ਪਰ ਕਈ ਵਾਰ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਇਸ ਦੇ ਮੁੱਖ ਲੱਛਣ - ਕੰਬਣੀ, ਸਰੀਰ ਵਿੱਚ ਅਕੜਾਅ, ਗਤੀ ਵਿੱਚ ਕਮੀ, ਲਿਖਣ ਅਤੇ ਬੋਲਣ ਵਿੱਚ ਮੁਸ਼ਕਿਲ ਹਨ। ਇਸ ਤੋਂ ਇਲਾਵਾ ਨੀਂਦ ਨਾ ਆਉਣਾ ਅਤੇ ਡਿਪਰੈਸ਼ਨ ਵਰਗੇ ਲੱਛਣ ਵੀ ਦੇਖੇ ਜਾਂਦੇ ਹਨ। ਕੱੁਝ ਲੱਛਣਾਂ ਵਿੱਚ ਗੰਭੀਰ ਕਬਜ਼ ਵੀ ਸ਼ਾਮਿਲ ਹੋ ਸਕਦੀ ਹੈ, ਜੋ ਕਿ ਪਾਰਕਿੰਸਨਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ।
ਪਾਰਕਿੰਸਨਸ ਰੋਗ ਦੇ ਇਲਾਜ ਵਿੱਚ ਤਰਲ ਐਲ-ਡੋਪਾ ਫੌਰਮੇਸ਼ੰਨਸ ਅਤੇ ਮਿਲੇਟਸ ਅਧਾਰਿਤ ਖੁਰਾਕ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡਾ. ਨਿਸ਼ਿਤ ਸਾਵਲ ਨੇ ਕਿਹਾ ਕਿ ਐਲ-ਡੋਪਾ, ਜੋ ਕਿ ਪਾਰਕਿੰਸਨਸ ਰੋਗ ਲਈ ਮੁੱਖ ਦਵਾਈ ਹੈ, ਨੂੰ ਐਲਸੀਏਐਸ ਫਾਰਮੂਲੇਸ਼ਨ (ਤਰਲ ਕਾਰਬਿਡੋਪਾ ਐਸਕੋਰਬਿਕ ਐਸਿਡ ਸੋਲਿਊਸ਼ਨ) ਦੇ ਰੂਪ ਵਿੱਚ ਦੇਣ ਨਾਲ ਇਸਦਾ ਦਾ ਸੋਖਣ ਕਈ ਗੁਣਾ ਵੱਧ ਜਾਂਦਾ ਹੈ। ਇਹ ਖਾਸ ਤੌਰ ’ਤੇ ਉੱਨਤ ਬਿਮਾਰੀ ਦੇ ਮਾਮਲਿਆਂ ਵਿੱਚ ਲਾਭਦਾਇਕ ਹੈ, ਜਦੋਂ ਗੋਲੀਆਂ ਘੱਟ ਪ੍ਰਭਾਵਸ਼ਾਲੀ ਹੋ ਜਾਂਦੀਆਂ ਹਨ ਅਤੇ ਪ੍ਰਭਾਵ ਦੀ ਮਿਆਦ ਘੱਟ ਹੁੰਦੀ ਹੈ ਅਤੇ ਉਹਨਾਂ ਮਰੀਜ਼ਾਂ ਲਈ ਵੀ ਜੋ ਡੀਪ ਬ੍ਰੇਨ ਸਟਿਮੂਲੇਸ਼ਨ ਸਰਜਰੀ ਨਹੀਂ ਕਰਵਾਉਣਾ ਚਾਹੁੰਦੇ। ਮਿਲੇਟਸ ਅਧਾਰਿਤ ਖੁਰਾਕ ਐਲ-ਡੋਪਾ ਦੇ ਸੋਖਣ ਨੂੰ ਵਧਾਉਂਦੀ ਹੈ, ਕਿਉਂਕਿ ਉਹਨਾਂ ਵਿੱਚ ਆਮ ਅਨਾਜਾਂ ਨਾਲੋਂ ਘੱਟ ਮੁਕਾਬਲੇ ਵਾਲੇ ਅਮੀਨੋ ਐਸਿਡ ਹੁੰਦੇ ਹਨ। ‘ਫ੍ਰੀਜ਼ਿੰਗ ਆਫ਼ ਗੇਟ’ (ਐਫਓਜੀ) ਇੱਕ ਅਜਿਹਾ ਲੱਛਣ ਹੈ, ਜੋ ਦਵਾਈਆਂ ਜਾਂ ਡੀਬੀਐਸ ਨਾਲ ਠੀਕ ਨਹੀਂ ਹੁੰਦਾ। ਫੋਰਟਿਸ ਹਸਪਤਾਲ, ਮੋਹਾਲੀ ਨੇ ਹੁਣ ਡੀਪ ਟੀਐਮਐਸ (ਟਰਾਂਸਕ੍ਰੈਨੀਅਲ ਮੈਗਨੈਟਿਕ ਸਟੀਮੂਲੇਸ਼ਨ) ਤਕਨੀਕ ਅਪਣਾਈ ਹੈ, ਜੋ ਕੁੱਝ ਹੱਦ ਤੱਕ ਐਫਓਜੀ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ, ਐਮਆਰਆਈ-ਗਾਈਡਡ ਫੋਕਸਡ ਅਲਟਰਾਸਾਊਂਡ ਸਰਜਰੀ, ਭਾਵੇਂ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਪ੍ਰਚਾਰਿਤ ਹੈ, ਇੱਕ ਗੈਰ-ਪ੍ਰਵਾਨਿਤ ਪ੍ਰਯੋਗਾਤਮਕ ਵਿਧੀ ਹੈ ਅਤੇ ਹਾਲੇ ਤੱਕ ਸਾਬਤ ਨਹੀਂ ਹੋਈ ਹੈ।
ਪਾਰਕਿੰਸਨਸ ਰੋਗ ਵਿੱਚ ਜੈਨੇਟਿਕਸ ਦੀ ਭੂਮਿਕਾ ਬਾਰੇ ਚਰਚਾ ਕਰਦੇ ਹੋਏ, ਡਾ. ਰਵਨੀਤ ਕੌਰ ਨੇ ਕਿਹਾ ਕਿ ਕੁੱਝ ਵਿਸ਼ੇਸ਼ ਜੀਨਾਂ ਵਿੱਚ ਬਦਲਾਅ (ਮਿਊਟੇਸ਼ਨ) ਪਾਰਕਿੰਸਨਸ ਰੋਗ ਦੇ ਵਿਕਾਸ ਦੇ ਜੋਖਮ ਨੂੰ ਵਧਾ ਸਕਦੇ ਹਨ, ਖਾਸ ਕਰਕੇ ਜਦੋਂ ਇਸ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੋਵੇ। ਵਧਦੀ ਜਾਗਰੂਕਤਾ ਅਤੇ ਜੈਨੇਟਿਕ ਟੈਸਟਿੰਗ ਦੀ ਉਪਲੱਬਧਤਾ ਦੇ ਨਾਲ, ਲੋਕ ਹੁਣ ਆਪਣੇ ਖ਼ਾਨਦਾਨੀ ਜੋਖਮ ਨੂੰ ਸਮਝ ਸਕਦੇ ਹਨ ਕਿ ਉਹਨਾਂ ਨੂੰ ਇਹ ਸਿਹਤ ਸਮੱਸਿਆ ਹੋ ਸਕਦੀ ਹੈ। ਇਹ ਸਿਹਤ ਪ੍ਰਬੰਧਨ ਅਤੇ ਪਰਿਵਾਰ ਨਿਯੋਜਨ ਲਈ ਮਹੱਤਵਪੂਰਨ ਹੈ।
