ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ: 100 ਗ੍ਰਾਮ ਹੈਰੋਇਨ ਅਤੇ ਪਿਸਟਲ ਸਮੇਤ ਇੱਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 23 ਫਰਵਰੀ, 2026
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਰਾਇਮ ਬ੍ਰਾਂਚ ਲੁਧਿਆਣਾ ਦੀ ਟੀਮ ਨੇ ਇਕ ਅਹਿਮ ਕਾਰਵਾਈ ਦੌਰਾਨ ਇੱਕ ਦੋਸ਼ੀ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ।
ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਇੰਸਪੈਕਟਰ ਨਵਦੀਪ ਸਿੰਘ ਦੀ ਟੀਮ ਵੱਲੋਂ ਤਾਜਪੁਰ ਰੋਡ ਸਥਿਤ ਸੰਨੀ ਮੰਦਰ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ L/SI ਮਮਤਾ ਮਿਨਹਾਸ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰਿੰਸ ਮਹਿਤਾ ਉਰਫ ਕਾਕਾ (ਵਾਸੀ ਕਰਮਸਰ ਕਲੋਨੀ) ਨਸ਼ਾ ਤਸਕਰੀ ਦੇ ਨਾਲ-ਨਾਲ ਨਜਾਇਜ਼ ਹਥਿਆਰ ਵੀ ਰੱਖਦਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਡੋਵਾਲ ਟੋਲ ਪਲਾਜਾ ਨੇੜੇ ਝੁੱਗੀਆਂ ਕੋਲ ਛਾਪੇਮਾਰੀ ਕੀਤੀ ਅਤੇ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 100 ਗ੍ਰਾਮ ਹੈਰੋਇਨ01 ਪਿਸਟਲ (.32 ਬੋਰ) 02 ਜਿੰਦਾ ਕਾਰਤੂਸ ਬਰਾਮਦ ਹੋਇਆ।
ਥਾਣਾ ਲਾਡੋਵਾਲ ਵਿਖੇ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 53 (ਮਿਤੀ 22.02.2026) ਅਧੀਨ NDPS ਐਕਟ ਅਤੇ Arms Act ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਅਗਲੇ-ਪਿਛਲੇ ਸਬੰਧਾਂ ਦਾ ਖੁਲਾਸਾ ਹੋ ਸਕੇ।