ਦੋਹਾ ਕਤਰ 'ਚ ਫ਼ਸੇ ਤਰਨਤਾਰਨ ਦੇ ਨੌਜਵਾਨ ਦੀ ਮਦਦ ਲਈ ਅੱਗੇ ਆਏ ਡਾ.ਉਬਰਾਏ
ਗੁਰਦੇਵ ਸਿੰਘ ਦੀ ਪੀੜ੍ਹਤ ਪਤਨੀ ਨੂੰ ਦਿੱਤੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ
ਬਿਲਡਿੰਗ ਡਿੱਗਣ ਕਾਰਨ ਹੋਈ ਪਾਕਿਸਤਾਨੀ ਨੌਜਵਾਨ ਦੀ ਮੌਤ ਤੇ ਹੋਇਆ ਸੀ 18 ਲੱਖ ਰੁਪਏ ਦਾ ਜੁਰਮਾਨਾ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ,18 ਮਈ 2026 - ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਹੁਣ ਦੋਹਾ ਕਤਰ ਵਿੱਚ ਫ਼ਸੇ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਨੂੰ ਬਚਾਉਣ ਲਈ 2 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਟਰੱਸਟ ਦੀ ਤਰਨਤਾਰਨ ਟੀਮ ਰਾਹੀਂ ਪਿੰਡ ਜਵੰਦਾ ਕਲਾਂ ਦੀ ਨਿਰਮਲ ਕੌਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸਦਾ ਪਤੀ ਗੁਰਦੇਵ ਸਿੰਘ ਪੁੱਤਰ ਜਸਵੰਤ ਸਿੰਘ ਦੋਹਾ ਕਤਰ 'ਚ ਮਜ਼ਦੂਰੀ ਲਈ ਗਿਆ ਸੀ। ਉਨ੍ਹਾਂ ਅਨੁਸਾਰ ਜਿਸ ਉਸਾਰੀ ਅਧੀਨ ਬਿਲਡਿੰਗ ਵਿਚ ਗੁਰਦੇਵ ਸਿੰਘ ਕੰਮ ਕਰਦਾ ਸੀ ਪਿਛਲੇ ਸਾਲ ਫ਼ਰਵਰੀ ਮਹੀਨੇ 'ਚ ਕਿਸੇ ਕਾਰਨ ਉਹ ਬਿਲਡਿੰਗ ਡਿੱਗ ਗਈ ਅਤੇ ਮਲਬੇ ਹੇਠਾਂ ਆਉਣ ਕਾਰਨ ਉਨ੍ਹਾਂ ਨਾਲ ਹੀ ਕੰਮ ਕਰਦੇ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ। ਕੋਰਟ ਦੀ ਸੁਣਵਾਈ ਦੌਰਾਨ ਉਕਤ ਘਟਨਾ ਲਈ ਉਸ ਬਿਲਡਿੰਗ 'ਚ ਕੰਮ ਕਰਨ ਵਾਲੇ ਬਾਕੀ ਬਚਦੇ ਤਿੰਨ ਜਾਣੇ ਜਿਨ੍ਹਾਂ 'ਚ ਗੁਰਦੇਵ ਸਿੰਘ,ਮੁਹੰਮਦ ਖਲੀਲ ਅਤੇ ਸਿਕੰਦਰ ਆਜ਼ਮ ਸ਼ਾਮਲ ਸਨ, ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਂਦਿਆਂ ਭਾਰਤੀ ਕਰੰਸੀ ਮੁਤਾਬਿਕ ਕਰੀਬ 50 ਲੱਖ ਰੁਪਏ ਬਤੌਰ ਬਲੱਡ ਮਨੀ ਜੁਰਮਾਨਾ ਕਰ ਦਿੱਤਾ ਸੀ। ਜਿਸ ਤਹਿਤ ਗੁਰਦੇਵ ਸਿੰਘ ਦੇ ਹਿੱਸੇ ਲੱਗਭਗ 17 ਲੱਖ ਰੁਪਏ ਆਏ ਸਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੁਝ ਸਮਾਂ ਜੇਲ੍ਹ 'ਚ ਰੱਖਣ ਉਪਰੰਤ ਗੁਰਦੇਵ ਸਿੰਘ ਨੂੰ ਅਦਾਲਤ ਵੱਲੋਂ ਰਿਹਾਅ ਤਾਂ ਕਰ ਦਿੱਤਾ ਗਿਆ ਸੀ ਪ੍ਰੰਤੂ ਉਸਦੇ ਭਾਰਤ ਆਉਣ ਅਤੇ ਕੰਮ ਕਰਨ ਦੀ ਮੁਕੰਮਲ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਨੂੰ ਹੋਏ ਜੁਰਮਾਨੇ 'ਚੋਂ ਵੱਡਾ ਹਿੱਸਾ ਉਸਦੇ ਪਿੰਡ ਵਾਸੀਆਂ ਵੱਲੋਂ ਆਪਸੀ ਸਹਿਯੋਗ ਨਾਲ ਇਕੱਠਾ ਕਰ ਲਿਆ ਗਿਆ ਹੈ ਜਦਕਿ ਕੁਝ ਰਕਮ ਦੋਹਾ ਕਤਰ ਵਾਲੇ ਉਸਦੇ ਸਾਥੀਆਂ ਵੱਲੋਂ ਦਿੱਤੇ ਜਾਣੇ ਹਨ ਅਤੇ ਬਾਕੀ ਲੋੜੀਂਦੇ 2 ਲੱਖ ਰੁਪਏ ਅੱਜ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਤਰਨਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ, ਕੁਲਵਿੰਦਰ ਸਿੰਘ ਪਿੰਕਾ ਤੇ ਮੁਖਰਾਮ ਸਿੰਘ ਦੀ ਮੌਜੂਦਗੀ 'ਚ ਗੁਰਦੇਵ ਸਿੰਘ ਦੀ ਪੀੜ੍ਹਤ ਪਤਨੀ ਨਿਰਮਲ ਕੌਰ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਗੁਰਦੇਵ ਸਿੰਘ ਜਲਦੀ ਆਪਣੇ ਪਰਿਵਾਰ ਕੋਲ ਪਹੁੰਚ ਸਕੇ।
ਇਸ ਦੌਰਾਨ ਗੁਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਨੇ ਭਾਵੁਕ ਹੁੰਦਿਆਂ ਇਸ ਵੱਡੇ ਉਪਰਾਲੇ ਲਈ ਡਾ.ਐਸ.ਪੀ.ਸਿੰਘ ਉਬਰਾਏ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਇਸ ਮਦਦ ਸਦਕਾ ਉਨ੍ਹਾਂ ਦਾ ਪਰਿਵਾਰ ਅਤੇ ਉਸਦੀ ਦੀਆਂ ਛੋਟੀਆਂ-ਛੋਟੀਆਂ ਦੋ ਧੀਆਂ ਜਲਦ ਆਪਣੇ ਬਾਪ ਨੂੰ ਮਿਲ ਸਕਣਗੀਆਂ।
- Download Babushahi App
-
-