ਇਟਲੀ ਅਤੇ ਭਾਰਤ: ਇੰਡੋ- ਭੂਮੱਧ-ਸਾਗਰ ਖੇਤਰ ਲਈ ਇੱਕ ਰਣਨੀਤਕ ਭਾਈਵਾਲੀ - PM Modi
ਅਤੇ ਜੌਰਜੀਆ ਮੇਲੋਨੀ, ਇਟਲੀ ਗਣਰਾਜ ਦੀ ਮੰਤਰੀ ਮੰਡਲ ਦੀ ਪ੍ਰਧਾਨ
ਭਾਰਤ ਅਤੇ ਇਟਲੀ ਦੇ ਸਬੰਧ ਹੁਣ ਇੱਕ ਫੈਸਲਾਕੁੰਨ ਦੌਰ ਵਿੱਚ ਪਹੁੰਚ ਚੁੱਕੇ ਹਨ। ਹਾਲੀਆ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਬੇਮਿਸਾਲ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਇਹ ਸਬੰਧ ਸਿਰਫ਼ ਸੁਹਿਰਦ ਦੋਸਤੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਹੁਣ ਆਜ਼ਾਦੀ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਭਵਿੱਖ ਦੇ ਸਾਂਝੇ ਦ੍ਰਿਸ਼ਟੀਕੋਣ 'ਤੇ ਅਧਾਰਤ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਵਿੱਚ ਬਦਲ ਚੁੱਕੇ ਹਨ। ਅਜਿਹੇ ਸਮੇਂ ਵਿੱਚ, ਜਦੋਂ ਪੂਰੀ ਦੁਨੀਆ ਦੀ ਵਿਵਸਥਾ ਵੱਡੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ, ਇਟਲੀ ਅਤੇ ਭਾਰਤ ਦੀ ਭਾਈਵਾਲੀ ਉੱਚ ਸਿਆਸੀ ਅਤੇ ਸੰਸਥਾਗਤ ਪੱਧਰ 'ਤੇ ਲਗਾਤਾਰ ਸੰਵਾਦ ਨਾਲ ਅੱਗੇ ਵੱਧ ਰਹੀ ਹੈ। ਇਹ ਸਬੰਧ ਹੁਣ ਇੱਕ ਨਵੇਂ ਅਤੇ ਵਧੇਰੇ ਵਿਆਪਕ ਪੱਧਰ 'ਤੇ ਪਹੁੰਚ ਰਿਹਾ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦੀ ਆਰਥਿਕ ਤਾਕਤ, ਸਮਾਜਿਕ ਰਚਨਾਤਮਕਤਾ ਅਤੇ ਹਜ਼ਾਰਾਂ ਸਾਲ ਪੁਰਾਣੀ ਸਭਿਅਕ ਵਿਰਾਸਤ ਸ਼ਾਮਲ ਹੈ।
ਸਾਡਾ ਸਹਿਯੋਗ ਇਸ ਸਾਂਝੀ ਸਮਝ ਨੂੰ ਦਰਸਾਉਂਦਾ ਹੈ ਕਿ 21ਵੀਂ ਸਦੀ ਵਿੱਚ ਖੁਸ਼ਹਾਲੀ ਅਤੇ ਸੁਰੱਖਿਆ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਦੇਸ਼ ਕਿੰਨੀ ਸਮਰੱਥਾ ਨਾਲ ਨਵੀਨਤਾ ਕਰਦੇ ਹਨ, ਊਰਜਾ ਪਰਿਵਰਤਨ ਦਾ ਪ੍ਰਬੰਧਨ ਕਰਦੇ ਹਨ ਅਤੇ ਆਪਣੀ ਰਣਨੀਤਕ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਦੇ ਹਨ। ਇਸੇ ਉਦੇਸ਼ ਨਾਲ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਅਤੇ ਵਿਭਿੰਨ ਬਣਾਉਣ ਦਾ ਸੰਕਲਪ ਲਿਆ ਹੈ, ਤਾਂ ਜੋ ਨਵੇਂ ਟੀਚਿਆਂ ਨੂੰ ਹਾਸਲ ਕੀਤਾ ਜਾ ਸਕੇ ਅਤੇ ਦੋਵਾਂ ਦੇਸ਼ਾਂ ਦੀਆਂ ਪੂਰਕ ਸ਼ਕਤੀਆਂ ਦੀ ਬਿਹਤਰ ਵਰਤੋਂ ਹੋ ਸਕੇ। ਅਸੀਂ ਇਟਲੀ ਦੀ ਡਿਜ਼ਾਈਨ ਸਮਰੱਥਾ, ਸ਼ਾਨਦਾਰ ਨਿਰਮਾਣ ਹੁਨਰ ਅਤੇ ਵਿਸ਼ਵ ਪੱਧਰੀ ਸੁਪਰਕੰਪਿਊਟਰ ਤਕਨਾਲੋਜੀ—ਜੋ ਇਸਨੂੰ ਇੱਕ ਉਦਯੋਗਿਕ ਮਹਾਂਸ਼ਕਤੀ ਬਣਾਉਂਦੀ ਹੈ—ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ, ਇੰਜੀਨੀਅਰਿੰਗ ਪ੍ਰਤਿਭਾ, ਵੱਡੇ ਪੈਮਾਨੇ ਦੀ ਸਮਰੱਥਾ, ਨਵੀਨਤਾ ਅਤੇ 100 ਤੋਂ ਵੱਧ ਯੂਨੀਕੋਰਨਾਂ ਤੇ 2 ਲੱਖ ਸਟਾਰਟ-ਅੱਪਸ ਵਾਲੇ ਉੱਦਮੀ ਈਕੋਸਿਸਟਮ ਨਾਲ ਜੋੜ ਕੇ ਇੱਕ ਸ਼ਕਤੀਸ਼ਾਲੀ ਤਾਲਮੇਲ ਬਣਾਉਣਾ ਚਾਹੁੰਦੇ ਹਾਂ। ਇਹ ਸਿਰਫ਼ ਦੋ ਅਰਥ-ਵਿਵਸਥਾਵਾਂ ਦਾ ਸਾਧਾਰਨ ਮੇਲ ਨਹੀਂ ਹੈ, ਸਗੋਂ ਅਜਿਹਾ ਸਾਂਝਾ ਮੁੱਲ ਨਿਰਮਾਣ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਦੀਆਂ ਉਦਯੋਗਿਕ ਤਾਕਤਾਂ ਇੱਕ-ਦੂਜੇ ਨੂੰ ਹੋਰ ਵੱਧ ਮਜ਼ਬੂਤ ਕਰਦੀਆਂ ਹਨ।
ਯੂਰਪੀਅਨ ਯੂਨੀਅਨ ਅਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫਟੀਏ) ਦੋਵਾਂ ਦਿਸ਼ਾਵਾਂ ਵਿੱਚ ਵਪਾਰ ਅਤੇ ਨਿਵੇਸ਼ ਵਧਾਉਣ ਦਾ ਰਸਤਾ ਖੋਲ੍ਹਦਾ ਹੈ। ਸਾਡਾ ਟੀਚਾ 2029ਤੱਕ ਭਾਰਤ ਅਤੇ ਇਟਲੀ ਵਿਚਕਾਰ ਵਪਾਰ ਨੂੰ 20 ਅਰਬ ਯੂਰੋ ਤੋਂ ਅੱਗੇ ਲੈ ਜਾਣਾ ਹੈ। ਇਸ ਵਿੱਚ ਰੱਖਿਆ ਅਤੇ ਏਰੋਸਪੇਸ, ਸਵੱਛ ਤਕਨਾਲੋਜੀ, ਮਸ਼ੀਨਰੀ, ਆਟੋਮੋਬਾਈਲ ਪੁਰਜ਼ੇ, ਰਸਾਇਣ, ਦਵਾਈਆਂ, ਕੱਪੜਾ, ਖੇਤੀ-ਖੁਰਾਕ ਖੇਤਰ ਅਤੇ ਸੈਰ-ਸਪਾਟੇ ਸਮੇਤ ਕਈ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। “ਮੇਡ ਇਨ ਇਟਲੀ” ਹਮੇਸ਼ਾ ਤੋਂ ਦੁਨੀਆ ਭਰ ਵਿੱਚ ਉੱਤਮਤਾ ਦਾ ਪ੍ਰਤੀਕ ਰਿਹਾ ਹੈ ਅਤੇ ਅੱਜ ਇਸ ਦਾ ਸੁਭਾਵਿਕ ਤਾਲਮੇਲ “ਮੇਕ ਇਨ ਇੰਡੀਆ” ਪਹਿਲਕਦਮੀ ਦੇ ਉੱਚ-ਗੁਣਵੱਤਾ ਵਾਲੇ ਟੀਚਿਆਂ ਨਾਲ ਦਿਖਾਈ ਦਿੰਦਾ ਹੈ। ਇਸ ਸੰਦਰਭ ਵਿੱਚ, ਭਾਰਤ ਲਈ ਉਤਪਾਦਨ ਵਿੱਚ ਇਤਾਲਵੀ ਕੰਪਨੀਆਂ ਦੀ ਵੱਧ ਰਹੀ ਦਿਲਚਸਪੀ ਅਤੇ ਇਟਲੀ ਵਿੱਚ ਭਾਰਤੀ ਉਦਯੋਗਾਂ ਦੀ ਵੱਧ ਰਹੀ ਮੌਜੂਦਗੀ — ਜੋ ਹੁਣ ਦੋਵਾਂ ਪੱਖਾਂ ਨੂੰ ਮਿਲਾ ਕੇ 1000 ਤੋਂ ਵੱਧ ਹੋ ਚੁੱਕੀ ਹੈ — ਇੱਕ ਸਕਾਰਾਤਮਕ ਸੰਕੇਤ ਹੈ। ਇਹ ਸਾਡੀ ਸਪਲਾਈ ਚੇਨ ਦੇ ਏਕੀਕਰਨ ਨੂੰ ਹੋਰ ਮਜ਼ਬੂਤ ਕਰੇਗੀ।
ਤਕਨੀਕੀ ਨਵੀਨਤਾ ਸਾਡੀ ਭਾਈਵਾਲੀ ਦਾ ਸਭ ਤੋਂ ਮਹੱਤਵਪੂਰਨ ਆਧਾਰ ਹੈ। ਆਉਣ ਵਾਲੇ ਦਹਾਕਿਆਂ ਵਿੱਚ, ਦੁਨੀਆ ਇੱਕ ਵੱਡੇ ਤਕਨੀਕੀ ਬਦਲਾਅ ਦੇ ਦੌਰ ਵਿੱਚੋਂ ਗੁਜ਼ਰੇਗੀ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਕੁਆਂਟਮ ਕੰਪਿਊਟਿੰਗ, ਉੱਨਤ ਨਿਰਮਾਣ, ਮਹੱਤਵਪੂਰਨ ਖਣਿਜ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਤਰੱਕੀ ਹੋਵੇਗੀ। ਭਾਰਤ ਦਾ ਤੇਜ਼ੀ ਨਾਲ ਵੱਧ ਰਿਹਾ ਨਵੀਨਤਾ ਈਕੋਸਿਸਟਮ ਅਤੇ ਕੁਸ਼ਲ ਪੇਸ਼ਾਵਰਾਂ ਦੀ ਵੱਡੀ ਗਿਣਤੀ ਅਤੇ ਇਟਲੀ ਦੀ ਉੱਨਤ ਉਦਯੋਗਿਕ ਸਮਰੱਥਾ—ਇਨ੍ਹਾਂ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਸਹਿਯੋਗ ਨੂੰ ਸੁਭਾਵਿਕ ਅਤੇ ਰਣਨੀਤਕ ਬਣਾਉਂਦੀ ਹੈ। ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿਚਕਾਰ ਵੱਧ ਰਹੀ ਭਾਈਵਾਲੀ ਵੀ ਇਸ ਨੂੰ ਮਜ਼ਬੂਤੀ ਦੇਵੇਗੀ।
ਭਾਰਤ ਦਾ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ) ਪਹਿਲਾਂ ਹੀ ਦੁਨੀਆ ਦੇ ਕਈ ਦੇਸ਼ਾਂ, ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅੱਜ ਸਾਡੇ ਸਮਾਜ ਅਤੇ ਆਲਮੀ ਅਰਥਚਾਰੇ 'ਤੇ ਡੂੰਘਾ ਪ੍ਰਭਾਵ ਪਾ ਰਹੀ ਹੈ। ਇਟਲੀ ਅਤੇ ਭਾਰਤ ਲੰਬੇ ਸਮੇਂ ਤੋਂ ਇਸ ਦਿਸ਼ਾ ਵਿੱਚ ਸਹਿਯੋਗ ਕਰ ਰਹੇ ਹਨ, ਤਾਂ ਜੋ ਏਆਈ ਦਾ ਵਿਕਾਸ ਜ਼ਿੰਮੇਵਾਰ ਅਤੇ ਮਨੁੱਖ-ਕੇਂਦਰਿਤ ਹੋਵੇ।
ਭਾਰਤ ਅਤੇ ਇਟਲੀ ਏਆਈ ਨੂੰ ਸਮਾਵੇਸ਼ੀ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਮੰਨਦੇ ਹਨ, ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਲਈ। ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਅਤੇ ਆਸਾਨ, ਬਹੁ-ਭਾਸ਼ਾਈ ਤਕਨੀਕਾਂ ਰਾਹੀਂ, ਏਆਈ ਸਮਾਜਿਕ ਅਤੇ ਡਿਜੀਟਲ ਪਾੜੇ ਨੂੰ ਘਟਾ ਸਕਦਾ ਹੈ, ਨਾ ਕਿ ਉਨ੍ਹਾਂ ਨੂੰ ਹੋਰ ਵਧਾ ਸਕਦਾ ਹੈ। ਭਾਰਤ ਦੇ ਮਾਨਵ ਦ੍ਰਿਸ਼ਟੀਕੋਣ- ਭਾਵ ਤਕਨੀਕ ਦੇ ਕੇਂਦਰ ਵਿੱਚ ਮਨੁੱਖ ਨੂੰ ਰੱਖਣ ਦੀ ਸੋਚ ਅਤੇ ਇਟਲੀਦੀ ਮਨੁੱਖ-ਕੇਂਦਰਿਤ “ਐਲਗੋਰ-ਐਥਿਕਸ” ਦੀ ਧਾਰਨਾ, ਜੋ ਉਸਦੀ ਮਾਨਵਤਾਵਾਦੀ ਪਰੰਪਰਾ 'ਤੇ ਅਧਾਰਤ ਹੈ, 'ਤੇ ਅੱਗੇ ਵਧਦੇ ਹੋਏ ਸਾਡੀ ਭਾਈਵਾਲੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਜਿਕ ਸਸ਼ਕਤੀਕਰਨ ਦਾ ਮਾਧਿਅਮ ਬਣੇ।
ਸਾਡਾ ਦ੍ਰਿਸ਼ਟੀਕੋਣ ਭਾਰਤ ਦੀ ਵਿਸ਼ਾਲ ਡਿਜੀਟਲ ਸਮਰੱਥਾ ਨੂੰ ਇਟਲੀ ਦੀ ਨੈਤਿਕ ਅਤੇ ਉਦਯੋਗਿਕ ਮੁਹਾਰਤ ਨਾਲ ਜੋੜਦਾ ਹੈ, ਤਾਂ ਜੋ ਤਕਨੀਕ ਮਨੁੱਖਤਾ ਦੀ ਸੇਵਾ ਕਰ ਸਕੇ।
ਸੁਰੱਖਿਅਤ ਡਿਜੀਟਲ ਸਹਿਯੋਗ, ਸਮਰੱਥਾ ਨਿਰਮਾਣ ਅਤੇ ਮਜ਼ਬੂਤ ਸਾਈਬਰ ਢਾਂਚੇ ਨਾਲ ਸਬੰਧਤ ਸ੍ਰੇਸ਼ਠ ਕਾਰਜਪ੍ਰਣਾਲੀਆਂ ਨੂੰ ਸਾਂਝਾ ਕਰਕੇ, ਅਸੀਂ ਇੱਕ ਅਜਿਹਾ ਖੁੱਲ੍ਹਾ, ਭਰੋਸੇਮੰਦ ਅਤੇ ਬਰਾਬਰ ਡਿਜੀਟਲ ਵਾਤਾਵਰਨ ਬਣਾਉਣਾ ਚਾਹੁੰਦੇ ਹਾਂ, ਜਿਸ ਵਿੱਚ ਹਰ ਦੇਸ਼ ਏਆਈਦੀ ਵਰਤੋਂ ਕਰ ਸਕੇ ਅਤੇ ਉਸ ਤੋਂ ਫਾਇਦਾ ਲੈ ਸਕੇ। ਇਹੀ ਸੋਚ ਇਟਲੀ ਦੀ ਜੀ7 ਪ੍ਰਧਾਨਗੀ ਅਤੇ 2026 ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਏਆਈ ਇਮਪੈਕਟ ਸਮਿਟ ਦੇ ਸਿੱਟਿਆਂ ਦਾ ਮੁੱਖ ਆਧਾਰ ਹੈ। ਏਆਈ ਨੂੰ ਇਨਸਾਨਾਂ ਵੱਲੋਂ ਇਨਸਾਨਾਂ ਲਈ ਬਣਾਈ ਗਈ ਤਕਨੀਕ ਮੰਨਣ ਦਾ ਅਰਥ ਹੈ, ਇਹ ਸਪੱਸ਼ਟ ਕਰਨਾ ਕਿ ਤਕਨੀਕ ਨਾ ਤਾਂ ਮਨੁੱਖ ਦੀ ਜਗ੍ਹਾ ਲੈ ਸਕਦੀ ਹੈ ਅਤੇ ਨਾ ਹੀ ਉਸਦੇ ਮੂਲ ਅਧਿਕਾਰਾਂ ਨੂੰ ਕਮਜ਼ੋਰ ਕਰ ਸਕਦੀ ਹੈ। ਇਸਦੀ ਵਰਤੋਂ ਜਨਮਤ ਨੂੰ ਪ੍ਰਭਾਵਿਤ ਕਰਨ ਜਾਂ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲਅੰਦਾਜ਼ੀ ਕਰਨ ਲਈ ਵੀ ਨਹੀਂ ਹੋਣੀ ਚਾਹੀਦੀ।
ਅੱਜ ਦੀ ਤੇਜ਼ੀ ਨਾਲ ਜੁੜੀ ਹੋਈ ਦੁਨੀਆ ਵਿੱਚ ਆਜ਼ਾਦੀ ਅਤੇ ਮਨੁੱਖੀ ਇੱਜ਼ਤ ਦੀ ਰੱਖਿਆ ਦਾ ਸਾਡਾ ਦ੍ਰਿਸ਼ਟੀਕੋਣ ਇਸੇ ਚੁਣੌਤੀ 'ਤੇ ਅਧਾਰਤ ਹੈ।
ਸਾਡਾ ਸਹਿਯੋਗ ਪੁਲਾੜ ਖੇਤਰ ਤੱਕ ਵੀ ਫੈਲਿਆ ਹੋਇਆ ਹੈ। ਪੁਲਾੜ ਖੋਜ ਅਤੇ ਸੈਟੇਲਾਈਟ ਤਕਨਾਲੋਜੀ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਅਤੇ ਇਟਲੀ ਦੀ ਏਰੋਸਪੇਸ ਇੰਜੀਨੀਅਰਿੰਗ ਵਿੱਚ ਉੱਤਮਤਾ, ਸਾਂਝੇ ਪ੍ਰੋਜੈਕਟਾਂ ਅਤੇ ਨਵੀਂ ਪੀੜ੍ਹੀ ਦੀਆਂ ਤਕਨੀਕਾਂ ਦੇ ਵਿਕਾਸ ਲਈ ਵੱਡੇ ਮੌਕੇ ਪ੍ਰਦਾਨ ਕਰਦੀ ਹੈ।
ਕੌਮਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਸੁਰੱਖਿਆ ਅਤੇ ਸਥਿਰਤਾ ਬਹੁਤ ਜ਼ਰੂਰੀ ਹਨ। ਇਸ ਲਈ ਇਟਲੀ ਅਤੇ ਭਾਰਤ ਰੱਖਿਆ, ਸੁਰੱਖਿਆ ਅਤੇ ਰਣਨੀਤਕ ਤਕਨੀਕਾਂ ਵਰਗੇ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਸਾਡਾ ਸਹਿਯੋਗ ਮਹੱਤਵਪੂਰਨ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੱਤਵਾਦ, ਅੰਤਰਰਾਸ਼ਟਰੀ ਅਪਰਾਧ ਨੈੱਟਵਰਕ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਅਤੇ ਮਨੁੱਖੀ ਤਸਕਰੀ ਵਰਗੀਆਂ ਚੁਣੌਤੀਆਂ ਦੇ ਖਿਲਾਫ ਮਜ਼ਬੂਤੀ ਵਧਾਉਣ ਵਿੱਚ ਮਦਦ ਕਰੇਗਾ।
ਊਰਜਾ ਸਾਡੀ ਭਾਈਵਾਲੀ ਦਾ ਇੱਕ ਹੋਰ ਮਹੱਤਵਪੂਰਨ ਆਧਾਰ ਹੈ। ਦੁਨੀਆ ਵਿੱਚ ਊਰਜਾ ਦੇ ਵੱਖ-ਵੱਖ ਸਰੋਤਾਂ ਵੱਲ ਵੱਧ ਰਹੇ ਬਦਲਾਅ ਲਈ ਨਵੀਨਤਾ, ਨਿਵੇਸ਼ ਅਤੇ ਸਹਿਯੋਗ ਦੀ ਲੋੜ ਹੈ। ਭਾਰਤ ਅਤੇ ਇਟਲੀ ਨਵਿਆਉਣਯੋਗ ਊਰਜਾ ਤੋਂ ਲੈ ਕੇ ਹਾਈਡ੍ਰੋਜਨ ਤਕਨਾਲੋਜੀਅਤੇ ਸਮਾਰਟ ਗ੍ਰਿਡ ਤੋਂ ਲੈ ਕੇ ਮਜ਼ਬੂਤ ਬੁਨਿਆਦੀ ਢਾਂਚੇ ਤੱਕ ਕਈ ਖੇਤਰਾਂ ਵਿੱਚ ਇਕੱਠੇ ਕੰਮ ਕਰ ਰਹੇ ਹਨ।
ਗ੍ਰੀਨ ਹਾਈਡ੍ਰੋਜਨ ਨਿਰਯਾਤ ਦਾ ਗਲੋਬਲ ਕੇਂਦਰ ਬਣਨ ਦੀ ਭਾਰਤ ਦੀ ਪਹਿਲਕਦਮੀ ਬੇਅੰਤ ਸੰਭਾਵਨਾਵਾਂ ਰੱਖਦੀ ਹੈ। ਇਹ ਇਟਲੀ ਦੇ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਵਿੱਚ ਉੱਨਤ ਤਕਨਾਲੋਜੀ ਅਤੇ ਯੂਰਪ ਲਈ ਊਰਜਾ ਪ੍ਰਵੇਸ਼ ਦੁਆਰ ਵਜੋਂ ਉਸਦੀ ਰਣਨੀਤਕ ਭੂਮਿਕਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਇਸ ਸੰਦਰਭ ਵਿੱਚ ਭਾਰਤ ਦੀ ਅਗਵਾਈ ਵਾਲੀਆਂ ਪ੍ਰਮੁੱਖ ਪਹਿਲਕਦਮੀਆਂ— ਅੰਤਰਰਾਸ਼ਟਰੀ ਸੌਰ ਗੱਠਜੋੜ (ਆਈਐੱਸਏ), ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਗੱਠਜੋੜ (ਸੀਡੀਆਰਆਈ) ਅਤੇ ਗਲੋਬਲ ਬਾਇਓਫਿਊਲਜ਼ ਅਲਾਇੰਸ (ਜੀਬੀਏ) ਵਿੱਚ ਹੋਰ ਦੇਸ਼ਾਂ ਨਾਲ ਸਾਡਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੈ।
ਭੌਤਿਕ, ਡਿਜੀਟਲ ਅਤੇ ਮਨੁੱਖੀ ਸੰਪਰਕ ਹੀ ਉਹ ਕੜੀ ਹੈ, ਜੋ ਸਾਨੂੰ ਇੱਕ-ਦੂਜੇ ਨਾਲ ਜੋੜਦੀ ਹੈ। ਭਾਰਤ ਅਤੇ ਇਟਲੀ ਦੋਵੇਂ ਆਲਮੀ ਅਰਥਚਾਰੇ ਦੇ ਦੋ ਮਹੱਤਵਪੂਰਨ ਖੇਤਰਾਂ—ਇੰਡੋ-ਪੈਸੀਫਿਕ ਅਤੇ ਭੂਮੱਧ ਸਾਗਰ ਦੇ ਕੇਂਦਰ ਵਿੱਚ ਸਥਿਤ ਹਨ। ਹੁਣ ਇਨ੍ਹਾਂ ਖੇਤਰਾਂ ਨੂੰ ਵੱਖ-ਵੱਖ ਨਹੀਂ, ਸਗੋਂ ਆਪਸ ਵਿੱਚ ਜੁੜੇ ਹੋਏ ਖੇਤਰਾਂ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ, ਅਸੀਂ ਇੱਕ ਨਵੇਂ “ਇੰਡੋ-ਮੈਡੀਟੇਰੀਅਨ” ਖੇਤਰ ਦੇ ਉਭਾਰ ਨੂੰ ਦੇਖ ਰਹੇ ਹਾਂ, ਜੋ ਵਪਾਰ, ਤਕਨਾਲੋਜੀ, ਊਰਜਾ, ਡੇਟਾ ਅਤੇ ਵਿਚਾਰਾਂ ਦਾ ਇੱਕ ਮਹੱਤਵਪੂਰਨ ਗਲਿਆਰਾ ਬਣ ਰਿਹਾ ਹੈ ਅਤੇ ਹਿੰਦ ਮਹਾਂਸਾਗਰ ਨੂੰ ਯੂਰਪ ਨਾਲ ਜੋੜਦਾ ਹੈ। ਇਸੇ ਆਪਸ ਵਿੱਚ ਜੁੜੇ ਹੋਏ ਖੇਤਰ ਵਿੱਚ ਸਾਡਾ ਸਬੰਧ ਸੁਭਾਵਿਕ ਤੌਰ 'ਤੇ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਵਜੋਂ ਵਿਕਸਤ ਹੁੰਦਾ ਹੈ- ਅਜਿਹੀ ਭਾਈਵਾਲੀ, ਜੋ ਦੋ ਮਹਾਂਦੀਪਾਂ ਨੂੰ ਜੋੜਦੀ ਹੈ ਅਤੇ ਨਵੇਂ ਆਲਮੀ ਹਾਲਾਤਾਂ ਨੂੰ ਆਕਾਰ ਦਿੰਦੀ ਹੈ।
ਇਸ ਸੰਦਰਭ ਵਿੱਚ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈ.ਐਮ.ਈ.ਸੀ.) ਇੱਕ ਅਜਿਹੀ ਦੂਰ-ਦਰਸ਼ੀ ਯੋਜਨਾ ਹੈ, ਜਿਸਦਾ ਉਦੇਸ਼ ਆਧੁਨਿਕ ਆਵਾਜਾਈ ਅਤੇ ਬੁਨਿਆਦੀ ਢਾਂਚੇ, ਡਿਜੀਟਲ ਨੈੱਟਵਰਕ, ਊਰਜਾ ਪ੍ਰਣਾਲੀਆਂ ਅਤੇ ਮਜ਼ਬੂਤ ਸਪਲਾਈ ਚੇਨ ਰਾਹੀਂ ਸਾਡੇ ਖੇਤਰਾਂ ਨੂੰ ਜੋੜਨਾ ਹੈ। ਭਾਰਤ ਅਤੇ ਇਟਲੀ ਹੋਰ ਭਾਈਵਾਲ ਦੇਸ਼ਾਂ ਨਾਲ ਮਿਲ ਕੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਵੀ ਵਚਨਬੱਧ ਹਨ।
ਅਸੀਂ ਆਪਣੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਦੋਵਾਂ ਦੇਸ਼ਾਂ ਦੇ ਡੂੰਘੇ ਸਬੰਧਾਂ ਅਤੇ ਲੰਬੇ ਸਭਿਆਚਾਰਕ ਜੁੜਾਵ ਦੇ ਆਧਾਰ 'ਤੇ ਕਰ ਸਕਦੇ ਹਾਂ। ਭਾਰਤੀ ਸੰਸਕ੍ਰਿਤੀ ਵਿੱਚ "ਧਰਮ" ਦਾ ਵਿਚਾਰ ਉਸ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਸਾਡੇ ਕੰਮਾਂ ਦਾ ਮਾਰਗ-ਦਰਸ਼ਨ ਕਰਦਾ ਹੈ। ਉੱਥੇ ਹੀ "ਵਸੁਧੈਵ ਕੁਟੁੰਬਕਮ"—ਭਾਵ “ਪੂਰੀ ਦੁਨੀਆ ਇੱਕ ਪਰਿਵਾਰ ਹੈ” ਦਾ ਸਿਧਾਂਤ ਅੱਜ ਦੇ ਆਪਸ ਵਿੱਚ ਜੁੜੇ ਡਿਜੀਟਲ ਯੁੱਗ ਵਿੱਚ ਹੋਰ ਵੀ ਵੱਧ ਪ੍ਰਾਸੰਗਿਕ ਲੱਗਦਾ ਹੈ।
ਇਹ ਕਦਰਾਂ-ਕੀਮਤਾਂ ਇਟਲੀ ਦੀ ਮਾਨਵਤਾਵਾਦੀ ਪਰੰਪਰਾ ਨਾਲ ਵੀ ਮੇਲ ਖਾਂਦੀਆਂ ਹਨ, ਜਿਸਦੀਆਂ ਜੜ੍ਹਾਂ ਪੁਨਰਜਾਗਰਣ ਕਾਲ ਵਿੱਚ ਹਨ। ਇਹ ਪਰੰਪਰਾ ਹਰ ਵਿਅਕਤੀ ਦੀ ਇੱਜ਼ਤ ਅਤੇ ਸਭਿਆਚਾਰ ਦੀ ਉਸ ਸ਼ਕਤੀ 'ਤੇ ਜ਼ੋਰ ਦਿੰਦੀ ਹੈ, ਜੋ ਸਮਾਜਾਂ ਅਤੇ ਲੋਕਾਂ ਨੂੰ ਇੱਕਜੁੱਟ ਕਰ ਸਕਦੀ ਹੈ। ਇਸ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਉਦੇਸ਼ ਲੋਕਾਂ ਨੂੰ ਕੇਂਦਰ ਵਿੱਚ ਰੱਖਦੇ ਹੋਏ ਭਾਰਤ-ਇਟਲੀ ਭਾਈਵਾਲੀ ਨੂੰ ਮਜ਼ਬੂਤ, ਆਧੁਨਿਕ ਅਤੇ ਭਵਿੱਖ-ਮੁਖੀ ਆਧਾਰ ਪ੍ਰਦਾਨ ਕਰਨਾ ਹੈ।

-
PM Modi, - ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ
pmmodi
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.