ਬੁਲੰਦ ਹੌਸਲੇ ਦੀ ਮਿਸਾਲ: ਇੱਕ ਫੇਫੜੇ ਅਤੇ ਇੱਕ ਗੁਰਦੇ ਦੇ ਦਮ 'ਤੇ ਦੁਨੀਆ ਜਿੱਤਣ ਵਾਲਾ ਅਥਲੀਟ ਬੰਤ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ 22 ਮਾਰਚ 2026
"ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।"
ਇਹ ਸਤਰਾਂ ਪਟਿਆਲਾ ਦੇ ਰਹਿਣ ਵਾਲੇ ਵੈਟਰਨ ਅਥਲੀਟ ਬੰਤ ਸਿੰਘ 'ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਜਿੱਥੇ ਆਮ ਇਨਸਾਨ ਮਾਮੂਲੀ ਬਿਮਾਰੀ ਅੱਗੇ ਗੋਡੇ ਟੇਕ ਦਿੰਦਾ ਹੈ, ਉੱਥੇ ਬੰਤ ਸਿੰਘ ਨੇ ਸਰੀਰਕ ਅਪੰਗਤਾ ਅਤੇ ਗੰਭੀਰ ਬਿਮਾਰੀਆਂ ਨੂੰ ਮਾਤ ਦੇ ਕੇ ਖੇਡ ਮੈਦਾਨ ਵਿੱਚ ਮੈਡਲਾਂ ਦੀ ਝੜੀ ਲਗਾ ਦਿੱਤੀ ਹੈ। ਅੱਜ ਉਹ ਨੌਜਵਾਨਾਂ ਲਈ ਇੱਕ ਅਜਿਹਾ ਆਦਰਸ਼ ਹਨ, ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਅੱਧਾ ਸਰੀਰ ਵੀ ਪੂਰੇ ਸਰੀਰ ਵਾਲੇ ਖਿਡਾਰੀਆਂ ਨੂੰ ਪਛਾੜ ਸਕਦਾ ਹੈ।
ਬਿਮਾਰੀ ਦਾ ਕਹਿਰ ਅਤੇ ਸੰਘਰਸ਼ ਦੀ ਸ਼ੁਰੂਆਤ
1963 ਨੂੰ ਜਨਮੇ ਬੰਤ ਸਿੰਘ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਦਾ ਸਿਲਸਿਲਾ 1988 ਵਿੱਚ ਸ਼ੁਰੂ ਹੋਇਆ। ਡੀ.ਐਮ.ਡਬਲਿਊ (DMW) ਪਟਿਆਲਾ ਵਿੱਚ ਬਤੌਰ ਟੈਕਨੀਸ਼ੀਅਨ ਕੰਮ ਕਰਦਿਆਂ ਉਨ੍ਹਾਂ ਨੂੰ ਨਮੂਨੀਆ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਖੱਬਾ ਫੇਫੜਾ ਖਰਾਬ ਹੋ ਗਿਆ ਅਤੇ ਅਪਰੇਸ਼ਨ ਕਰਕੇ ਕੱਢਣਾ ਪਿਆ। ਹਾਲੇ ਇਹ ਦੁੱਖ ਘੱਟ ਨਹੀਂ ਸੀ ਕਿ 1993 ਵਿੱਚ ਪਟਿਆਲਾ ਦੇ ਹੜ੍ਹਾਂ ਦੌਰਾਨ ਗੰਦਾ ਪਾਣੀ ਪੀਣ ਕਾਰਨ ਉਨ੍ਹਾਂ ਦਾ ਗੁਰਦਾ (Kidney) ਵੀ ਨਾਕਾਮ ਹੋ ਗਿਆ। ਡਾਕਟਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਹੁਣ ਕੋਈ ਵੀ ਸਖ਼ਤ ਕੰਮ ਨਹੀਂ ਕਰ ਸਕਣਗੇ।
ਮੌਤ ਦੇ ਮੂੰਹ 'ਚੋਂ ਨਿਕਲ ਕੇ ਖੇਡ ਮੈਦਾਨ ਤੱਕ
ਕਈ ਮਹੀਨੇ ਬਿਸਤਰੇ 'ਤੇ ਰਹਿਣ ਤੋਂ ਬਾਅਦ, ਬੰਤ ਸਿੰਘ ਨੇ ਹਾਰ ਨਹੀਂ ਮੰਨੀ। ਡਾ. ਜਗਬੀਰ ਸਿੰਘ ਦੀ ਸਲਾਹ 'ਤੇ ਉਨ੍ਹਾਂ ਨੇ ਸਾਲ 2000 ਵਿੱਚ ਹਲਕੀ ਸੈਰ ਸ਼ੁਰੂ ਕੀਤੀ। ਇਹੀ ਸੈਰ ਹੌਲੀ-ਹੌਲੀ ਦੌੜ ਵਿੱਚ ਬਦਲ ਗਈ। ਕੋਚ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਉਨ੍ਹਾਂ ਨੇ ਮਾਸਟਰ ਅਥਲੈਟਿਕਸ ਵਿੱਚ ਕਦਮ ਰੱਖਿਆ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀ ਹਿੰਮਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2010 ਵਿੱਚ ਦਿਲ ਦਾ ਦੌਰਾ (Heart Attack) ਪੈਣ ਦੇ ਬਾਵਜੂਦ ਵੀ ਉਨ੍ਹਾਂ ਨੇ ਦੌੜਨਾ ਜਾਰੀ ਰੱਖਿਆ।
ਮੈਡਲਾਂ ਦੀ ਲੰਮੀ ਸੂਚੀ
ਬੰਤ ਸਿੰਘ ਨੇ 200 ਮੀਟਰ ਤੋਂ ਲੈ ਕੇ 21 ਕਿਲੋਮੀਟਰ (ਹਾਫ ਮੈਰਾਥਨ) ਤੱਕ ਦੀਆਂ ਦੌੜਾਂ ਵਿੱਚ ਆਪਣਾ ਲੋਹਾ ਮਨਵਾਇਆ ਹੈ।
ਸੂਬਾ ਪੱਧਰ: ਹੁਣ ਤੱਕ 28 ਤੋਂ ਵੱਧ ਮੈਡਲ, ਜਿਨ੍ਹਾਂ ਵਿੱਚ 14 ਗੋਲਡ ਮੈਡਲ ਸ਼ਾਮਲ ਹਨ।
ਰਾਸ਼ਟਰੀ ਪੱਧਰ: ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕਈ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ।
ਅੰਤਰਰਾਸ਼ਟਰੀ ਪੱਧਰ
ਬ੍ਰਾਜ਼ੀਲ ਵਿੱਚ ਹੋਈ 20ਵੀਂ ਵਿਸ਼ਵ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਲਈ ਚੁਣੇ ਜਾਣ ਵਾਲੇ ਉਹ ਇਕਲੌਤੇ ਭਾਰਤੀ ਅਥਲੀਟ ਬਣੇ। ਇਸ ਤੋਂ ਇਲਾਵਾ ਇੰਡੋ-ਪਾਕ ਅਤੇ ਯੂ.ਕੇ. ਮਾਸਟਰ ਅਥਲੈਟਿਕਸ ਵਿੱਚ ਵੀ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਸਫਲਤਾ ਦਾ ਰਾਜ਼: ਪਰਿਵਾਰਕ ਸਹਿਯੋਗ
ਬੰਤ ਸਿੰਘ ਆਪਣੀ ਸਫਲਤਾ ਦਾ ਸਿਹਰਾ ਆਪਣੀ ਪਤਨੀ ਸੁਰਿੰਦਰ ਕੌਰ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਹਰ ਮੁਸ਼ਕਲ ਘੜੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਉਹ ਮੰਨਦੇ ਹਨ ਕਿ ਜੇਕਰ ਮਨ ਵਿੱਚ ਜਨੂੰਨ ਹੋਵੇ, ਤਾਂ ਸਰੀਰਕ ਕਮੀਆਂ ਕਦੇ ਵੀ ਰੁਕਾਵਟ ਨਹੀਂ ਬਣ ਸਕਦੀਆਂ।
ਬੰਤ ਸਿੰਘ ਦੀ ਵਰਗੇ ਆਸ਼ਾਵਾਦੀ ਵਿਅਕਤੀ ਦੀ ਸ਼ਖ਼ਸੀਅਤ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡਾ ਹੌਸਲਾ ਵੱਡਾ ਹੋਣਾ ਚਾਹੀਦਾ ਹੈ। ਅੱਜ ਜਦੋਂ ਉਹ ਸਟੇਡੀਅਮ ਵਿੱਚ ਦੌੜਦੇ ਹਨ, ਤਾਂ ਉਹ ਸਿਰਫ਼ ਇੱਕ ਅਥਲੀਟ ਵਜੋਂ ਨਹੀਂ, ਸਗੋਂ 'ਜਿਊਂਦੀ-ਜਾਗਦੀ ਮਿਸਾਲ' ਵਜੋਂ ਨਜ਼ਰ ਆਉਂਦੇ ਹਨ ਕਿ ਇਨਸਾਨ ਆਪਣੀ ਕਿਸਮਤ ਖੁਦ ਲਿਖ ਸਕਦਾ ਹੈ।
Click to Follow Babushahi Facebook page →