ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਮੌਕੇ ਉੱਤੇ ਵਿਸ਼ੇਸ਼ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ,3 ਨਵੰਬਰ
ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਮੌਕੇ ਉੱਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸੁਰਲੇਖ ਸੀ — “ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸੰਦਰਭ ਵਿੱਚ ਸਾਰਥਕਤਾ।” ਸੈਮੀਨਾਰ ਦੀ ਕਨਵੀਨਰ ਅਤੇ ਮੰਚ ਸੰਚਾਲਕਾ ਪ੍ਰੋਫੈਸਰ ਸੰਦੀਪ ਕੌਰ ਰਹੀ।
ਸਮਾਰੋਹ ਦੀ ਸ਼ੁਰੂਆਤ ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਪਾਠ ਨਾਲ ਹੋਈ, ਜਿਸ ਨਾਲ ਪੂਰੇ ਹਾਲ ਵਿੱਚ ਆਧਿਆਤਮਿਕ ਸ਼ਾਂਤੀ ਅਤੇ ਸ਼ਰਧਾ ਦਾ ਮਾਹੌਲ ਬਣ ਗਿਆ।
ਆਪਣੇ ਉਦਘਾਟਨੀ ਸੰਬੋਧਨ ਵਿੱਚ ਪ੍ਰੋਫੈਸਰ ਸੰਦੀਪ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨੁੱਖਤਾ ਲਈ ਪ੍ਰੇਰਣਾਦਾਇਕ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸੱਚ, ਨਿਸ਼ਕਾਮ ਸੇਵਾ ਅਤੇ ਸਮਾਨਤਾ ਦਾ ਸੰਦੇਸ਼ ਦੇ ਕੇ ਧਾਰਮਿਕਤਾ ਨੂੰ ਮਾਨਵਤਾ ਦੇ ਆਧਾਰ ਨਾਲ ਜੋੜਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿਰਫ਼ ਧਾਰਮਿਕ ਮਰਯਾਦਾ ਨਹੀਂ ਸਗੋਂ ਜੀਵਨ ਜੀਊਣ ਦਾ ਵਿਗਿਆਨਕ ਦਰਸ਼ਨ ਵੀ ਹਨ।
ਪ੍ਰੋਫੈਸਰ ਸੰਦੀਪ ਕੌਰ ਨੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਅਸ਼ਵਨੀ ਕੁਮਾਰ ਭੱਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਮਾਰਗਦਰਸ਼ਨ ਹੇਠ ਕਾਲਜ ਵਿੱਚ ਅਜਿਹੇ ਰੂਹਾਨੀ ਤੇ ਵਿਦਵਤ ਸੈਮੀਨਾਰਾਂ ਦਾ ਆਯੋਜਨ ਸੰਭਵ ਬਣਦਾ ਹੈ।
ਆਪਣੇ ਪ੍ਰੇਰਣਾਦਾਇਕ ਮੁੱਖ ਭਾਸ਼ਣ ਵਿੱਚ ਪ੍ਰੋਫੈਸਰ ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿਰਫ ਧਾਰਮਿਕ ਮਾਰਗਦਰਸ਼ਕ ਨਹੀਂ ਸਗੋਂ ਵਿਸ਼ਵ ਮਾਨਵਤਾ ਦੀ ਆਤਮਿਕ ਆਵਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਅੰਧਵਿਸ਼ਵਾਸ, ਭੇਦਭਾਵ ਅਤੇ ਅਨਿਆਂ ਤੋਂ ਮੁਕਤ ਕਰਕੇ ਸੱਚ, ਨੈਤਿਕਤਾ ਅਤੇ ਕਿਰਤ ਦੀ ਮਹਾਨਤਾ ਦਾ ਰਾਹ ਦੱਸਿਆ। ਉਨ੍ਹਾਂ ਨੇ ਦਰਸਾਇਆ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ” ਜੀਵਨ ਦਾ ਪੂਰਨ ਫ਼ਲਸਫ਼ਾ ਹੈ ਜੋ ਮਨੁੱਖ ਨੂੰ ਮਿਹਨਤ, ਨੈਤਿਕਤਾ ਅਤੇ ਸਾਂਝੇਦਾਰੀ ਦੀ ਸਿੱਖਿਆ ਦਿੰਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅਮਲ ਵਿਚ ਲਿਆਉਣ ਅਤੇ ਸੱਚਾਈ, ਸੇਵਾ ਅਤੇ ਪ੍ਰੇਮ ਨੂੰ ਜੀਵਨ ਦਾ ਅਭਿੰਨ ਅੰਗ ਬਣਾਉਣ।
ਪ੍ਰੋਫੈਸਰ ਸੁਰਜੀਤ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ “ਗੁਰੂ ਨਾਨਕ ਦੇਵ ਜੀ ਦੀ ਬਾਣੀ — ਮਾਨਵਤਾ ਦਾ ਸਰੋਤ” ਵਿੱਚ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖੀ ਆਤਮਾ ਦਾ ਪ੍ਰਤੀਬਿੰਬ ਹੈ।
ਪ੍ਰੋਫੈਸਰ ਦਿਲਬਾਗ ਸਿੰਘ ਨੇ “ਇਤਿਹਾਸਕ ਪ੍ਰਸੰਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਅਤੇ ਸੰਦੇਸ਼” ਵਿਸ਼ੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ ਪੂਰੀ ਦੁਨੀਆ ਦਾ ਦੌਰਾ ਕਰਕੇ ਮਨੁੱਖਤਾ, ਸ਼ਾਂਤੀ ਅਤੇ ਸੱਚ ਦੇ ਪ੍ਰਸਾਰ ਦਾ ਅਦਭੁਤ ਉਦਾਹਰਣ ਪੇਸ਼ ਕੀਤਾ।
ਸੈਮੀਨਾਰ ਦੌਰਾਨ ਐਮ.ਏ. ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਤਿਆਰ ਕੀਤੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ।
ਪੰਜਾਬੀ ਸੋਸਾਇਟੀ ਅਤੇ ਮਿਊਜ਼ਿਕ ਵਿਭਾਗ ਦੇ ਵਿਦਿਆਰਥੀਆਂ ਨੇ ਸੁਰੀਲੀ ਗੁਰਬਾਣੀ ਪੇਸ਼ ਕਰਕੇ ਪੂਰੇ ਹਾਲ ਨੂੰ ਆਧਿਆਤਮਿਕ ਰੰਗ ਨਾਲ ਭਰ ਦਿੱਤਾ।
ਸੈਮੀਨਾਰ ਦੇ ਅੰਤ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਹੋਇਆ ਜਿਸ ਤੋਂ ਬਾਅਦ ਪ੍ਰੋਫੈਸਰ ਸੰਦੀਪ ਕੌਰ ਨੇ ਸਾਰੇ ਮਹਿਮਾਨਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਬੋਧ ਪ੍ਰਗਟ ਕੀਤਾ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੈਠਣ ਦੀ ਵਿਵਸਥਾ ਪ੍ਰੋਫੈਸਰ ਹਰਮੀਤ ਕੌਰ, ਪ੍ਰੋਫੈਸਰ ਪਲਵਿੰਦਰ ਕੌਰ ਅਤੇ ਪ੍ਰੋਫੈਸਰ ਸੁਰਜੀਤ ਸਿੰਘ ਜੀ ਵੱਲੋਂ ਸੁਚਾਰੂ ਤਰੀਕੇ ਨਾਲ ਕੀਤੀ ਗਈ। ਸਾਊਂਡ ਸਿਸਟਮ ਅਤੇ ਮੰਚ ਸਜਾਵਟ ਦੀ ਵਿਵਸਥਾ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ, ਜਦਕਿ ਕੜਾਹ ਪ੍ਰਸਾਦ ਦਾ ਪ੍ਰਬੰਧ ਪ੍ਰੋਫੈਸਰ ਕਰਨਜੀਤ ਸ਼ਰਮਾ ਅਤੇ ਪ੍ਰੋਫੈਸਰ ਸਰਬਜੀਤ ਸਿੰਘ ਵੱਲੋਂ ਬਹੁਤ ਸੁਚਾਰੂ ਢੰਗ ਨਾਲ ਕੀਤਾ ਗਿਆ।