MLA ਕੁਲਵੰਤ ਸਿੰਘ ਦੇ ਯਤਨਾਂ ਨੂੰ ਬੂਰ; ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਲਈ ਵੱਡੀ ਰਾਹਤ
— ਗਮਾਡਾ ਵੱਲੋਂ ਐਨਹਾਂਸਮੈਂਟ ਰਕਮ 3164 ਰੁਪਏ ਪ੍ਰਤੀ ਵਰਗ ਮੀਟਰ ਤੋਂ ਘਟਾ ਕੇ 2325 ਰੁਪਏ ਕੀਤੀ
ਵਿਧਾਇਕ ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਨਾਲ ਮਿਲੀ ਰਾਹਤ ਲਈ ਲੋਕਾਂ ਨੇ ਕੀਤਾ ਧੰਨਵਾਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਕਤੂਬਰ: ਐਮ ਐਲ ਏ ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਨੂੰ ਵੱਡੀ ਰਾਹਤ ਮਿਲੀ ਹੈ। ਗਮਾਡਾ ਵੱਲੋਂ ਪਲਾਟਾਂ ਦੀ ਐਨਹਾਂਸਮੈਂਟ ਰਕਮ ਨੂੰ 3164 ਰੁਪਏ ਪ੍ਰਤੀ ਵਰਗ ਮੀਟਰ ਤੋਂ ਘਟਾ ਕੇ 2325 ਰੁਪਏ ਪ੍ਰਤੀ ਵਰਗ ਮੀਟਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪਲਾਟ ਹੋਲਡਰਾਂ ਨੂੰ 839 ਰੁਪਏ ਪ੍ਰਤੀ ਵਰਗ ਮੀਟਰ ਦੀ ਸਿੱਧੀ ਰਾਹਤ ਪ੍ਰਾਪਤ ਹੋਈ ਹੈ, ਜਿਸ ਦਾ ਫ਼ਾਇਦਾ ਲਗਭਗ 10 ਹਜ਼ਾਰ ਪਲਾਟ ਹੋਲਡਰਾਂ ਨੂੰ ਮਿਲੇਗਾ।
ਇਹ ਰਾਹਤ ਹਲਕੇ ਦੇ ਵਿਧਾਇਕ ਸ. ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਨਾਲ ਸੰਭਵ ਹੋਈ ਹੈ, ਜੋ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਸ ਮਾਮਲੇ ਨੂੰ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਪੱਧਰ ‘ਤੇ ਉਠਾਉਂਦੇ ਰਹੇ ਹਨ।
ਐਂਟੀ ਐਨਹਾਂਸਮੈਂਟ ਕਮੇਟੀ ਅਤੇ ਪ੍ਰਭਾਵਿਤ ਸੈਕਟਰਾਂ ਦੇ ਪ੍ਰਤੀਨਿਧੀਆਂ ਵੱਲੋਂ ਅੱਜ ਵਿਧਾਇਕ ਸ. ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਧੰਨਵਾਦ ਪ੍ਰਗਟਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਸ ਮਹੱਤਵਪੂਰਨ ਫੈਸਲੇ ਬਾਰੇ ਜਾਣਕਾਰੀ ਦਿੱਤੀ।
