ਨਗਰ ਨਿਗਮ-ਨਗਰ ਕੌਂਸਲ- ਨਗਰ ਪੰਚਾਇਤ ਚੋਣਾਂ : ਡੀਸੀ ਅਤੇ ਐੱਸ ਐੱਸ ਪੀ ਵੱਲੋਂ ਪ੍ਰਬੰਧਾਂ ਦਾ ਜਾਇਜਾ
-*ਸਟਰਾਂਗ ਰੂਮਾਂ, ਪੋਲਿੰਗ ਬੂਥਾਂ, ਗਿਣਤੀ ਕੇਂਦਰਾਂ ਦਾ ਕੀਤਾ ਦੌਰਾ*
-*ਸਬੰਧਤ ਰਿਟਰਨਿੰਗ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
-*ਨਗਰ ਨਿਗਮ ਬਠਿੰਡਾ ਸਮੇਤ 6 ਨਗਰ ਕੌਂਸਲ ਅਤੇ 8 ਨਗਰ ਪੰਚਾਇਤਾਂ ਲਈ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ : ਜ਼ਿਲ੍ਹਾ ਚੋਣ ਅਫ਼ਸਰ*
-*387 ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ*
-*1600 ਪੁਲਿਸ ਕਰਮੀ, 1930 ਚੋਣ ਅਮਲਾ ਕਰਵਾਏਗਾ ਚੋਣਾਂ*
ਅਸ਼ੋਕ ਵਰਮਾ
ਬਠਿੰਡਾ, 25 ਮਈ 2026 : ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ 2026 ਦੇ ਮੱਦੇਨਜ਼ਰ ਸ਼੍ਰੀ ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਜਯੋਤੀ ਯਾਦਵ ਬੈਂਸ ਨੇ ਅੱਜ ਜ਼ਿਲ੍ਹਾ ਬਠਿੰਡਾ ਦਾ ਦੌਰਾ ਕਰਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰੀ ਦਸਮੇਸ਼ ਸਕੂਲ, ਤਲਵੰਡੀ ਸਾਬੋ ਦਾ ਦੌਰਾ ਕੀਤਾ ਜਿੱਥੇ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਨਿਰੀਖਣ ਕੀਤਾ। ਇਸ ਮਗਰੋਂ ਉਨ੍ਹਾਂ ਪੈਸਕੋ ਬਠਿੰਡਾ ਵਿਖੇ ਸਥਿਤ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦੇ ਨਿਰੀਖਣ ਤੋਂ ਇਲਾਵਾ ਵੱਖ-ਵੱਖ ਚੋਣ ਬੂਥਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸ਼੍ਰੀ ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਵੋਟਾਂ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਕੁੱਲ 387 ਪੋਲਿੰਗ ਪਾਰਟੀਆਂ ਅੱਜ 387 ਪੋਲਿੰਗ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ। ਇਨ੍ਹਾਂ ਵਿੱਚ ਕੁਲ 1930 ਕਰਮਚਾਰੀ ਤੈਨਾਤ ਹਨ। ਉਨ੍ਹਾਂ ਸਮੂਹ ਵੋਟਰਾਂ, ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਸ ਪ੍ਰਕਿਰਿਆ ਨੂੰ ਨਿਰਪੱਖ ਤਰੀਕੇ ਅਤੇ ਅਮਨ-ਅਮਾਨ ਨਾਲ ਸਿਰੇ ਚੜ੍ਹਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਵਿੱਚ 1118 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ਵਿੱਚੋਂ 82 ਨਾਮਜ਼ਦਗੀਆਂ ਵੱਖ-ਵੱਖ ਕਾਰਨਾਂ ਕਰਕੇ ਰੱਦ ਪਾਈਆਂ ਗਈਆਂ, 227 ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਅਤੇ 14 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਅਤੇ ਹੁਣ 210 ਵਾਰਡਾਂ ਲਈ 795 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਐੱਸ.ਐੱਸ.ਪੀ. ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਚੋਣਾਂ ਨੂੰ ਸੁਚੱਜੇ ਢੰਗ ਨਾਲ ਅਤੇ ਅਮਨ ਕਾਨੂੰਨ ਨਾਲ ਨੇਪਰੇ ਚਾੜ੍ਹਨ ਲਈ 1600 ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਹਰ ਇਕ ਰਿਟਰਨਿੰਗ ਅਫਸਰ ਨਾਲ ਗਜ਼ਟਿਡ ਪੁਲਿਸ ਅਫਸਰ ਅਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਂਦਿਆਂ ਪੁਲਿਸ ਟੀਮਾਂ 24 ਘੰਟੇ ਵੱਖ-ਵੱਖ ਸਥਾਨਾਂ ਉੱਤੇ ਤਾਇਨਾਤ ਹਨ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਥਾਪਤ ਕੀਤੇ ਗਏ ਸਟਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਵਿਖੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਬਾਕਸ ਲਈ ਪ੍ਰਸਤਾਵਤ:
--ਵੋਟਾਂ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ
--387 ਟੀਮਾਂ ਚ 1930 ਚੋਣ ਅਮਲਾ ਤਾਇਨਾਤ
--1600 ਪੁਲਿਸ ਕਰਮੀ ਤਾਇਨਾਤ
--795 ਉਮੀਦਵਾਰ ਮੈਦਾਨ 'ਚ