ਮਜਦੂਰ, ਮੁਲਾਜ਼ਮ,ਅਤੇ ਪੈਨਸ਼ਨਰਜ਼ ਯੂਨੀਅਨਾਂ ਵੱਲੋਂ ਮਈ ਦਿਵਸ ਮਨਾਉਣ ਦਾ ਫੈਸਲਾ
ਪ੍ਰਮੋਦ ਭਾਰਤੀ
ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 27 ਅਪ੍ਰੈਲ, 2026
ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਜੱਥੇਬੰਦੀਆਂ 1 ਮਈ ਨੂੰ ਬੱਸ ਅੱਡਾ ਨਵਾਂਸ਼ਹਿਰ ਵਿਖੇ ਸਾਂਝੇ ਤੌਰ ਉੱਤੇ ਕੌਮਾਂਤਰੀ ਮਜਦੂਰ ਦਿਵਸ ਮਨਾਉਣਗੀਆਂ।ਇਹ ਫੈਸਲਾ ਸਥਾਨਕ ਬਾਰਾਦਰੀ ਬਾਗ਼ ਵਿਖੇ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਦੀ ਪ੍ਰਧਾਨਗੀ ਹੇਠ ਹੋਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ ।ਇਹ ਜਾਣਕਾਰੀ ਦਿੰਦਿਆਂ ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਟੂ ਦੇ ਆਗੂ ਮਾਸਟਰ ਪ੍ਰੇਮ ਰੱਕੜ, ਪੈਂਨਸ਼ਨਰਜ਼ ਯੂਨੀਅਨ ਦੇ ਆਗੂ ਕੁਲਦੀਪ ਦੌੜਕਾ,ਹਰਬਲਾਸ,ਜੇ ਪੀ ਐਮ ਓ ਦੇ ਆਗੂ ਸੁਰਿੰਦਰ ਭੱਟੀ ਰਾਹੋਂ,ਏਟਕ ਦੇ ਆਗੂ ਗੁਰਮੇਲ ਚੰਦ, ਰਾਮ ਆਸਰਾ ਸਿੰਘ ਅਤੇ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਗੁਰਦਿਆਲ ਰੱਕੜ ਸ਼ਾਮਿਲ ਹੋਏ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਈ ਦਿਵਸ ਦੇ ਸ਼ਹੀਦਾਂ ਦੀ ਸ਼ਹਾਦਤ ਸਾਨੂੰ ਮਜ਼ਦੂਰ ਜਮਾਤ ਦੇ ਹਿੱਤਾਂ ਲਈ ਤਿੱਖੇ ਸੰਘਰਸ਼ ਕਰਨ ਲਈ ਪ੍ਰੇਰਦੀ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਚਾਰ ਲੇਬਰ ਕੋਡ ਲਾਗੂ ਕਰਨ ਦੀ ਤਾਕ ਵਿਚ ਹੈ ਜਿਹਨਾਂ ਰਾਹੀਂ ਮਾਲਕਾਂ ਨੂੰ ਮਜਦੂਰਾਂ ਦੀ ਮਨਮਰਜ਼ੀ ਨਾਲ ਲੁੱਟ ਕਰਨ ਦੀ ਖੁੱਲ ਮਿਲ ਜਾਵੇਗੀ। ਆਗੂਆਂ ਨੇ ਕਿਹਾ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਚੱਲ ਰਹੇ ਮਜਦੂਰਾਂ ਦੇ ਅੰਦੋਲਨਾਂ ਨੂੰ ਦਬਾਉਣ ਲਈ ਸਰਕਾਰਾਂ ਉਲਟਾ ਮਜ਼ਦੂਰਾਂ ਉੱਤੇ ਦਮਨ ਢਾਹ ਰਹੀਆਂ ਹਨ। ਉਹਨਾਂ ਨੇ ਜਥੇਬੰਦੀਆਂ ਦੇ ਵਰਕਰਾਂ ਨੂੰ ਪਹਿਲੀ ਮਈ ਨੂੰ ਬੱਸ ਅੱਡਾ ਨਵਾਂਸ਼ਹਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ।