ਅੰਮ੍ਰਿਤਸਰ 'ਚ 'ਕਾਕਰੋਚ ਜਨਤਾ ਪਾਰਟੀ' ਵੱਲੋਂ ਰੋਸ ਪ੍ਰਦਰਸ਼ਨ; ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
ਪਾਰਟੀ ਦੇ ਸੰਸਥਾਪਕ ਅਭੀਜੀਤ ਦਿਪਕੇ ਨੇ ਕੇਂਦਰ ਸਰਕਾਰ 'ਤੇ ਲਾਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਨ ਦੇ ਆਰੋਪ
ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਇਕੱਠੇ ਹੋਏ ਵਿਦਿਆਰਥੀ ਤੇ ਕਾਰਕੁਨ; ਪੁਲਿਸ ਦੀ ਨਿਗਰਾਨੀ ਹੇਠ ਹੋਇਆ ਪ੍ਰਦਰਸ਼ਨ
ਮੰਗਾਂ ਨਾ ਮੰਨਣ 'ਤੇ ਇਸੇ ਮਹੀਨੇ ਦੇ ਅਖੀਰ ਵਿੱਚ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਚੇਤਾਵਨੀ
Babushahi Network
ਅੰਮ੍ਰਿਤਸਰ, 13 ਜੂਨ 2026- ਅੰਮ੍ਰਿਤਸਰ ਦੇ 'ਗੋਲਡਨ ਗੇਟ' ਵਿਖੇ ਸ਼ਨੀਵਾਰ ਨੂੰ 'ਕਾਕਰੋਚ ਜਨਤਾ ਪਾਰਟੀ' (CJP) ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਪਾਰਟੀ ਦੇ ਸੰਸਥਾਪਕ ਅਭੀਜੀਤ ਦਿਪਕੇ ਨੇ ਕੇਂਦਰ ਸਰਕਾਰ 'ਤੇ ਵਿਦਿਆਰਥੀਆਂ ਦੇ ਮਸਲਿਆਂ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦੇ ਗੰਭੀਰ ਆਰੋਪ ਲਾਏ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਤੁਰੰਤ ਅਸਤੀਫ਼ੇ ਦੀ ਮੰਗ ਵੀ ਕੀਤੀ।
ਇਕੱਠੇ ਹੋਏ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਭੀਜੀਤ ਦਿਪਕੇ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਕਈ ਵੱਡੀਆਂ ਖ਼ਾਮੀਆਂ ਹਨ ਅਤੇ ਪੜ੍ਹਾਈ ਦੇ ਲਗਾਤਾਰ ਵੱਧ ਰਹੇ ਬੋਝ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋਣ ਅਤੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰਨ। ਗੋਲਡਨ ਗੇਟ 'ਤੇ ਹੋਏ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਸਮਾਜਿਕ ਕਾਰਕੁਨ ਸ਼ਾਮਲ ਹੋਏ। ਸੁਰੱਖਿਆ ਦੇ ਲਿਹਾਜ਼ ਨਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਇਹ ਪ੍ਰਦਰਸ਼ਨ ਪੁਲਿਸ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਿਆ।
ਦਿਪਕੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਦਿਆਰਥੀਆਂ ਨਾਲ ਜੁੜੇ ਮਸਲਿਆਂ 'ਤੇ ਜਲਦ ਕੋਈ ਠੋਸ ਕਦਮ ਨਾ ਚੁੱਕੇ ਗਏ, ਤਾਂ ਪਾਰਟੀ ਵੱਲੋਂ ਇਸੇ ਮਹੀਨੇ ਦੇ ਅਖੀਰ ਵਿੱਚ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਦੇਸ਼ ਵਿਆਪੀ ਅੰਦੋਲਨ ਉਲੀਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਕਾਰਨ 'ਕਾਕਰੋਚ ਜਨਤਾ ਪਾਰਟੀ' (CJP) ਦੀਆਂ ਸਿਆਸੀ ਗਤੀਵਿਧੀਆਂ ਵੱਲ ਲੋਕਾਂ ਦਾ ਧਿਆਨ ਲਗਾਤਾਰ ਖਿੱਚਿਆ ਜਾ ਰਿਹਾ ਹੈ।
- Download Babushahi App
-
-