ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਤੇ ਸੈਕੰਡਰੀ ਮਮਤਾ ਬਜਾਜ ਦੁਆਰਾ ਵੱਖ ਵੱਖ ਸਕੂਲਾਂ ਦਾ ਨਿਰੀਖਣ
- ਸਮੱਰਥ ਤਹਿਤ ਬੇਸਲਾਈਨ ਦੀ ਰੈਡਮ ਜਾਂਚ ਦੇ ਨਾਲ ਨਾਲ ਮਿਡ ਡੇ ਮੀਲ ਸਾਫ ਸਫਾਈ ਨੂੰ ਜਾਂਚਿਆ
- ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਅਧਿਆਪਕ ਪੁਰਜ਼ੋਰ ਯਤਨ ਕਰਨ - ਮਮਤਾ ਬਜਾਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਅਪ੍ਰੈਲ 2025 - ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਤੀਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਿੱਖਿਆ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਬਣਾਉਣ ਦੇ ਉਦੇਸ਼ ਨਾਲ ਚੱਲ ਰਹੇ ਪ੍ਰੋਜੈਕਟ "ਸਮਰੱਥ" ਵਿੱਚ ਕੀਤੀ ਗਈ ਬੱਚਿਆਂ ਦੀ ਬੇਸਲਾਈਨ ਟੈਸਟਿੰਗ ਦੀ ਰੈਡਮ ਜਾਂਚ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਤੇ ਸੈਕੰਡਰੀ ਸ਼੍ਰੀ ਮਤੀ ਮਮਤਾ ਬਜਾਜ ਦੁਆਰਾ ਵੱਖ ਵੱਖ ਸਕੂਲਾਂ ਜਿਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਰਿਹਾਣਾ ਜੱਟਾਂ, ਸਰਕਾਰੀ ਐਲੀਮੈਂਟਰੀ ਸਕੂਲ ਰਿਹਾਣਾ ਜੱਟਾਂ, ਸਰਕਾਰੀ ਐਲੀਮੈਂਟਰੀ ਸਕੂਲ ਮੀਰਾਪੁਰ, ਸਰਕਾਰੀ ਐਲੀਮੈਂਟਰੀ ਸਕੂਲ ਗੁਜਰਾਤਾਂ, ਸਰਕਾਰੀ ਮਿਡਲ ਸਕੂਲ ਚੱਕ ਹਕੀਮ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਬੱਚਿਆਂ ਦੀ ਅਧਿਆਪਕਾਂ ਦੁਆਰਾ ਕੀਤੀ ਬੇਸਲਾਈਨ ਦੀ ਰੈਡਿੰਮ ਟੈਸਟਿੰਗ ਕੀਤੀ ਗਈ। ਜਿਸ ਤੇ ਸ੍ਰੀ ਮਤੀ ਮਮਤਾ ਬਜਾਜ ਨੇ ਤਸੱਲੀ ਪ੍ਰਗਟ ਕਰਦਿਆਂ ਹੋਇਆਂ ਅਧਿਆਪਕਾਂ ਨੂੰ ਬੱਚਿਆਂ ਦੇ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਣ ਦੀ ਵਿਸ਼ੇਸ਼ ਹਦਾਇਤ ਕੀਤੀ ਤਾਂ ਜੋ ਬੱਚੇ ਸਮੱਰਥ ਦੇ ਪੂਰਨ ਟੀਚੇ ਪ੍ਰਾਪਤ ਕਰਕੇ ਜ਼ਿਲ੍ਹੇ ਕਪੂਰਥਲਾ ਨੂੰ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਿਲ ਕਰ ਸਕਣ। ਉਹਨਾਂ ਨੇ ਇਸ ਦੌਰਾਨ ਮਿਡ ਡੇ ਮੀਲ ਦੀ ਸਾਫ ਸਫਾਈ, ਖਾਣੇ ਦੀ ਗੁਣਵੱਤਾ ਤੇ ਕੁੱਕਾਂ ਦੀ ਸਫਾਈ ਦਾ ਵਿਸ਼ੇਸ਼ ਨਿਰੀਖਣ ਕੀਤਾ। ਉਹਨਾਂ ਸਮੂਹ ਅਧਿਆਪਕਾਂ ਨੂੰ ਬਦਲਦੇ ਮੀਨੂੰ ਅਨੁਸਾਰ ਹੀ ਖਾਣਾ ਬਣਾਉਣ ਦੀ ਖਾਸ ਹਦਾਇਤ ਕੀਤੀ। ਉਹਨਾਂ ਨੇ ਨਵੇਂ ਦਾਖਲਿਆਂ ਨੂੰ ਵਧਾਉਣ ਤੇ ਜੋ ਬੱਚੇ ਦਾਖਲ ਹੋਏ ਹਨ ਉਹਨਾਂ ਨੂੰ ਈ ਪੰਜਾਬ ਤੇ ਜਲਦ ਆਨਲਾਈਨ ਕਰਨ ਲਈ ਵੀ ਆਖਿਆ।ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ, ਸੈਕੰਡਰੀ ਵਿਭਾਗ ਦੇ ਕੋਆਰਡੀਨੇਟਰ ਦਵਿੰਦਰ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।