ਸ. ਕੁਲਵੰਤ ਸਿੰਘ ਨੇ ਕਿਹਾ ਕਿ 2013 ਵਿੱਚ ਪਲਾਟਾਂ ਦੀ ਕੀਮਤ ਵਿੱਚ ਵਾਧੇ ਦੀ ਰਕਮ 700 ਤੋਂ 850 ਰੁਪਏ ਪ੍ਰਤੀ ਵਰਗ ਮੀਟਰ ਦੇ ਵਿਚਕਾਰ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਰਾਜਨੀਤਿਕ ਕਾਰਨਾਂ ਕਰਕੇ ਲੰਬਾ ਖਿੱਚਿਆ, ਜਿਸ ਕਰਕੇ ਇਹ ਰਕਮ 3164 ਰੁਪਏ ਪ੍ਰਤੀ ਵਰਗ ਮੀਟਰ ਤੱਕ ਵੱਧ ਗਈ ਸੀ। ਗਮਾਡਾ ਵੱਲੋਂ ਉੱਚੇ ਰੇਟਾਂ ‘ਤੇ ਡਿਮਾਂਡ ਨੋਟਿਸ ਜਾਰੀ ਹੋਣ ਕਾਰਨ ਪਲਾਟ ਹੋਲਡਰਾਂ ਵਿੱਚ ਭਾਰੀ ਨਾਰਾਜ਼ਗੀ ਪੈਦਾ ਹੋਈ ਸੀ।
ਇਸ ਸਮੱਸਿਆ ਦੇ ਹੱਲ ਲਈ ਐਂਟੀ ਐਨਹਾਂਸਮੈਂਟ ਕਮੇਟੀ ਬਣਾਈ ਗਈ, ਜਿਸ ਨੇ ਵਿਧਾਇਕ ਸ. ਕੁਲਵੰਤ ਸਿੰਘ ਨੂੰ ਹਿੱਤ ਰੱਖਣ ਵਾਲੇ ਪਲਾਟ ਹੋਲਡਰਾਂ ਦੇ ਮੁੱਦੇ ਨਾਲ ਜਾਣੂ ਕਰਵਾਇਆ। ਵਿਧਾਇਕ ਵੱਲੋਂ ਉਸ ਸਮੇਂ ਇਹ ਭਰੋਸਾ ਦਵਾਇਆ ਗਿਆ ਸੀ ਕਿ ਰਕਮ ਪੂਰੀ ਤਰ੍ਹਾਂ ਮੁਆਫ਼ ਤਾਂ ਨਹੀਂ ਹੋ ਸਕਦੀ, ਕਿਉਂਕਿ ਗਮਾਡਾ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜ਼ਮੀਨ ਮਾਲਕਾਂ ਨੂੰ ਵਧੀ ਰਕਮ ਦੇਣੀ ਪੈਣੀ ਹੈ, ਪਰ ਉਹ ਇਸ ਵਿੱਚ ਵੱਡੀ ਕਟੌਤੀ ਜ਼ਰੂਰ ਕਰਵਾਉਣਗੇ। ਅੱਜ ਉਹਨਾਂ ਦੀ ਕੋਸ਼ਿਸ਼ਾਂ ਦਾ ਨਤੀਜਾ ਲੋਕਾਂ ਦੇ ਸਾਹਮਣੇ ਹੈ।
ਉਨ੍ਹਾਂ ਕਿਹਾ ਕਿ ਗਮਾਡਾ ਅਨੁਸਾਰ, ਜੇਕਰ ਕਿਸੇ ਪਲਾਟ ਹੋਲਡਰ ਵੱਲੋਂ ਪਹਿਲਾਂ ਹੀ ਵਧੀ ਰਕਮ ਜ਼ਿਆਦਾ ਅਦਾ ਕਰ ਦਿੱਤੀ ਗਈ ਹੈ, ਤਾਂ ਵਾਧੂ ਅਦਾ ਕੀਤੀ ਰਕਮ ਵਾਪਸ ਕੀਤੀ ਜਾਵੇਗੀ ਅਤੇ ਨਵੇਂ ਨੋਟਿਸ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਐਂਟੀ ਐਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ (ਸੈਕਟਰ 76–80), ਰਜੀਵ ਵਸ਼ਿਸ਼ਟ, ਜਰਨੈਲ ਸਿੰਘ, ਚਰਨਜੀਤ ਕੌਰ ਦਿਓਲ, ਮੇਜਰ ਸਿੰਘ, ਸੁੱਖਚੈਨ ਸਿੰਘ ਅਤੇ ਸੈਕਟਰਾਂ ਦੇ ਹੋਰ ਨਿਵਾਸੀ ਹਾਜ਼ਰ ਸਨ।
ਨਿਵਾਸੀਆਂ ਅਤੇ ਕਮੇਟੀ ਮੈਂਬਰਾਂ ਨੇ ਵਿਧਾਇਕ ਸ. ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਅਤੇ ਵਚਨਬੱਧਤਾ ਲਈ ਉਨ੍ਹਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜਿਸ ਨਾਲ ਸੈਕਟਰ 76 ਤੋਂ 80 ਦੇ ਹਜ਼ਾਰਾਂ ਪਰਿਵਾਰਾਂ ਨੂੰ ਲੰਬੇ ਸਮੇਂ ਤੋਂ ਲਟਕ ਰਹੀ ਰਾਹਤ ਮਿਲੀ ਹੈ।