ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ, 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਐਨਐਸਐਸ ਸੈੱਲ ਵੱਲੋਂ ਏਮਜ਼ ਬਠਿੰਡਾ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਮਹਾਨ ਬਲੀਦਾਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ਹੀਦੀ ਦਿਹਾੜੇ ਦੇ ਮੌਕੇ ਖੂਨਦਾਨ ਕੈਂਪ ਲਾਇਆ ਗਿਆ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ ਲਾਏ ਇਸ ਕੈਂਪ ਵਿੱਚ ਵਿਦਿਆਰਥੀਆਂ, ਸਟਾਫ਼ ਅਤੇ ਵਲੰਟੀਅਰਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਰਜਿਸਟਰਾਰ ਡਾ. ਵਿਜੈ ਸ਼ਰਮਾ ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਸਵੈ-ਇੱਛਕ ਖੂਨਦਾਨ ਨੂੰ ਇੱਕ ਨੇਕ ਅਤੇ ਜੀਵਨ ਬਚਾਉਣ ਵਾਲਾ ਕਾਰਜ ਕਰਾਰ ਦਿੱਤਾ। ਉਨ੍ਹਾਂ ਨੇ ਵਲੰਟੀਅਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਭਾਈਚਾਰਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਅਜਿਹੇ ਉਪਰਾਲਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਇਹ ਪ੍ਰੋਗਰਾਮ ਐਨਐਸਐਸ ਸੈੱਲ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਦੀਪਕ ਕੁਮਾਰ ਚੌਹਾਨ ਦੀ ਅਗਵਾਈ ਹੇਠ ਅਤੇ ਪ੍ਰੋਗਰਾਮ ਅਧਿਕਾਰੀਆਂ ਡਾ. ਸਤਪ੍ਰੀਤ ਸਿੰਘ ਜੱਸਲ (ਯੂਨਿਟ-I) ਅਤੇ ਡਾ. ਸਮੀਰ ਮਹਾਜਨ (ਯੂਨਿਟ-III) ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਮੈਡੀਕਲ ਅਧਿਕਾਰੀ ਡਾ. ਆਕਾਸ਼ ਪ੍ਰਕਾਸ਼ ਗੁਪਤਾ ਅਤੇ ਏਮਜ਼ ਬਠਿੰਡਾ ਤੋਂ ਡਾ. ਵਿਕਾਸ ਅਤੇ ਡਾ. ਸੋਨਲ ਦੀ ਟੀਮ ਨੇ ਸਾਰੇ ਮੈਡੀਕਲ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਕੈਂਪ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਇਆ। ਕੈਂਪ ਦੇ ਪ੍ਰਬੰਧ ਵਿੱਚ ਸ਼੍ਰੀ ਸੁਖਨਾਇਬ ਸਿੰਘ ਅਤੇ ਰੈੱਡ ਰਿਬਨ ਕਲੱਬ ਦੀ ਟੀਮ ਨੇ ਲਾਜ਼ਿਸਟਿਕ ਸਹਿਯੋਗ ਪ੍ਰਦਾਨ ਕੀਤਾ। ਕੈਂਪ ਦੌਰਾਨ ਕੁੱਲ 70 ਯੂਨਿਟ ਖੂਨ ਇਕੱਠਾ ਕੀਤਾ ਗਿਆ।