ਮਾਰਕੀਟ ਕਮੇਟੀ ਮੋਹਾਲੀ ਦੇ ਚੇਅਰਮੈਨ ਵੱਲੋਂ ਰਾਜ ਮੰਡੀ ਭਾਗੋ ਮਾਜਰਾ ਵਿਖੇ ਕਣਕ ਦੀ ਖਰੀਦ ਮੁੜ ਸ਼ੁਰੂ ਕਰਵਾਈ ਗਈ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਪ੍ਰੈਲ 2025 - ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਵੱਲੋਂ ਅਨਾਜ ਮੰਡੀ ਭਾਗੋ ਮਾਜਰਾ ਵਿਖੇ ਕਣਕ ਦੀ ਖਰੀਦ ਵਿੱਚ ਆਈ ਮੁਸ਼ਕਲ ਨੂੰ ਦੂਰ ਕਰਕੇ ਮੁੜ ਖਰੀਦ ਸ਼ੁਰੂ ਕਰਵਾਈ ਗਈ।
ਉਹਨਾਂ ਦੱਸਿਆ ਕਿ ਭਾਗੋ ਮਾਜਰਾ ਵਿਖੇ ਖਰੀਦ ਏਜੰਸੀ ਮਾਰਕ ਫੈਡ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਕੁਝ ਕਾਰਨਾਂ ਕਰਕੇ ਬਾਰਦਾਨੇ ਦੀ ਮੁਸ਼ਕਲ ਪੈਦਾ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਖਰੀਦ ਦੀ ਦਿੱਕਤ ਆ ਰਹੀ ਸੀ, ਜਿਸ ਦੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਵੱਲੋਂ ਸੰਬੰਧਿਤ ਖਰੀਦ ਏਜੰਸੀ ਦੇ ਅਧਿਕਾਰੀ ਨਾਲ ਰਾਬਤਾ ਕਰਕੇ ਬਾਰਦਾਨੇ ਦਾ ਪ੍ਰਬੰਧ ਕਰਵਾਇਆ ਗਿਆ ਅਤੇ ਖਰੀਦ ਮੁੜ ਤੋਂ ਸ਼ੁਰੂ ਕਰਵਾਈ ਗਈ।
ਉਹਨਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਖਰੀਦ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਮੌਕੇ ਤੇ ਹਾਜ਼ਰ ਹੋਣਗੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਅਨਾਜ ਵੇਚਣ ਲਈ ਲੈ ਕੇ ਆਉਣ ਤਾਂ ਜੋ ਨਵੀਂ ਦੀ ਵਧੀਕ ਮਾਤਰਾ ਕਾਰਨ ਉਹਨਾਂ ਨੂੰ ਫਸਲ ਸਕਾਉਣ ਲਈ ਮੰਡੀ ਵਿੱਚ ਉਡੀਕ ਨਾ ਕਰਨੀ ਪਵੇ
ਚੇਅਰਮੈਨ ਮਾਰਕਿਟ ਕਮੇਟੀ ਵਲੋਂ ਇਹ ਵੀ ਭਰੋਸਾ ਦਿਤਾ ਗਿਆ ਕਿ ਮੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆ ਮੰਡੀਆਂ ਵਿੱਚ ਕਿਸਾਨਾ ਦੀ ਕਣਕ ਦਾ ਦਾਣਾ ਨਿਰਵਿਘਣ ਖਰੀਦਣ ਲਈ ਵਚਨਬੱਧ ਹੈ।
ਇਸ ਮੌਕੇ ਤੇ ਵਿਜੈ ਸਕੱਤਰ ਮਾਰਕਿਟ ਕਮੇਟੀ, ਮਾਰਕਫੈਡ ਉਚ ਸ਼ਾਖਾ ਅਫਸਰ ਖਰੜ ਗੁਰਬਵਨ ਸਿੰਘ, ਆੜਤੀਏ ਰਜੀਵ ਅਗਰਵਾਲ, ਸੁਖਪਾਲ ਨੇਗੀ, ਜਸਪ੍ਰੀਤ ਸਿੰਘ ਗਡਾਣਾ ਅਤੇ ਕਿਸਾਨ ਗਿਆਨ ਸਿੰਘ, ਮੰਗਲ, ਮਾਰਕਿਟ ਕਮੇਟੀ ਮੁਲਾਜਮ ਲਖਵਿੰਦਰ ਸਿੰਘ ਮੰਡੀ ਸੁਪਰਵਾਈਜਰ, ਕੁਲਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ।