ਇਰਾਨ ਉੱਤੇ ਅਮਰੀਕੀ ਇਜਰਾਈਲੀ ਹਮਲੇ ਦਾ ਡਟਵਾਂ ਵਿਰੋਧ ਕਰੋ
ਹਮਲਾ ਮਨੁੱਖਤਾ ਦੀ ਹੋਂਦ ਲਈ ਵੱਡਾ ਖਤਰਾ
ਰੋਹਿਤ ਗੁਪਤਾ
ਗੁਰਦਾਸਪੁਰ 2 ਮਾਰਚ
ਜਮਹੂਰੀ ਅਧਿਕਾਰ ਸਭਾ ਪੰਜਾਬ ਅਮਰੀਕਾ ਤੇ ਇਜਰਾਈਲ ਵੱਲੋਂ ਇਰਾਨ ਉਤੇ ਕੀਤੇ ਹਮਲੇ ਦਾ ਸਖਤ ਵਿਰੋਧ ਕਰਦੀ ਹੈ ਅਤੇ ਇਸ ਨੂੰ ਮਨੁੱਖਤਾ ਦੀ ਹੋਂਦ ਲਈ ਇੱਕ ਵੱਡਾ ਖਤਰਾ ਸਮਝਦੀ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸਾਸ਼ਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਤਾਨਾਸ਼ਾਹ ਟਰੰਪ ਵੱਲੋਂ ਡਰਾਉਣ-ਧਮਕਾਉਣ ਅਤੇ ਘੇਰਾਬੰਦੀ ਕਰਨ ਪਿੱਛੋਂ ਆਖਰ 28 ਫਰਵਰੀ ਨੂੰ ਇਜਰਾਇਲ ਤੇ ਅਮਰੀਕੀ ਜੰਗੀ ਜਹਾਜਾਂ ਤੇ ਮਿਜਾਈਲਾਂ ਨਾਲ ਇਰਾਨ ਦੇ ਸੁਪਰੀਮ ਲੀਡਰ ਆਇਓਤੁਲਾ ਅਲੀ ਖੁਮੇਨੀ ਨੂੰ ਸਿੱਧਾ ਨਿਸ਼ਾਨਾ ਬਣਾਕੇ ਉਸ ਨੂੰ ਅਤੇ ਕੋਈ ਉੱਚ ਕੋਟੀ ਦੇ ਫੌਜੀ ਅਧਿਕਾਰੀਆਂ ਨੂੰ ਮਾਰਿਆ ਮੁਕਾਇਆ ਹੈ ਅਤੇ ਕਈ ਸ਼ਹਿਰਾਂ ਉੱਤੇ ਕੀਤੇ ਹਮਲਿਆਂ ਵਿੱਚ 200 ਦੇ ਕਰੀਬ ਵਿਦਿਆਰਥੀਆਂ ਤੇ ਹੋਰ ਸ਼ਹਿਰੀਆਂ ਦੀਆਂ ਜਿੰਦਗੀਆਂ ਖੋਹੀਆਂ ਹਨ। ਇਹ ਹਮਲਾ ਅਮਰੀਕਾ ਵੱਲੋਂ ਵਿਸ਼ਵ ਉੱਤੇ ਆਪਣੀ ਚੌਧਰ ਨੂੰ ਬਣਾਈ ਰੱਖਣ ਅਤੇ ਇਰਾਨ ਦੇ ਕੁਦਰਤੀ ਸਾਧਨਾਂ ਵਿਸ਼ੇਸ਼ ਕਰਕੇ ਯੂਰੇਨੀਅਮ ਤੇ ਤੇਲ ਦੇ ਸਰੋਤਾਂ ਉੱਤੇ ਕਬਜ਼ਾ ਕਰਨ ’ਤੇ ਕੇਂਦਰਿਤ ਹੈ। ਜਵਾਬ ਵਿੱਚ ਇਰਾਨ ਨੇ ਵੀ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ ਤੇ ਇਓਂ ਇਹ ਹਾਲਤ ਯੁੱਧ ਦੇ ਫੈਲਣ ਦਾ ਖਤਰਾ ਖੜ੍ਹਾਂ ਕਰ ਰਹੇ ਹਨ। ਸਾਮਰਾਜੀ ਚੌਕੀ ਵਜੋਂ ਕਾਰਜਸ਼ੀਲ ਜ਼ਿਉਨਵਾਦੀ ਇਜਰਾਈਲੀ ਹਾਕਮ ਪਿਛਲੇ ਲੰਬੇ ਸਮੇਂ ਤੋਂ ਫਲਸਤੀਨ ਲੋਕਾਂ ਦਾ ਨਰਸੰਹਾਰ ਕਰਦੇ ਆ ਰਹੇ ਹਨ ਜਿਸਦੀ ਪਿੱਠ ਪਿੱਛੇ ਅਮਰੀਕਾ ਖਲੋਤਾ ਹੈ। ਉਹ ਅਮਰੀਕਾ ਜਿਸ ਨੇ ਪਹਿਲਾਂ ਪਰਮਾਣੂ ਬੰਬਾਂ ਨਾਲ ਹੀਰੋਸੀਮਾ ਤੇ ਨਾਗਾਸਾਕੀ ਵਿੱਚ ਤਬਾਹੀ ਮਚਾਈ ਸੀ ਅਤੇ ਹੁਣ ਉਹ ਇਰਾਨ ਉਤੇ ਪ੍ਰਮਾਣੂ ਬੰਬ ਬਣਾਉਣ ਦਾ ਦੋਸ਼ ਲਾ ਰਿਹਾ ਹੈ। ਦਰਅਸਲ ਇਹ ਧਰਤੀ ਉੱਤੇ ਸਭ ਤੋਂ ਵੱਡਾ ਖਤਰਾ ਸਾਮਰਾਜੀ ਪ੍ਰਬੰਧ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜਵਾਦ ਅਤੇ ਉਹਦੇ ਹਿਮਾਇਤੀਆਂ ਤੋਂ ਹੈ ਜਿਹਨਾਂ ਨੇ ਪਿਛਲੇ 70–80 ਸਾਲਾਂ ਵਿੱਚ ਹਰ ਦੇਸ਼ ਦੇ ਕੁਦਰਤੀ ਸਰੋਤਾਂ ਤੇ ਕਬਜ਼ਾ ਕਰਨ ਲਈ ਨਾ ਸਿਰਫ ਜੰਗਾਂ ਵਿੱਚ ਝੋਕਿਆ ਹੈ ਸਗੋਂ ਸਿੱਧੇ ਹਮਲੇ ਵੀ ਕੀਤੇ ਹਨ ਅਤੇ ਅਫਗਾਨਿਸਤਾ, ਇਰਾਕ, ਮਿਡਲ ਈਸਟ ਦੀ ਤਬਾਹੀ ਕਰਨ ਵਾਲੇ ਵਿਸ਼ਵੀ ਹਤਿਆਰੇ ਨੇ ਪਿਛਲੇ ਦਿਨੀ ਵੈਨਜੂਐਲਾ ਦੇ ਰਾਸ਼ਟਰਪਤੀ ਤੇ ਉਹਦੀ ਪਤਨੀ ਨੂੰ ਧਾੜਵੀ ਡਾਕੂਆਂ ਵਾਂਗੂ ਚੁੱਕ ਕੇ ਜੇਲ ’ਚ ਸੁੱਟ ਰੱਖਿਆ ਹੈ। ਪਰਮਾਣੂ ਹਥਿਆਰਾਂ ਦੇ ਬਹਾਨੇ ਹੇਠ ਅਮਰੀਕੀ ਸਾਮਰਾਜ ਆਪਣੀ ਵਿਸ਼ਵ ਸਰਕਾਰੀ ਚੌਧਰ ਸਥਾਪਿਤ ਕਰਨ ਕਾਇਮ ਰੱਖਣੀ ਚਾਹੁੰਦਾ ਹੈ ਤੇ ਇਸ ਨਾਲ ਦੂਸਰੇ ਦੇਸ਼ਾਂ ਨੂੰ ਡਰਾ-ਧਮਕਾ ਰਹਾ ਹੈ ਅਤੇ ਡਰਾਉਣ ਧਮਕਾਉਣ ਦੀ ਨੀਤੀ ਬੇਅਸਰ ਹੋਣ ’ਤੇ ਸਤਾ ਬਦਲੀ ਦੇ ਰਾਹ ਅਖਤਿਆਰ ਕਰਦਾ ਹੈ ਜਿਵੇ ਕਿ ਹੁਣ ਇਰਾਨ ਵਿੱਚ ਜ਼ੋਰਾਜਬਰੀ ਕਰ ਰਿਹਾ ਹੈ। ਇਹਨਾਂ ਹਮਲਿਆਂ ਦਾ ਤੂੰ ਐਨ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਦੀ ਇਜਰਾਇਲੀ ਫੇਰੀ ਵੀ ਸਵਾਲ ਖੜੇ ਕਰਦੀ ਹੈ। ਜਮਹੂਰੀ ਅਧਿਕਾਰ ਸਭਾ ਇਹਨਾਂ ਹਮਲਿਆਂ ਦਾ ਸਖਤ ਵਿਰੋਧ ਕਰਦੀ ਹੈ ਤੇ ਇਹਨਾਂ ਨੂੰ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਨੂੰ ਧਾੜਵੀ ਮਨਸਿਆਂ ਨਾਲ ਕੁਚਲਣ ਅਤੇ ਦੁਬਾਉਣ ਨਾਲ ਲੋਕਾਂ ਦੇ ਅਮਨ ਦੇ ਸ਼ਾਂਤੀ ਨਾਲ ਜਿਉਣ ਦੇ ਅਧਿਕਾਰ ਨੂੰ ਫੌਜੀ ਬੂਟਾ ਲਤਾੜਨਾ ਸਮਝਦੀ ਹੈ। ਦੁਨੀਆਂ ਦੇ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਇਹਨਾਂ ਤਾਕਤਾਂ ਵੱਲੋਂ ਇਰਾਨ ਉੱਤੇ ਕੀਤੀ ਇਸ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ ।