ਬਿਜਲੀ ਮੁਲਾਜ਼ਮਾਂ ਵੱਲੋਂ ਦੂਜੇ ਦਿਨ ਸੀ ਐਮ ਸੀ ਡਵੀਜ਼ਨ ਵਿੱਚ ਪ੍ਰਦਰਸ਼ਨ
- ਦੂਜੇ ਦਿਨ ਸਮੂਹਿਕ ਛੁੱਟੀ ਦੀ ਵਧੀ ਦਰ ਨੇ ਸਾਬਿਤ ਕੀਤਾ ਕਿ ਮੁਲਾਜਮਾਂ ਨੂੰ ਐਸਮਾ ਦੀ ਕੋਈ ਪ੍ਰਵਾਹ ਨਹੀਂ : ਆਗੂ
ਲੁਧਿਆਣਾ 12 ਅਗਸਤ 2025 - ਬਿਜਲੀ ਏਕਤਾ ਮੰਚ, ਜੁਆਇੰਟ ਫੋਰਮ, ਏ ਓ ਜੇ ਈ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੀ ਸਾਂਝੀ ਅਗਵਾਈ ਹੇਠ ਪੰਜਾਬ ਭਰ ਦੇ ਬਿਜਲੀ ਕਾਮਿਆਂ ਵੱਲੋਂ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਕੋਲੋਂ ਮੰਨੀਆਂ ਮੰਗਾਂ ਦਾ ਸਰਕੂਲਰ ਜਾਰੀ ਕਰਵਾਉਣ ਲਈ ਸਮੂਹਿਕ ਛੁੱਟੀਆਂ ਭਰਕੇ ਵਿੱਢਿਆ ਗਿਆ ਸੰਘਰਸ਼ ਦੂਜੇ ਦਿਨ ਨੂੰ ਪਾਰ ਕਰ ਗਿਆ ਹੈ। ਅੱਜ ਸੀ ਐਮ ਸੀ ਡਵੀਜ਼ਨ ਵਿੱਚ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ, ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ ਰਾਮਗੜ੍ਹ ਅਤੇ ਪੈਨਸ਼ਨਰਜ ਯੂਨੀਅਨ ਦੇ ਆਗੂ ਕੇਵਲ ਸਿੰਘ ਬਨਵੈਤ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ।
ਜਿੱਥੇ ਚੱਲ ਰਹੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮੂਹਿਕ ਛੁੱਟੀਆਂ ਭਰਕੇ ਹੜਤਾਲ ਤੇ ਗਏ ਸਾਥੀਆਂ ਦੀ ਦਰ ਕੱਲ ਨਾਲੋਂ ਵੱਧ ਗਈ ਹੈ ਜ਼ੋ 13 ਅਗਸਤ ਨੂੰ ਹੋਰ ਵਧੇਗੀ। ਵਧ ਰਹੀ ਦਰ ਜਿੱਥੇ ਸਾਥੀਆਂ ਦੇ ਸੰਘਰਸ਼ ਪ੍ਰਤੀ ਹੌਂਸਲੇ ਨੂੰ ਦਰਸਾਉਂਦੀ ਹੈ ਉਥੇ ਇਸ ਗੱਲ ਦਾ ਵੀ ਸੰਕੇਤ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਐਸਮਾ ਲਗਾਉਣ ਦੀ ਦਿੱਤੀ ਜਾ ਰਹੀ ਧਮਕੀ ਦੀ ਕੋਈ ਪ੍ਰਵਾਹ ਨਹੀਂ। ਸਰਕਾਰ ਅਤੇ ਮੈਨੇਜਮੈਂਟ ਦੇ ਲਾਰਿਆਂ ਤੋਂ ਅੱਕੇ ਬਿਜਲੀ ਕਾਮੇਂ ਹੁਣ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਹੋਣ ਤੇ ਹੀ ਸਰਕਾਰ ਅਤੇ ਮੈਨੇਜਮੈਂਟ ਉੱਤੇ ਭਰੋਸਾ ਕਰਨਗੇ। ਮਹਿਦੂਦਾਂ ਨੇ ਕਿਹਾ ਕਿ ਬਿਜਲੀ ਮੰਤਰੀ ਮੰਗਾਂ ਮੰਨਣ ਦੀ ਗੱਲ ਨੂੰ ਅੱਜ ਦੇ ਅਖ਼ਬਾਰਾਂ ਚ ਖੁਦ ਮੰਨ ਚੁੱਕਿਆ ਹੈ ਪਰ ਉਹ 2 ਜੂਨ ਤੋਂ ਏਨ੍ਹਾ ਦੇ ਸਰਕੂਲਰ ਜਾਰੀ ਕਰਵਾਉਣ ਤੋਂ ਕਿਉਂ ਭੱਜ ਰਿਹਾ ਹੈ।
ਸੂਬਾਈ ਆਗੂਆਂ ਸ੍ਰ ਰਾਮਗੜ੍ਹ ਅਤੇ ਸ਼੍ਰੀ ਪਾਲੀ ਨੇ ਕਿਹਾ ਕਿ ਅੱਜ ਖ਼ਪਤਕਾਰਾਂ ਨੂੰ ਵੱਡੇ ਪੱਧਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਲਈ ਲਈ ਮੁਆਫੀ ਜਰੂਰ ਮੰਗਦੇ ਹਾਂ ਪਰ ਇਸਦੇ ਜਿੰਮੇਵਾਰ ਅਸੀਂ ਨਹੀਂ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਹੈ। ਇਸ ਲਈ ਬਿਜਲੀ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹੋਈ ਜਨਤਾ ਵੀ ਸਾਡੇ ਸੰਘਰਸ਼ ਨੂੰ ਕੁਝ ਕਿਸਾਨ ਜਥੇਬੰਦੀਆਂ ਵਾਂਗ ਸਮਰਥਨ ਦੇਣ। ਦੋਵਾਂ ਆਗੂਆਂ ਨੇ ਕਿਹਾ ਕਿ ਸਾਡੀਆਂ ਕੁਝ ਮੰਗਾਂ ਜਨਤਾ ਨਾਲ ਵੀ ਸਬੰਧਿਤ ਹਨ ਇਸ ਲਈ ਇਹ ਸੰਘਰਸ਼ ਸਾਡਾ ਸੰਘਰਸ਼ ਹੋਣ ਦੇ ਨਾਲ ਨਾਲ ਲੋਕਾਂ ਦਾ ਵੀ ਸੰਘਰਸ਼ ਹੈ। ਸੀਨੀਅਰ ਆਗੂ ਸਤੀਸ਼ ਭਾਰਦਵਾਜ ਨੇ ਅਗਲੇ ਪ੍ਰੋਗਰਾਮ ਬਾਰੇ ਦਸਦਿਆਂ ਕਿਹਾ ਕਿ ਕੱਲ ਤੱਕ ਸਰਕੂਲਰ ਜਾਰੀ ਨਾ ਹੋਏ ਤਾਂ ਜਿੱਥੇ ਸਮੂਹਿਕ ਛੁੱਟੀਆਂ ਭਰਕੇ ਕੀਤੀ ਜਾ ਰਹੀ ਹੜਤਾਲ ਦਾ ਸਮਾਂ ਹੋਰ ਵਧਾ ਦਿੱਤਾ ਜਾਵੇਗਾ ਉਥੇ ਹੀ 15 ਅਗਸਤ ਨੂੰ ਕਾਲੀਆਂ ਝੰਡੀਆਂ ਲਹਿਰਾ ਕੇ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੌਧ ਵੀ ਕੀਤਾ ਜਾਵੇਗਾ ਜ਼ੋ ਅਜਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਆਉਣਗੇ। ਇਸ ਮੌਕੇ ਧਰਮਿੰਦਰ, ਸੁਖਦੇਵ ਸਿੰਘ, ਗੁਰਮੁੱਖ ਸਿੰਘ, ਰਘਵੀਰ ਸਿੰਘ ਜਮਾਲਪੁਰ, ਸੁਰਜੀਤ ਸਿੰਘ, ਦੀਪਕ ਕੁਮਾਰ, ਅਮਰਜੀਤ ਸਿੰਘ, ਪ੍ਰਕਾਸ਼, ਰਾਮ ਅਵਧ, ਬਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ।