ਬ੍ਰਿਗੇਡੀਅਰ ਰਾਜ ਕੁਮਾਰ (ਰਿਟਾਇਰਡ) ਨੇ ਭਾਰਤ ਦੇ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਸ ਦੇ ਚੇਅਰਮੈਨ ਨੂੰ ਗੁੱਜਰ ਭਾਈਚਾਰੇ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂ
ਗੁੱਜਰ ਜਾਤੀ ਦਾ ਇੱਕ ਨਾਮ ਨੋਟੀਫਾਈ ਕਰਨ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 16 ਅਕਤੂਬਰ,2025
ਭਾਰਤ ਦੇ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਸ ਦੇ ਚੇਅਰਮੈਨ ਹੰਸ ਰਾਜ ਗੰਗਾਰਾਮ ਅਹੀਰ ਨੇ ਬੀਤੇ ਕੱਲ ਚੰਡੀਗੜ੍ਹ ਵਿਖੇ ਪੰਜਾਬ, ਹਰਿਆਣਾ ਅਤੇ ਯੂ.ਟੀ ਚੰਡੀਗੜ੍ਹ ਦੇ ਬੈਕਵਰਡ ਕਲਾਸਿਸ ਦੇ ਨੁਮਾਇੰਦਿਆ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ ਜਿੱਥੇ ਪੰਜਾਬ ਰਾਜ ਵਲੋਂ ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ (ਰਿਟਾਇਰਡ) ਨੇ ਵੱਖ-ਵੱਖ ਮਸਲੇ ਰੱਖੇ।
ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਗੁੱਜਰ ਜਾਤੀ ਨੂੰ ਗੂਜਰ, ਗੁਰਜਰ, ਗੁਜਰ, ਗੋਜਰ ਆਦਿ ਨਾਮਾ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਮਿਸ਼ਨ ਅੱਗੇ ਅਪੀਲ ਕੀਤੀ ਕਿ ਅਪਣੇ ਰਿਕਾਰਡ ਵਿੱਚ ਇਹ ਸਾਰੇ ਨਾਮਾਂ ਨੂੰ ਗੁੱਜਰ ਜਾਤੀ ਦੇ ਇਕ ਹੈੱਡ ਥਲੇ ਨੋਟੀਫਾਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਾਲ ਹੀ ਕਮਿਸ਼ਨ ਰਾਹੀਂ ਸੂਬਿਆਂ ਨੂੰ ਵੀ ਅਜਿਹਾ ਕਰਨ ਲਈ ਆਦੇਸ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਗੁੱਜਰ ਜਾਤੀ ਦੇ ਲੋਕਾਂ ਨੂੰ ਮਿਲਦਾ-ਜੁਲਦਾ ਵੱਖਰਾ ਨਾਂ ਹੋਣ ਕਰਕੇ ਬੈਕਵਰਡ ਕਲਾਸ ਸਰਟੀਫਿਕੇਟ ਬਣਵਾਉਣ ਲਈ ਦਿੱਕਤ ਨਹੀਂ ਆਵੇਗੀ।
ਬ੍ਰਿਗੇਡੀਅਰ ਰਾਜ ਕੁਮਾਰ ਨੇ ਇਹ ਵੀ ਅਪੀਲ ਕੀਤੀ ਕਿ ਜਨਰਲ ਅਤੇ ਜਾਤੀ ਜਨਗਣਨਾ ਦੌਰਾਨ ਵੀ ਗੁਜਰ ਜਾਤੀ ਦੇ ਵੱਖ-ਵੱਖ ਨਾਮਾਂ ਨੂੰ ਇਕੱਠਾ ਇਕੋ ਕਾਲਮ ਵਿਚ ਇੱਕ ਕੀਤਾ ਜਾਵੇ ਤਾਂ ਜੋ ਦੇਸ਼ ਅਤੇ ਸੂਬਾ ਪੱਧਰ ‘ਤੇ ਗੁਜਰ ਸਮਾਜ ਦੀ ਅਬਾਦੀ ਦੇ ਸਹੀ ਅੰਕੜੇ ਸਾਹਮਣੇ ਆ ਸਕਣ। ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਸ ਦੇ ਚੇਅਰਮੈਨ ਹੰਸ ਰਾਜ ਗੰਗਾਰਾਮ ਅਹੀਰ ਨੇ ਉਨ੍ਹਾਂ ਦੇ ਮਸਲੇ ਸੁਣ ਕੇ ਢੁਕਵਾਂ ਹੱਲ ਕਰਨ ਦਾ ਭਰੋਸਾ ਦਿੱਤਾ।