ਪਾਰਕਿੰਸਨਸ ਰੋਗ ਦੇ ਇਲਾਜ ਦੇ ਵਿਕਲਪਾਂ ’ਤੇ ਚਾਨਣਾ ਪਾਉਂਦੇ ਹੋਏ, ਡਾ. ਅਨੁਪਮ ਜਿੰਦਲ ਨੇ ਕਿਹਾ ਕਿ ਪਾਰਕਿੰਸਨਸ ਰੋਗ ਦਾ ਸਰਜੀਕਲ ਇਲਾਜ ਆਮ ਤੌਰ ’ਤੇ ਉਦੋਂ ਕੀਤਾ ਜਾਂਦਾ ਹੈ, ਜਦੋਂ ਮਰੀਜ਼ ਨੂੰ ਇਸ ਬਿਮਾਰੀ ਦਾ ਪਤਾ ਲੱਗਿਆਂ ਘੱਟੋ-ਘੱਟ ਦੋ ਸਾਲ ਹੋ ਗਏ ਹੋਣ। ਇਸਦੇ ਲਈ ਦੋ ਤਰ੍ਹਾਂ ਦੇ ਇਲਾਜ ਉਪਲੱਬਧ ਹਨ। ਪਹਿਲਾ ਡੀਪ ਬ੍ਰੇਨ ਸਟੀਮੂਲੇਸ਼ਨ (ਡੀਬੀਐਸ) ਹੈ, ਜਿਸ ਵਿੱਚ ਦੋ ਪਤਲੇ ਇਲੈਕਟਰੋਡ ਦਿਮਾਗ ਵਿੱਚ ਪਾਏ ਜਾਂਦੇ ਹਨ ਅਤੇ ਛਾਤੀ ਵਿੱਚ ਰੱਖੀ ਗਈ ਬੈਟਰੀ ਨਾਲ ਜੁੜੇ ਹੁੰਦੇ ਹਨ। ਇਹ ਇੱਕ ਉਤੇਜਕ ਪ੍ਰਕਿਰਿਆ ਹੈ, ਜੋ ਮਰੀਜ਼ ਦੀ ਕੁਸ਼ਲਤਾ ਨੂੰ ਵਧਾਉਂਦੀ ਹੈ। ਇਹ ਪ੍ਰਕਿਰਿਆ ਕੰਬਣ, ਤੁਰਨ ਦੀ ਸਮਰੱਥਾ ਨੂੰ ਵਧੀਆ ਬਣਾਉਂਦੀ ਹੈ ਅਤੇ ਦਵਾਈਆਂ ਦੇ ਮਾੜੇ ਪ੍ਰਭਾਵਾਂ ਨੂੰ ਵੀ ਘਟਾਉਂਦੀ ਹੈ। ਦੂਜੀ ਇੱਕ ਅਬਲੇਟਿਵ ਜਾਂ ਡਿਸਟ੍ਰਕਟਿਵ ਪ੍ਰਕਿਰਿਆ ਹੈ, ਜਿਸਨੂੰ ਪੈਲੀਡੋਟੋਮੀ ਕਿਹਾ ਜਾਂਦਾ ਹੈ। ਇਹ ਆਮ ਤੌਰ ’ਤੇ ਇੱਕ ਸਟੇਜ (ਇੱਕ ਸਮੇਂ ਇੱਕ ਪਾਸੇ) ਵਿੱਚ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਕੋਈ ਇਮਪਲਾਂਟ ਨਹੀਂ ਲਗਾਇਆ ਜਾਂਦਾ। ਇਸ ਸ਼੍ਰੇਣੀ ਵਿੱਚ ਦੂਜੀ ਪ੍ਰਕਿਰਿਆ ਥੈਲਾਮੋਟੋਮੀ ਹੈ, ਜੋ ਕਿ ਖਾਸ ਤੌਰ ’ਤੇ ਸਿਰਫ਼ ਕੰਬਣ ਦੇ ਇਲਾਜ ਲਈ ਵਰਤੀ ਜਾਂਦੀ ਹੈ।