ਸਪੋਰਟਕਿੰਗ ਫੈਕਟਰੀ ਵਿਖੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਨਾ ਗੈਰ ਸਵਿੰਧਾਨਿਕ -ਜਮਹੂਰੀ ਅਧਿਕਾਰ ਸਭਾ
ਅਸ਼ੋਕ ਵਰਮਾ/ਬਾਬੂਸ਼ਾਹੀ ਬਿਊਰੋ
ਬਠਿੰਡਾ, 27 ਅਪ੍ਰੈਲ 2026 : ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਸਪੋਰਟਕਿੰਗ ਫੈਕਟਰੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਾਮਿਆਂ ਦੀ ਗ੍ਰਿਫਤਾਰੀ ਨੂੰ ਗੈਰ ਸੰਵਿਧਾਨਿਕ ਅਤੇ ਸਰਾਸਰ ਧੱਕਾ ਕਰਾਰ ਦਿੱਤਾ ਹੈ। ਸਭਾ ਆਗੂਆਂ ਨੇ ਕਿਹਾ ਕਿ ਲੇਬਰ ਕਾਨੂੰਨਾਂ ਮੁਤਾਬਕ ਬਣਦੀ ਗੁਜਾਰੇ ਲਾਇਕ ਵਾਜਿਬ ਤਨਖਾਹ ਅਤੇ ਕੰਮ ਦੀਆਂ ਬਿਹਤਰ ਹਾਲਤਾਂ ਤੇ ਸਹੂਲਤਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਪੋਰਟਕਿੰਗ ਫੈਕਟਰੀ ਜੀਦਾ ਦੇ ਕਾਮਿਆਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ l ਫੈਕਟਰੀ ਮਜ਼ਦੂਰ ਅਤੇ ਉਹਨਾਂ ਦੀਆਂ ਭਰਾਤਰੀ ਖੇਤ ਮਜ਼ਦੂਰ ਜਥੇਬੰਦੀਆਂ ਫੈਕਟਰੀ ਦੇ ਬਾਹਰ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੀਆਂ ਸਨ ਤਾਂ ਅੱਜ ਸਵੇਰੇ ਹੀ ਇਹਨਾਂ ਕਾਮਿਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਗਿਣਤੀ ਵਿੱਚ ਨਹੀਆਂ ਵਾਲਾ,ਨੰਦਗੜ ਤੇ ਕਿਲੀ ਨਿਹਾਲ ਸਿੰਘ ਵਾਲਾ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ l ਜਿਹਨਾਂ ਵਿੱਚ ਦੋ ਦਰਜਨ ਦੇ ਕਰੀਬ ਔਰਤਾਂ ਵੀ ਹਨ।
ਸੰਘਰਸ਼ਸ਼ੀਲ ਫੈਕਟਰੀ ਕਾਮਿਆਂ ਦੇ ਕਹਿਣ ਮੁਤਾਬਕ ਉਹਨਾਂ ਤੋਂ 12-12 ਘੰਟੇ ਕੰਮ ਲੈਣ ਦੇ ਬਾਵਜੂਦ ਉਹਨਾਂ ਨੂੰ ਬਹੁਤ ਨਿਗੂਣੀਆ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਜਿਨਾਂ ਨਾਲ ਉਹਨਾਂ ਦਾ ਗੁਜ਼ਾਰਾ ਹੋਣਾ ਬਹੁਤ ਬਹੁਤ ਮੁਸ਼ਕਿਲ ਹੈ l
ਫੈਕਟਰੀ ਦੇ ਅੰਦਰ ਪ੍ਰਦੂਸ਼ਣ ਵੀ ਬਹੁਤ ਹੈ ਅਤੇ ਕੰਮ ਦੀਆਂ ਹਾਲਤਾਂ ਬਹੁਤ ਮਾੜੀਆਂ ਤੇ ਸਖਤ ਹਨ l ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਇਹਨਾਂ ਫੈਕਟਰੀ ਕਾਮਿਆਂ ਨਾਲ ਕੀਤੇ ਜਾ ਇਹ ਧੱਕੇ ਅਤੇ ਅੱਜ ਸਵੇਰੇ ਜਬਰੀ ਕੀਤੀਆਂ ਗਿਰਫਤਾਰੀਆਂ ਦੀ ਸਖਤ ਨਿਖੇਧੀ ਕਰਦੀ ਹੈ। ਸਭਾ ਤੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਮੁਤਾਬਕ ਇਹਨਾਂ ਕਾਮਿਆਂ ਨੂੰ ਇਸ ਤਰ੍ਹਾਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਗ੍ਰਿਫਤਾਰ ਕਰਕੇ ਥਾਣਿਆਂ ਵਿੱਚ ਬੰਦ ਕਰਨਾ ਸਰਾਸਰ ਗੈਰ ਸੰਵਿਧਾਨਿਕ ਹੈ ਅਤੇ ਉਹਨਾਂ ਤੇ ਇਸ ਤਰ੍ਹਾਂ ਦਾ ਜਬਰ ਢਾਹ ਕੇ ਸੰਘਰਸ਼ ਨੂੰ ਖ਼ਦੇੜਨ ਦੀ ਕੋਸ਼ਿਸ਼ ਕਰਨਾ ਗੈਰ ਜਮਹੂਰੀ ਹੈ l ਉਹਨਾਂ ਮੰਗ ਕੀਤੀ ਕਿ ਕਾਮਿਆਂ ਤੇ ਕੀਤਾ ਜਾ ਰਿਹਾ ਜਬਰ ਬੰਦ ਕਰ ਕੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ,ਬਿਨਾਂ ਸ਼ਰਤ ਉਹਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਅਤੇ ਫੈਕਟਰੀ ਦੀਆਂ ਹਾਲਤਾਂ ਵਿੱਚ ਸੁਧਾਰ ਕੀਤਾ ਜਾਵੇ l
bs