ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਵੱਲੋਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੇ ਜੂਨ ਚੁਰਾਸੀ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ, ਭਾਸ਼ਨ ਤੇ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ/ ਬਾਬੂਸ਼ਾਹੀ ਬਿਊਰੋ
ਫ਼ਤਹਿਗੜ੍ਹ ਸਾਹਿਬ 14 ਜੂਨ 2026:- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਸੀਨੀਅਰ. ਸੈ.ਪਬਲਿਕ ਸਕੂਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਮੌਕੇ ਰੰਗਕਰਮੀ ਤੇ ਲੇਖਕ ਸੰਜੀਵਨ ਸਿੰਘ ਜੋ ਉੱਘੇ ਲੇਖਕ ਸੰਤੋਖ ਸਿੰਘ ਧੀਰ ਦੇ ਭਤੀਜੇ ਅਤੇ ਨਾਮਵਰ ਵਕੀਲ ਤੇ ਲੇਖਕ ਰਿਪੁਦਮਨ ਸਿੰਘ ਰੂਪ ਦੇ ਸਪੁੱਤਰ ਹਨ ਉਚੇਚੇ ਤੌਰ 'ਤੇ ਆਪਣੇ ਨਜ਼ਦੀਕੀ ਦੋਸਤ ਡਾ. ਜਸਵੰਤ ਸਿੰਘ ਮੈਡੀਕਲ ਅਫ਼ਸਰ ਨਾਲ ਪੁੱਜੇ। ਜ਼ਿਲ੍ਹਾ ਲਿਖਾਰੀ ਸਭਾ ਖੰਨਾ ਦੇ ਕੋਆਰਡੀਨੇਟਰ ਸਨੇਹਇੰਦਰ ਮੀਲੂ ਨੇ ਪੁੱਜਕੇ ਸਭਾ ਦਾ ਮਾਣ ਵਧਾਇਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਨਾਲ ਸਭਾ ਦੇ ਸਰਪ੍ਰਸਤ ਲਾਲ ਮਿਸਤਰੀ, ਰੰਗਕਰਮੀ ਸੰਜੀਵਨ ਸਿੰਘ ਤੇ ਡਾ. ਜਸਵੰਤ ਸਿੰਘ ਸ਼ਾਮਲ ਹੋਏ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਆਏ ਸਾਹਿਤਕਾਰਾਂ ਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਪਰੰਤ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੇ ਵੀ ਹਾਜ਼ਰੀਨ ਨੂੰ ਖੁਸ਼ ਆਮਦੀਦ ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਸ਼ਹੀਦਾਂ ਨੂੰ ਸਮਰਪਿਤ ਇਨ੍ਹਾਂ ਸ਼ਿਅਰਾਂ ਨਾਲ ਕੀਤੀ :-
ਸਾਨੂੰ ਮਿਲੀ ਸ਼ਹਾਦਤ ਗੁੜ੍ਹਤੀਆਂ' ਚੋਂ ਹੈ ਬੰਦ ਬੰਦ ਕਟਾਉਣ ਦੀ ਜਾਚ ਸਾਨੂੰ ,
ਤੱਤੀ ਤਵੀ ਤੇ ਉਬਲਦੀ ਦੇਗ ਦੇ ਨਾਲ ਲਹਿੰਦੀ ਖੋਪੜੀ ਦੀ ਯਾਦ ਹੈ ਬਾਤ ਸਾਨੂੰ।
ਆਏ ਲੇਖਕਾਂ ਅਮਰਬੀਰ ਸਿੰਘ ਚੀਮਾਂ, ਸਿਮਰਨਜੀਤ ਸਿੰਘ, ਅਜਮੇਰ ਸਿੰਘ ਮਾਨ, ਅਵਤਾਰ ਸਿੰਘ ਪੁਆਰ, ਬਚਨ ਸਿੰਘ ਗੁਰਮ, ਸੁਖਵੰਤ ਸਿੰਘ ਭੱਟੀ, ਲਾਲ ਮਿਸਤਰੀ ਗੁਰਪ੍ਰੀਤ ਸਿੰਘ ਬੀੜ ਕਿਸ਼ਨ ,ਪ੍ਰੇਮ ਲਤਾ, ਮੇਜਰ ਸਿੰਘ, ਤਵਿੰਦਰ ਸਿੰਘ ਚੱਢਾ, ਸਾਧੂ ਸਿੰਘ ਪਨਾਗ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਕਮਲਜੀਤ ਸਿੰਘ ਡਡਹੇੜੀ ਨੇ ਵੀ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਪਰਮਜੀਤ ਕੌਰ ਸਰਹਿੰਦ ਤੇ ਸਨੇਹਇੰਦਰ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਜੂਨ ਚੁਰਾਸੀ ਵਾਰੇ ਭਾਸ਼ਨ ਰੂਪ ਵਿੱਚ ਇਤਿਹਾਸਕ ਤੱਥ ਪੇਸ਼ ਕੀਤੇ।
ਸੰਜੀਵਨ ਸਿੰਘ ਨੇ ਆਪਣੇ ਪਿਤਾ ਰਿਪੁਦਮਨ ਸਿੰਘ ਰੂਪ ਦੇ ਸਦੀਵੀ ਵਿਛੋੜੇ ਸਮੇਂ ਸਭਾ ਵੱਲੋਂ ਪ੍ਰਗਟਾਈ ਹਮਦਰਦੀ ਲਈ ਧੰਨਵਾਦ ਕੀਤਾ ਤੇ ਆਪਣੇ ਪਰਿਵਾਰ ਅਤੇ ਸਾਹਿਤਕ ਪੱਖ ਬਾਰੇ ਚਰਚਾ ਕੀਤੀ ਅਤੇ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀਆਂ ਪ੍ਰਾਪਤੀਆਂ ਅਤੇ ਸਦਾ ਕਾਰਜਸ਼ੀਲ ਰਹਿਣ ਲਈ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸੰਜੀਵਨ ਸਿੰਘ ਨੇ ਉੱਚ ਪਾਏ ਦੇ ਨਾਟਕ ਲਿਖੇ ਤੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਆਈ.ਸੀ.ਨੰਦਾ ਐਵਾਰਡ ਪ੍ਰਾਪਤ ਕੀਤਾ। ਮੌਜੂਦਾ ਸਮੇਂ ਉਹ ਇਨ੍ਹਾਂ( ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੇ ਪ੍ਰਧਾਨ ਹਨ। ਇਹ ਹੋਣਹਾਰ ਨੌਜਵਾਨ, ਰੰਗਮੰਚ ਦੀ ਸਰਘੀ ਸੰਸਥਾ ਦਾ ਸੰਚਾਲਕ ਵੀ ਹੈ। ਉਨ੍ਹਾਂ ਦੇ ਦਾਦਾ ਜੀ ਤੋਂ ਲੈ ਕੇ ਹੁਣ ਤੱਕ ਚਾਰ ਪੀੜ੍ਹੀਆਂ ਸਾਹਿਤ ਨਾਲ ਜੁੜੀਆਂ ਹੋਈਆਂ ਹਨ। ਸਾਹਿਤਕ ਤੋਂ ਇਲਾਵਾ ਇਨ੍ਹਾਂ ਦੇ ਪਰਿਵਾਰ ਵਿੱਚ ਵੱਡਾ ਗੁਣ ਇਹ ਹੈ ਕਿ ਇਹ ਸਾਰਾ ਪਰਿਵਾਰ ਪ੍ਰੇਮ-ਪਿਆਰ ਤੇ ਮਿਲਵਰਤਣ ਵਾਲ਼ਾ ਹੈ। ਡਾ.ਜਸਵੰਤ ਸਿੰਘ ਮੈਡੀਕਲ ਅਫ਼ਸਰ ਨੇ ਕਿਹਾ ਕਿ ਲਿਖਾਰੀ ਸਭਾ ਵਿੱਚ ਆ ਕੇ ਅਨੋਖੀ ਅਪਣੱਤ ਮਹਿਸੂਸ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਵੀ ਸਾਹਿਤ ਨਾਲ ਜੋੜਨਾ ਜ਼ਰੂਰੀ ਹੈ। ਡਾ. ਜਸਵੰਤ ਸਿੰਘ ਵੀ ਸਾਹਿਤਕ ਮੱਸ ਰੱਖਦੇ ਹਨ। ਮੈਡੀਕਲ ਦੀਆਂ ਚੰਗੀਆਂ ਸੇਵਾਵਾਂ ਬਦਲੇ ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਨਸ਼ਿਆਂ ਵਿਰੁੱਧ ਤੇ ਐਂਟੀ ਕਰੱਪਸ਼ਨ ਸੰਸਥਾਵਾਂ ਦੇ ਮੋਢੀ ਵੱਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਲੇਖਕਾਂ ਤੋਂ ਇਲਾਵਾ ਸਾਹਿਤਕ ਪ੍ਰੇਮੀ ਹਰਪ੍ਰੀਤ ਸਿੰਘ ਸਮਰਾਲਾ, ਲਖਵੀਰ ਸਿੰਘ ਖਾਲਸਪੁਰ , ਰੰਗਕਰਮੀ ਗੁਰਪ੍ਰੀਤ ਸਿੰਘ ਬਰਗਾੜੀ, ਕਮਲਜੋਤ ਸਿੰਘ ਮੱਟੂ ਤੇ ਜਸ਼ਨ ਮੱਟੂ ਵੀ ਹਾਜ਼ਰ ਰਹੇ। ਸਮੁੱਚੇ ਸਮਾਗਮ ਦੀ ਦੇਖ-ਰੇਖ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ, ਜਸ਼ਨ ਮੱਟੂ ਤੇ ਕਮਲਜੋਤ ਸਿੰਘ ਮੱਟੂ ਅਤੇ ਸਿਮਰਨਜੀਤ ਸਿੰਘ ਨੇ ਬਹੁਤ ਜਿੰਮੇਵਾਰੀ ਨਾਲ ਕੀਤੀ। ਸਭਾ ਵੱਲੋਂ ਰੰਗਕਰਮੀ ਸੰਜੀਵਨ ਸਿੰਘ, ਡਾ. ਜਸਵੰਤ ਸਿੰਘ ਤੇ ਸਨੇਹਇੰਦਰ ਮੀਲੂ ਨੂੰ ਸਭਾ ਦੀਆਂ ਸਾਂਝੀਆਂ ਅਤੇ ਪਰਮਜੀਤ ਕੌਰ ਸਰਹਿੰਦ ਦੀਆਂ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਅਖ਼ੀਰ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਪ੍ਰਧਾਨਗੀ ਭਾਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਅਦਾਰਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਸੀ. ਸੈਂ. ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਅਮਰਿੰਦਰ ਸਿੰਘ ਲਿਬੜਾ, ਪ੍ਰਿੰਸੀਪਲ ਅਰਸ਼ਦੀਪ ਕੌਰ ਤੇ ਸਾਰੇ ਮੈਂਬਰਾਂ ਦਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਾਹਿਤਕ ਤੇ ਧਾਰਮਿਕ ਸਮਾਗਮ ਲਈ ਇਕੱਠੇ ਹੋਣ ਲਈ ਸਥਾਨ ਮੁਹੱਈਆ ਕਰਵਾਕੇ ਉਨ੍ਹਾਂ ਨੇ ਸਾਹਿਤਕਾਰਾਂ ਦੇ ਮਨਾਂ ਵਿੱਚ ਆਪਣਾ ਪਹਿਲਾਂ ਨਾਲੋਂ ਵੀ ਵੱਧ ਆਦਰਯੋਗ ਸਥਾਨ ਬਣਾ ਲਿਆ ਹੈ। ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਤਕ ਭਾਈਚਾਰੇ ਦੇ ਪ੍ਰੇਮ ਇਤਫ਼ਾਕ ਸਦਕਾ ਹੀ ਇਹ ਸਭਾ ਸਾਹਿਤਕ ਸਫ਼ਾਂ ਵਿੱਚ ਆਪਣਾ ਚੰਗਾ ਨਾਂ ਬਣਾ ਸਕੀ ਹੈ।