ਕੌਮੀ ਖਾਦ ਕਾਰਖਾਨੇ ਦੇ ਕਰਮਚਾਰੀਆਂ ਨੂੰ ਦਿੱਤੀ ਫਸਟ ਏਡ ਸਬੰਧੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 12 ਅਗਸਤ 2025 : ਐਨਐਫਐਲ ਪਲਾਂਟ ਦੇ ਬਠਿੰਡਾ ਯੂਨਿਟ ਦੇ ਮੁਲਾਜ਼ਮਾਂ ਨੂੰ ਫ਼ਸਟ ਏਡ ਦੀ ਸਿਖਲਾਈ ਦੇਣ ਲਈ ਪਲਾਂਟ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਟਰੇਨਿੰਗ ਹਾਲ ਵਿੱਚ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੇਂਟ ਜੋਹਨ ਕੇਂਦਰ ਦੇ ਫ਼ਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆਂ ਵੱਲੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ ।ਟਰੇਨਿੰਗ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਯੂਨਿਟ ਹੈੱਡ ਸ਼੍ਰੀ ਟੀ. ਕੇ. ਬਤਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ।ਇਸ ਮੌਕੇ 'ਤੇ ਜੀਐੱਮ (ਓ ਐਂਡ ਐਮ) ਆਈ. ਪੀ. ਸਿੰਘ, ਜੀਐੱਮ (ਟੀ.ਐੱਸ.) ਸ਼੍ਰੀਮਤੀ ਸੰਧਿਆ ਬਤਰਾ, ਵੀ ਕੇ ਜੈਨ ਅਤੇ ਵਿਭਾਗਾਂ ਦੇ ਉੱਚ ਅਧਿਕਾਰੀ ਵਿਸ਼ੇਸ਼ ਰੂਪ ਤੋਂ ਮੌਜੂਦ ਸਨ।
ਰੈੱਡ ਕਰਾਸ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਅਤੇ ਸਹਾਇਕ ਸੰਦੀਪ ਕੁਮਾਰ ਨੇ ਮੁਲਾਜ਼ਮਾਂ ਨੂੰ ਬੇਹੋਸ਼ੀ, ਸਨੇਕ ਬਾਈਟ, ਲੂ ਲੱਗਣ, ਫਰੈਕਚਰ ਕੇਸ, ਜਲਣ, ਬਲੀਡਿੰਗ, ਮਿਰਗੀ ਦੌਰਿਆਂ ਅਤੇ ਜ਼ਹਿਰ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ।ਉਹਨਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਫੈਕਟਰੀ ਮੁਲਾਜ਼ਮਾਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਆਮ ਨਾਗਰਿਕਾਂ ਨੂੰ ਵੀ ਫ਼ਸਟ ਏਡ ਦੀ ਸਿੱਖਿਆ ਦਿੱਤੀ ਜਾਂਦੀ ਹੈ। ਐਨ.ਐਫ.ਐਲ. ਯੂਨਿਟ ਹੈੱਡ ਟੀ. ਕੇ. ਬਤਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਲਾਂਟ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਨਾਲ ਨਾਲ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।ਉਹਨਾਂ ਅਪੀਲ ਕੀਤੀ ਕਿ ਮੁਲਾਜ਼ਮ ਇਹ ਜਾਣਕਾਰੀ ਆਪਣੇ ਪਰਿਵਾਰਾਂ ਨਾਲ ਵੀ ਸਾਂਝੀ ਕਰਨ।