ਸੰਤ ਸੀਚੇਵਾਲ ਅਤੇ ਵਿਧਾਇਕ ਬਲਕਾਰ ਸਿੰਘ ਨੇ ਸੀਵਰੇਜ਼ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
- ਬਰਸਰਾਮਪੁਰ ’ਚ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਖਰਚੇ ਜਾਣਗੇ 1 ਕਰੋੜ ਰੁਪਏ
ਜਲੰਧਰ, 16 ਅਕਤੂਬਰ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਅੱਜ ਪਿੰਡ ਬਰਸਰਾਮਪੁਰ ਵਿਖੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 1 ਕਰੋੜ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਅਰਦਾਸ ਕਰਨ ਉਪਰੰਤ ਸੀਰਵੇਜ ਪਾਉਣ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਸੰਤ ਸੀਚੇਵਾਲ ਨੇ ਜੇ.ਸੀ.ਬੀ ਮਸ਼ੀਨ ਆਪ ਚਲਾ ਕੇ ਸੀਵਰੇਜ਼ ਪਾਉਣ ਲਈ ਟੱਕ ਲਾਇਆ। ਪਿੰਡ ਦੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵਲੋਂ ਸੀਵਰੇਜ ਪਾਉਣ ਸਬੰਧੀ ਕੀਤੀ ਜਾ ਰਹੀ ਪਹਿਲਕਦਮੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਂਝੇ ਉਪਰਾਲਿਆਂ ਨਾਲ ਹੀ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਪੈਦਾ ਹੋਈ ਔਖੀ ਘੜੀ ਵਿੱਚ ਐਨ.ਆਰ.ਆਈਜ਼ ਨੇ ਵੱਡੇ ਪੱਧਰ 'ਤੇ ਸਾਥ ਦੇਕੇ ਪੰਜਾਬ ਵਾਸੀਆਂ ਦੀ ਹਰ ਮਦਦ ਕੀਤੀ ਹੈ। ਉਨ੍ਹਾਂ ਇਸ ਮੌਕੇ ਆਪਣੇ ਅਖ਼ਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜਿਥੇ ਸ਼ਹਿਰਾਂ ਨੂੰ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਉਥੇ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਵੀ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵਲੋਂ ਸੂਬੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਵਲੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਪਣੇ ਅਖ਼ਤਿਆਰੀ ਫੰਡ ਵਿਚੋਂ 15 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇੰਗਲੈਂਡ ਤੋਂ ਆਏ ਐਨ.ਆਰ.ਆਈ. ਮਨੀ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਸੀਵਰੇਜ ਪਾਉਣ ਲਈ 45 ਲੱਖ ਰੁਪਏ ਇੱਕਠੇ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਇਹ ਭਰੋਸਾ ਦਿੱਤਾ ਹੋਇਆ ਹੈ ਕਿ ਸੀਵਰੇਜ ਪਾਉਣ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਰਸਰਾਮਪੁਰ ਵਿੱਚ ਸੀਵਰੇਜ ਪਾਉਣ ਬਾਰੇ ਸਰਵੇ ਕੀਤਾ ਗਿਆ ਸੀ ਅਤੇ ਇਸ ਸੀਵਰੇਜ ਦਾ ਬਜਟ ਲਗਭਗ ਇੱਕ ਕਰੋੜ ਰੁਪਏ ਦੇ ਕਰੀਬ ਹੈ।
ਇਸ ਮੌਕੇ ਬੀ.ਡੀ.ਪੀ.ਓ. ਸੇਵਾ ਸਿੰਘ ਸਮੇਤ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਪਿੰਡ ਵਾਸੀਆਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਬਲਕਾਰ ਸਿੰਘ, ਐਨ.ਆਰ.ਆਈ. ਜਸਵਿੰਦਰ ਸਿੰਘ ਕਾਲਾ ਯੂਕੇ, ਮੰਡੀ ਬੋਰਡ ਦੇ ਚੇਅਰਮੈਨ ਗੁਰਪਾਲ ਸਿੰਘ ਤੇ ਪਿੰਡ ਦੀਆਂ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ।