ਹੜ੍ਹ ਪ੍ਰਭਾਵਤ ਖੇਤਾਂ ਵਿਚ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਖਾਦਾਂ ਵਰਤਣ ਦੀ ਜ਼ਰੂਰਤ: ਡਾਕਟਰ ਅਮਰੀਕ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ : 16 ਅਕਤੂਬਰ ਅਗਸਤ ਮਹੀਨੇ ਦੌਰਾਨ ਪੰਜਾਬ ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਨਾਲ ਆਈ ਗਾਰ ਅਤੇ ਰੇਤ ਨੇ ਇਸ ਖਿੱਤੇ ਦੀ ਸਭ ਤੋਂ ਵੱਧ ਉਪਜਾਊ ਮਿੱਟੀ ਨੂੰ ਪ੍ਰਭਾਵਤ ਕੀਤਾ ਹੈ ਜਿਸ ਨੂੰ ਸੁਧਾਰਨ ਲਈ ਕਿਸਾਨਾਂ ਨੂੰ ਹੁਣ ਤੋਂ ਹੀ ਲੋੜੀਂਦੇ ਉਪਰਾਲੇ ਕਰਨੇ ਪੈਣਗੇ ,ਇਨਾਂ ਉਪਰਾਲਿਆਂ ਵਿਚ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਰਿਪੋਰਟ ਦੇ ਅਧਾਰ ਤੇ ਖਾਦਾਂ ਵਰਤਣ ਦੀ ਜ਼ਰੂਰਤ ਹੈ ਤਾਂ ਜੋਂ ਕਣਕ ਦੀ ਫ਼ਸਲ ਤੋਂ ਵਧੇਰੇ ਅਤੇ ਗੁਣਵੱਤਾ ਭਰਪੂਰ ਪੈਦਾਵਾਰ ਲਈ ਜਾ ਸਕੇ। ਹੜ੍ਹ ਪ੍ਰਭਾਵਤ ਪਿੰਡਾਂ ਰਸੀਂ ਕੇ ਤਲਾ,ਨਬੀਨਗਰ,ਬਰਿਆਰ,ਰਾਮਪੁਰ ਅਤੇ ਦਬੁਰਜੀ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ,ਯੰਗ ਇੰਨੋਵੇਟਿਵ ਸਮੂਹ, ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਮਿੱਟੀ ਪਰਖ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾਕਟਰ ਅਮਰੀਕ ਸਿੰਘ ਸੰਸਥਾਪਕ ਅਤੇ ਸੰਯੁਕਤ ਨਿਰਦੇਸ਼ਕ (ਖ਼ੇਤੀਬਾੜੀ),ਪ੍ਰਧਾਨ ਗੁਰਬਿੰਦਰ ਸਿੰਘ ਬਾਜਵਾ,ਵਾਤਾਵਰਨ ਪ੍ਰੇਮੀ ਇੰਜ ਬਲਦੇਵ ਸਿੰਘ ਐੱਸ ਈ,ਪਲਵਿੰਦਰ ਸਿੰਘ ,ਡਾਕਟਰ ਮਨਪ੍ਰੀਤ ਸਿੰਘ ਖ਼ੇਤੀਬਾੜੀ ਅਫ਼ਸਰ,ਡਾਕਟਰ ਹਰਮਨਦੀਪ ਸਿੰਘ ,ਡਾਕਟਰ ਵਿਸ਼ਰਦ ਕੁੰਦਰਾ ਖ਼ੇਤੀਬਾੜੀ ਵਿਕਾਸ ਅਫ਼ਸਰ,ਦਿਲਬਾਗ ਸਿੰਘ ਚੀਮਾ,ਕਿਸਾਨ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਪਹਾੜਾਂ ਤੋਂ ਆਈ ਗਾਰ ਅਤੇ ਰੇਤ ਨੇ ਖੇਤਾਂ ਦੀ ਦੀ ਮਿੱਟੀ ਦੀ ਭੌਤਿਕੀ ਅਤੇ ਰਸਾਇਣਕ ਅਤੇ ਜੈਵਿਕ ਬਣਤਰ ਹੀ ਬਦਲ ਦਿੱਤੀ ਹੈ, ਜਿਸ ਨਾਲ ਭਵਿਖ ਵਿਚ ਫ਼ਸਲਾਂ ਨੂੰ ਲੋੜੀਂਦੇ ਖੁਰਾਕੀ ਤੱਤਾਂ ਦੀ ਅਸੰਤੁਲਨਤਾ, ਪਾਣੀ-ਰੋਧਕ ਪਰਤਾਂ ਅਤੇ ਉਤਪਾਦਕਤਾ ਵਿੱਚ ਘਾਟ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਸਿਆ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚੋਂ ਪੰਜਾਬ ਖੇਤੀਬਾੜੀ ਯਨੀਵਰਸਿਟੀ ਦੇ ਖੋਜ ਕਰਤਾਵਾਂ ਵਲੋਂ ਲਏ ਮਿੱਟੀ ਦੇ ਨਮੂਨਿਆਂ ਦੇ ਅਧਿਐਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਇਲਾਕਿਆਂ ਵਿੱਚ ਰੇਤ ਅਤੇ ਗਾਰ ਦੀ ਇੱਕ ਮੀਟਰ ਤੋਂ ਵੱਧ ਮੋਟੀ ਪਰਤ ਜੰਮ ਗਈ ਹੈ, ਜਦੋਂ ਕਿ ਕੁਝ ਥਾਵਾਂ 'ਤੇ ਇਹ ਪਰਤ ਕਾਫ਼ੀ ਪਤਲੀ ਹੈ ਜੋਂ ਰੇਤਲੀ ਤੋਂ ਬਾਰੀਕ ਦਾਣੇਦਾਰ ਅਤੇ ਦੋਮਟ ਹੈ। ਉਨ੍ਹਾਂ ਦਸਿਆ ਕਿ ਹੜ੍ਹ-ਪ੍ਰਭਾਵਿਤ ਖੇਤਾਂ ਦੀ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਆਮ ਤੌਰ 'ਤੇ ਵੱਧ ਪਾਈ ਗਈ (0.75% ਤੋਂ 1% ਤੱਕ), ਜਦੋਂ ਕਿ ਰੇਤ ਵਾਲੇ ਖੇਤਰਾਂ ਵਿੱਚ ਇਹ ਮਾਤਰਾ ਘੱਟ ਹੋ ਗਈ ਅਤੇ ਲੋਹੇ ਅਤੇ ਮੈੰਗਨੀਜ਼ ਵਰਗੇ ਸੂਖਮ ਤੱਤ ਆਮ ਨਾਲੋਂ ਵੱਧ ਪਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚੋਂ 5 ਮਿੱਟੀ ਦੇ ਨਮੂਨੇ ਪ੍ਰਤੀ ਲਏ ਗਏ ਹਨ ਤਾਂ ਇਨ੍ਹਾਂ ਖੇਤਾਂ ਦੀ ਮਿੱਟੀ ਦੀ ਭੌਤਿਕ ਅਤੇ ਰਸਾਇਣਕ ਬਣਤਰ ਦਾ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਰਸਾਇਣਿਕ ਖਾਦਾਂ ਦੇ ਨਾਲ ਦੇਸੀ ਰੂੜੀ ਅਤੇ ਹਰੀ ਖਾਦ ਦੀ ਵਰਤੋਂ ਕਰਨ ਤਾਂ ਜੋ ਇਹ ਮਿੱਟੀ ਵਿੱਚ ਗੰਡੋਇਆਂ ਅਤੇ ਸੂਖਮ ਜੀਵਾਂ ਦੀ ਗਤੀਵਿਧੀ ਵਧਾਈ ਜਾ ਸਕੇ ਕਿਉਂਕਿ ਇਹ ਜੀਵ ਮਿੱਟੀ ਨੂੰ ਪੋਲਿਆਂ ਕਰਕੇ ਪਾਣੀ ਦੀ ਜਜਬ ਕਰਨ ਦੀ ਸਮਰਥਾ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਮਿੱਟੀ ਦੇ ਭੌਤਿਕੀ,ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਸੁਧਾਰ ਹੋਣ ਦੇ ਨਾਲ ਨਾਲ ਮਿੱਟੀ ਵਿਚ ਪਾਣੀ ਜੀਰਨ ਦੀ ਸਮਰਥਾ ਅਤੇ ਉਪਜਾਊ ਸ਼ਕਤੀ ਵਿਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੀਮ ਪਹਾੜੀ ਜ਼ਿਲਿਆਂ ਦੀ ਮਿੱਟੀ ਵਿਚ ਪੋਟਾਸ਼ ਖੁਰਾਕੀ ਤੱਤ ਦੀ ਘਾਟ ਨੂੰ ਵੇਖਦਿਆਂ ਪ੍ਰਤੀ ਏਕੜ 40 ਕਿਲੋ ਮਿਉਰਟ ਆਫ ਪੋਟਾਸ਼ ਕਣਕ ਦੀ ਬਿਜਾਈ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਗਾਰ ਦੀ ਪਰਤ 6 ਇੰਚੀ ਤੱਕ ਹੈ , ਉਨ੍ਹਾਂ ਵਿਚ ਉਲਟਾਵੀ ਹੱਲ ,ਤਵੀਆਂ ਨਾਲ ਗਾਰ ਨੂੰ ਖੇਤ ਦੀ ਮਿੱਟੀ ਵਿੱਚ ਮਿਲਾ ਦੇਣਾ ਚਾਹੀਦਾ ਅਤੇ ਜੇਕਰ ਰੇਤ ਅਤੇ ਮਿੱਟੀ ਦੀ ਪਰਤ ਜ਼ਿਆਦਾ ਮੋਟੀ ਹੈ ਤਾਂ ਰੇਤ ਅਤੇ ਮਿੱਟੀ ਨੂੰ ਚੁਕਵਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਵਾਲੇ ਇਲਾਕਿਆਂ ਵਿਚ ਫ਼ਸਲੀ ਰਹਿੰਦ ਖੂਹੰਦ ਚੁਕਾਉਣ ਦੀ ਬਿਜਾਏ ਸੁਪਰ ਸੀਡਰ,ਰੋਟਾਵੇਟਰ ਜਾਂ ਤਵੀਆਂ ਨਾਲ ਖੇਤਾਂ ਵਿਚ ਹੀ ਮਿਲਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਹਰੀ ਖਾਦ ਵੀ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਫ਼ਸਲੀ ਰਹਿੰਦ ਖੁੰਹਦ/,ਪਰਾਲੀ ਨੂੰ ਅੱਗ ਕਿਸੇ ਵੀ ਹਾਲਤ ਵਿੱਚ ਨਾਂ ਲਗਾਈ ਜਾਵੇ ਤਾਂ ਜੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਕੇ ਮਿੱਟੀ ਦੀ ਪਹਿਲੇ ਵਾਲੀ ਸਥਿਤੀ ਬਹਾਲ ਕੀਤੀ ਜਾ ਸਕੇ।