ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ
*ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਵਿਖੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹੋ ਰਹੀਆਂ ਨਤਮਸਤਕ*
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਮੱਥਾ ਟੇਕਣ ਲਈ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਜੋੜ ਮੇਲਾ ਸ਼ੁਰੂ ਹੁੰਦੇ ਹੀ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਹੈ
ਸੰਗਤਾਂ ਨੇ ਖ਼ੁਸ਼ੀ-ਖ਼ੁਸ਼ੀ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ। ਗੁਰਦੁਆਰਾ ਬੇਰ ਸਾਹਿਬ ਦੇ ਸਜੇ ਸੁੰਦਰ ਦਰਬਾਰ ਦੇ ਅਲੌਕਿਕ ਦ੍ਰਿਸ਼ ਵੇਖ ਕੇ ਸੰਗਤਾਂ ਦੀ ਖ਼ੁਸ਼ੀ ਦੁੱਗਣੀ ਹੋ ਰਹੀ ਹੈ ਆਪਣੇ ਪਰਿਵਾਰਾਂ ਨਾਲ ਦੂਰ ਦੂਰ ਤੋਂ ਆਏ ਬਹੁਤ ਸਾਰੇ ਸ਼ਰਧਾਲੂ ਆਪਣੇ ਪਰਿਵਾਰ ਦੀਆਂ ਗੁਰਦੁਆਰਾ ਬੇਰ ਸਾਹਿਬ ਵਿਖੇ ਸਜਾਏ ਫੁੱਲਾਂ ਨਾਲ ਯਾਦਗਾਰੀ ਫੋਟੋਆਂ ਖਿੱਚਦੇ ਰਹੇ ਹਨ ਅਤੇ ਗੁਰੂ ਗੁਰੂ ਜਪਦੇ ਹੋਏ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 3 ਨਵੰਬਰ ਨੂੰ ਦੀ ਦੇਰ ਰਾਤ ਨੂੰ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ।
4 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਢਾਡੀ , ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ 6 ਨਵੰਬਰ ਦੀ ਸਵੇਰ ਤੱਕ ਗੁਰੂ ਜਸ਼ ਸੁਣਾਉਂਣਗੇ ।
ਉਨ੍ਹਾਂ ਦੱਸਿਆ ਕਿ ਮਹਾਨ ਗੁਰਪੁਰਬ ਜੋੜ ਮੇਲੇ ’ਤੇ ਇਸ ਵਾਰ 3 ਨਵੰਬਰ ਦੀ ਰਾਤ ਨੂੰ ਆਸਾਮ ਤੋਂ ਆਰੰਭ ਹੋਇਆ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਪੁੱਜੇਗਾ, ਜਿਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਨਗਰ ਕੀਰਤਨ 4 ਨਵੰਬਰ ਦੀ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਵੇਗਾ। ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁ. ਬੇਰ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੇ ਹਨ।
ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਹੀ ਸਵੇਰੇ 10 ਵਜੇ ਗੁਰਦੁਆਰਾ ਸੰਤਘਾਟ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਕਿ ਬਾਜ਼ਾਰਾਂ ਵਿਚ ਦੀ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਹੋਵੇਗੀ ਅਤੇ ਇਸ ਵਾਰ ਸ਼ਾਹੀ ਆਤਿਸ਼ਬਾਜੀ ਚਲਾਈ ਜਾਵੇਗੀ, ਜੋਕਿ ਅਲੌਕਿਕ ਦ੍ਰਿਸ਼ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਨਵੰਬਰ ਦੀ ਦੇਰ ਰਾਤ ਨੂੰ 1.30 ਵਜੇ ਪਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਹੋਵੇਗੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਾਰੀਗਰ ਅਤੇ ਸ਼ਰਧਾਲੂਆਂ ਮਿਲ ਕੇ ਬੜੇ ਉਤਸ਼ਾਹ ਨਾਲ ਰੰਗ-ਬਿਰੰਗੇ ਫੁੱਲਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਨੂੰ ਸਜਾਇਆ ਹੈ, ਜੋਕਿ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ।