ਕੇਜਰੀਵਾਲ ਨੇ ਨੀਟ ਪ੍ਰੀਖਿਆਰਥੀਆਂ ਨੂੰ ਕਿਹਾ, ‘ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ ਸਾਂਝੇ ਕਰੋ, ਅਸੀਂ ਤੁਹਾਡੇ ਨਾਲ’
*ਮੇਰੇ ਸੋਸ਼ਲ ਮੀਡੀਆ ਹੈਂਡਲ 'ਤੇ ਕਮੈਂਟ ਸੈਕਸ਼ਨ ਜਾਂ ਡਾਇਰੈਕਟ ਮੈਸੇਜ ਕਰਕੇ ਮੈਨੂੰ ਆਪਣੇ ਸੁਝਾਅ ਭੇਜ ਸਕਦੇ ਹੋ - ਕੇਜਰੀਵਾਲ*
*ਮੈਂ ਸਮਝ ਸਕਦਾ ਹਾਂ ਕਿ ਪੇਪਰ ਲੀਕ ਹੋਣ 'ਤੇ ਕੀ ਬੀਤਦੀ ਹੈ, ਪਰ ਖੁਦਕੁਸ਼ੀ ਵਰਗਾ ਸਖ਼ਤ ਕਦਮ ਇਸ ਦਾ ਹੱਲ ਨਹੀਂ - ਕੇਜਰੀਵਾਲ*
*ਮੈਂ ਹਮੇਸ਼ਾ ਤੁਹਾਡੇ ਸੰਪਰਕ ਵਿੱਚ ਰਹਾਂਗਾ, ਸਾਨੂੰ ਸਾਰਿਆਂ ਨੂੰ ਮਿਲ ਕੇ ਪੇਪਰ ਲੀਕ ਦੇ ਮੁੱਦੇ ਦਾ ਹੱਲ ਕੱਢਣਾ ਹੋਵੇਗਾ - ਕੇਜਰੀਵਾਲ*
ਨਵੀਂ ਦਿੱਲੀ, 17 ਮਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਤਣਾਅ ਤੋਂ ਬਾਹਰ ਕੱਢਣ ਅਤੇ ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਇੱਕ ਵੱਡੀ ਪਹਿਲ ਕੀਤੀ ਹੈ। ਐਤਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਜੇਕਰ ਤੁਸੀਂ ਤਣਾਅ ਵਿੱਚ ਹੋ, ਤਾਂ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ ਸਾਂਝੇ ਕਰੋ। ਤੁਸੀਂ ਮੇਰੇ ਸੋਸ਼ਲ ਮੀਡੀਆ ਹੈਂਡਲ 'ਤੇ ਕਮੈਂਟ ਸੈਕਸ਼ਨ ਜਾਂ ਡਾਇਰੈਕਟ ਮੈਸੇਜ ਕਰਕੇ ਮੈਨੂੰ ਆਪਣੇ ਸੁਝਾਅ ਅਤੇ ਆਪਣੀਆਂ ਭਾਵਨਾਵਾਂ ਭੇਜ ਸਕਦੇ ਹੋ। ਮੈਂ ਸਮਝ ਸਕਦਾ ਹਾਂ ਕਿ ਪੇਪਰ ਲੀਕ ਹੋਣ 'ਤੇ ਕੀ ਬੀਤਦੀ ਹੈ, ਪਰ ਖੁਦਕੁਸ਼ੀ ਵਰਗਾ ਸਖ਼ਤ ਕਦਮ ਇਸ ਦਾ ਹੱਲ ਨਹੀਂ ਹੈ। ਮੈਂ ਹਮੇਸ਼ਾ ਤੁਹਾਡੇ ਸੰਪਰਕ ਵਿੱਚ ਰਹਾਂਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਪੇਪਰ ਲੀਕ ਦੇ ਮੁੱਦੇ ਦਾ ਹੱਲ ਕੱਢਣਾ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਚਾਰੇ ਪਾਸਿਓਂ ਰਿਪੋਰਟਾਂ ਆ ਰਹੀਆਂ ਹਨ। ਬਹੁਤ ਸਾਰੇ ਬੱਚਿਆਂ ਦੇ ਸੰਦੇਸ਼ ਆਏ ਹਨ ਅਤੇ ਫ਼ੋਨ ਕਾਲਾਂ ਆ ਰਹੀਆਂ ਹਨ ਕਿ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਕਈ ਬੱਚੇ ਡਿਪਰੈਸ਼ਨ ਅਤੇ ਸਟ੍ਰੈੱਸ (ਤਣਾਅ) ਵਿੱਚ ਹਨ। ਹੁਣੇ ਚਾਰ ਬੱਚਿਆਂ ਦੀ ਖੁਦਕੁਸ਼ੀ ਦੀ ਖ਼ਬਰ ਵੀ ਆਈ ਹੈ। ਗੋਆ ਵਿੱਚ ਇੱਕ ਬੱਚੇ ਨੇ ਖੁਦਕੁਸ਼ੀ ਕਰ ਲਈ। ਮੈਂ ਉਸ ਦੇ ਘਰ ਵੀ ਗਿਆ ਸੀ। ਇਸੇ ਤਰ੍ਹਾਂ ਸੀਕਰ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਵੀ ਬੱਚਿਆਂ ਨੇ ਖੁਦਕੁਸ਼ੀ ਕਰ ਲਈ।
ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇੰਨਾ ਸਖ਼ਤ ਕਦਮ ਨਾ ਚੁੱਕੋ। ਮੈਂ ਤੁਹਾਡੀ ਚਿੰਤਾ ਅਤੇ ਘਬਰਾਹਟ ਨੂੰ ਸਮਝ ਰਿਹਾ ਹਾਂ। ਮੈਂ ਵੀ ਆਈਆਈਟੀ ਅਤੇ ਯੂਪੀਐਸਸੀ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ।
ਅਸੀਂ ਕਿੰਨੇ ਤਣਾਅ ਵਿੱਚ ਪ੍ਰੀਖਿਆ ਦਿੰਦੇ ਹਾਂ, ਤਿਆਰੀ ਕਰਦੇ ਹਾਂ, ਪੇਪਰ ਦੇ ਕੇ ਆਉਂਦੇ ਹਾਂ ਅਤੇ ਜੇਕਰ ਅਜਿਹੇ ਵਿੱਚ ਪੇਪਰ ਰੱਦ ਹੋ ਜਾਵੇ ਤਾਂ ਦੁੱਖ ਹੁੰਦਾ ਹੈ। ਮੈਂ ਇਹ ਸੋਚ ਰਿਹਾ ਸੀ ਕਿ ਜੇਕਰ ਮੇਰੇ ਸਮੇਂ ਵਿੱਚ ਪੇਪਰ ਰੱਦ ਹੋ ਜਾਂਦਾ ਤਾਂ ਮੇਰੇ 'ਤੇ ਕੀ ਬੀਤਦੀ? ਪਰ ਖੁਦਕੁਸ਼ੀ ਕਰਨਾ ਜਾਂ ਇੰਨਾ ਸਖ਼ਤ ਕਦਮ ਚੁੱਕਣਾ, ਇਸ ਦਾ ਹੱਲ ਨਹੀਂ ਹੈ। ਸਾਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਡਿਪਰੈਸ਼ਨ ਵਿੱਚ ਹੋ, ਤਾਂ ਤੁਸੀਂ ਆਪਣੀ ਭਾਵਨਾ ਮੇਰੇ ਨਾਲ ਸਾਂਝੀ ਕਰੋ। ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾਂ ਡਾਇਰੈਕਟ ਮੈਸੇਜ (ਡੀਐਮ) ਕਰਕੇ ਮੇਰੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਸੰਪਰਕ ਕਰਾਂਗਾ ਅਤੇ ਅਸੀਂ ਮਿਲ ਕੇ ਇਸ ਦਾ ਹੱਲ ਕੱਢਾਂਗੇ। ਤੁਸੀਂ ਸਾਰੇ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕ ਹੋ। ਨੀਟ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ, ਇਸ ਦਾ ਹੱਲ ਅਸੀਂ ਮਿਲ ਕੇ ਕੱਢਾਂਗੇ। ਤੁਸੀਂ ਵੀ ਇਸ ਬਾਰੇ ਕੁਝ ਸੋਚਿਆ ਹੋਵੇਗਾ, ਇਸ ਲਈ ਤੁਸੀਂ ਆਪਣੇ ਸੁਝਾਅ ਵੀ ਮੈਨੂੰ ਭੇਜੋ। ਅਸੀਂ ਮਿਲ ਕੇ ਇਸ ਦਾ ਹੱਲ ਕਰਦੇ ਹਾਂ।
- Download Babushahi App
-
-