ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2026 :ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜ਼ਿਲ੍ਹਾ ਬਠਿੰਡਾ ਦੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਟ੍ਰੇਡ ਯੂਨੀਅਨਾਂ ਨੇ ਸਾਂਝੇ ਤੌਰ ਤੇ ਸਾਮਰਾਜ ਵਿਰੋਧੀ ਦਿਨ ਮਨਾਇਆ । ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ,ਬੀਕੇਯੂ ਡਕੌਦਾ ਦੇ ਸੂਭਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ, ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ,ਬੀਕੇਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ,ਮਜਦੂਰ ਆਗੂ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ, ਮੁਲਾਜ਼ਮ ਆਗੂ ਚੰਦਰ ਸ਼ਰਮਾ, ਹਰਨੇਕ ਸਿੰਘ ਗਹਿਰੀ,ਭੁਪਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰਿਤਪਾਲ ਸਿੰਘ,ਕਿਸਾਨ ਆਗੂ ਜਸਵੀਰ ਸਿੰਘ ਰਾਜ ਮਹਿੰਦਰ ਸਿੰਘ ਕੋਟਭਾਰਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜਰਾਈਲ ਦੇ ਪ੍ਰਧਾਨ ਮੰਤਰੀ ਨਿਤਨਯਾਹੂ ਦੀ ਅਗਵਾਈ ਵਿੱਚ ਸਾਮਰਾਜੀ ਜੁੰਡਲੀ ਨੇ ਇਰਾਨ, ਫਲਸਤੀਨ ਅਤੇ ਲਿਬਨਾਨ ਵਿਚ ਜੰਗ ਛੇੜ ਕੇ ਪੂਰੀ ਦੁਨੀਆ ਨੂੰ ਵਿਸ਼ਵ ਜੰਗ ਵੱਲ ਧੱਕ ਦਿੱਤਾ ਹੈ।ਵੱਡੇ ਪੱਧਰ ਤੇ ਆਮ ਨਾਗਰਿਕਾਂ ਨੂੰ ਮਾਰਿਆ ਜਾ ਰਿਹਾ। ਸਕੂਲਾਂ ਅਤੇ ਹਸਪਤਾਲਾਂ ਉੱਪਰ ਹਮਲੇ ਕਰਕੇ ਬੇਦੋਸ਼ੇ ਬੱਚਿਆਂ ਤੇ ਔਰਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਹ ਸਾਮਰਾਜੀ ਜੁੰਡਲੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਮੜ ਕੇ ਸਾਮਰਾਜੀ ਧੌਂਸ ਨਾਲ ਆਪਣੀਆਂ ਆਰਥਿਕ ਨੀਤੀਆਂ ਅਤੇ ਸਮਝੌਤੇ ਠੋਸ ਰਹੀਆਂ ਹਨ। ਤੇਲ ਅਤੇ ਗੈਸ ਦੇ ਟਿਕਾਣਿਆਂ ਤੇ ਹਮਲੇ ਹੋਣ ਕਾਰਨ ਪੂਰੀ ਦੁਨੀਆ ਵਿੱਚ ਇਸ ਦੇ ਭਾਅ ਵਧ ਰਹੇ ਹਨ ਅਤੇ ਆਮ ਲੋਕ ਇਸ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਮਨੁੱਖਤਾ ਦੇ ਹੋ ਰਹੇ ਘਾਣ ਉੱਪਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ ਅਤੇ ਸਾਮਰਾਜੀ ਸ਼ਕਤੀਆਂ ਵੱਲੋਂ ਪੂਰੀ ਦੁਨੀਆ ਨੂੰ ਜੰਗ ਵਿੱਚ ਝੋਕਣ ਦੀ ਮੋਨ ਸਹਿਮਤੀ ਦੇ ਦਿੱਤੀ ਹੈ । ਆਗੂਆਂ ਨੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਸਰਕਾਰ ਦੇ ਇਮਾਨਦਾਰ ਅਫਸਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਮੰਤਰੀ ਅਤੇ ਦੂਜੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ।
ਅਖੀਰ ਵਿੱਚ ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸ਼ਹੀਦਾਂ ਦੇ ਪਦ ਚਿੰਨਾਂ ਤੇ ਚਲਦਿਆਂ ਸਾਮਰਾਜੀ ਜੁੰਡਲੀ ਵੱਲੋਂ ਲਿਆਂਦੀਆਂ ਜਾ ਰਹੀਆਂ ਆਰਥਿਕ ਨੀਤੀਆਂ ਦਾ ਮਿਲ ਕੇ ਟਾਕਰਾ ਕਰਾਂਗੇ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਸਿਰਜਣ ਲਈ ਇਕੱਠੇ ਹੋ ਕੇ ਇਨਕਲਾਬ ਦੀ ਜੰਗ ਤੇਜ਼ ਕਰਾਂਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ,ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ,ਦਰਸ਼ਨ ਸਿੰਘ ਫੁੱਲੋਂ ਮਿੱਠੀ, ਬਲਤੇਜ ਸਿੰਘ ਪੂਲੀ ਮੁਲਾਜ਼ਮ ਆਗੂ ਪੂਰਨ ਸਿੰਘ ਗੁੰਮਟੀ, ਗੱਗੀ ਦਿਆਲਪੁਰਾ ਆਦਿ ਵੀ ਮੌਜੂਦ ਸਨ।