ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਰਦਾਰ ਵਲਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਵਸ ‘ਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 3 ਨਵੰਬਰ
- ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਯੋਗ ਅਗਵਾਈ ਹੇਠ ਸਰਦਾਰ ਵਲਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਵਸ ਦੇ ਅਵਸਰ ‘ਤੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ।
ਕਾਰਜ ਦੀ ਸ਼ੁਰੂਆਤ ਸਰਦਾਰ ਪਟੇਲ ਦੀ ਤਸਵੀਰ ਅੱਗੇ ਫੁੱਲਾਂ ਦੇ ਚੜ੍ਹਾਓ ਨਾਲ ਹੋਈ, ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ. ਭੱਲਾ, ਸਾਰੇ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਭਰੇ ਗੀਤਾਂ ਦਾ ਗਾਇਨ ਕੀਤਾ ਗਿਆ ਜਿਸ ਨੇ ਸਮਾਰੋਹ ਦਾ ਮਾਹੌਲ ਦੇਸ਼-ਭਗਤੀ ਦੇ ਰੰਗ ਨਾਲ ਭਰ ਦਿੱਤਾ।
ਇਸ ਤੋਂ ਬਾਅਦ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਰਾਜ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਸਹੁੰ ਚੁਕਵਾਈ।
ਕਾਲਜ ਪ੍ਰਿੰਸੀਪਲ, ਐਨ.ਐਸ.ਐਸ. ਤੇ ਐਨ.ਸੀ.ਸੀ. ਇੰਚਾਰਜਾਂ ਦੀ ਅਗਵਾਈ ਹੇਠ ‘ਰਨ ਫਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੇਡ ਮੈਦਾਨ ਦਾ ਪੂਰਾ ਚੱਕਰ ਲਗਾਇਆ। ਇਸ ਰਨ ਦਾ ਮਨੋਰਥ ਆਪਸੀ ਭਾਈਚਾਰੇ, ਏਕਤਾ ਅਤੇ ਸਮਰਸਤਾ ਦੇ ਸੁਨੇਹੇ ਨੂੰ ਪ੍ਰਚਾਰਿਤ ਕਰਨਾ ਸੀ।
ਇਸ ਤੋਂ ਉਪਰੰਤ ਕਾਲਜ ਦੇ ਸੈਮੀਨਾਰ ਹਾਲ ਵਿੱਚ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਰਦਾਰ ਵਲਭਭਾਈ ਪਟੇਲ ਜੀ ਦੇ ਜੀਵਨ, ਫ਼ਲਸਫੇ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਅਦੁਤੀਯ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਪ੍ਰੋ. ਰਾਜ ਕੌਰ, ਡਾ. ਕਰਨਜੀਤ ਸ਼ਰਮਾ, ਡਾ. ਸਰਬਜੀਤ ਸਿੰਘ, ਡਾ. ਸੰਦੀਪ ਕੌਰ ਅਤੇ ਕਈ ਵਿਦਿਆਰਥੀਆਂ ਨੇ ਸਰਦਾਰ ਪਟੇਲ ਜੀ ਦੇ ਜੀਵਨ, ਦਰਸ਼ਨ ਅਤੇ ਦੇਸ਼ ਸੇਵਾ ਉੱਤੇ ਚਾਨਣਾ ਪਾਇਆ।
ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਜੀ ਨੇ ਆਪਣੇ ਵਿਸਤ੍ਰਿਤ ਸੰਬੋਧਨ ਵਿੱਚ ਕਿਹਾ ਕਿ — “ਸਰਦਾਰ ਪਟੇਲ ਨੇ ਸਾਨੂੰ ਸਿਖਾਇਆ ਕਿ ਏਕਤਾ ਕਿਸੇ ਰਾਜਨੀਤਿਕ ਨਾਅਰਾ ਨਹੀਂ, ਸਗੋਂ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੈ। ਜਦ ਤੱਕ ਏਕਤਾ ਕਾਇਮ ਰਹੇਗੀ, ਭਾਰਤ ਮਜ਼ਬੂਤ ਰਹੇਗਾ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੁਸਤਕ ਪੜ੍ਹਨ ਦੀ ਆਦਤ ਪੈਦਾ ਕਰਨ, ਡਿਊਟੀ ਪ੍ਰਤੀ ਸਮਰਪਿਤ ਰਹਿਣ ਅਤੇ ਰਾਸ਼ਟਰੀ ਸੇਵਾ ਭਾਵਨਾ ਨਾਲ ਪ੍ਰੇਰਿਤ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ।
ਸਮਾਰੋਹ ਦੇ ਅੰਤ ‘ਤੇ ਡਾ. ਕਰਨਜੀਤ ਸ਼ਰਮਾ ਵੱਲੋਂ ਧੰਨਵਾਦ ਪ੍ਰਗਟ ਕੀਤਾ ਗਿਆ ਅਤੇ ਸਮਾਰੋਹ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ। ਪ੍ਰੋ. ਰਾਜ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।