ਖੂਨਦਾਨ ਕਰਨ ਦਾ ਕੀ ਫਾਇਦਾ ਜੇ ਉਹ ਆਪਣੇ ਹੀ ਕੰਮ ਨਾ ਆਵੇ: ਦੀਪਕ ਕੁਮਾਰ
ਦਲਜੀਤ ਕੌਰ
ਚੰਡੀਗੜ੍ਹ/ਭਵਾਨੀਗੜ੍ਹ, 5 ਮਈ, 2025: ਭਵਾਨੀਗੜ੍ਹ ਦੇ ਰਹਿਣ ਵਾਲੇ ਹਿੰਦੀ ਅਧਿਆਪਕ ਦੀਪਕ ਕੁਮਾਰ ਲਿਖਤੀ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ 27 ਮਈ 2025 ਦੀ ਹੈ, ਜਦੋਂ ਉਹ ਆਪਣੇ ਜੀਜਾ ਜੀ ਦੇ ਆਪਰੇਸ਼ਨ ਲਈ ਪੀਜੀਆਈ, ਚੰਡੀਗੜ੍ਹ ਵਿੱਚ ਸੀ। ਜੀਜਾ ਜੀ ਦੇ ਆਪਰੇਸ਼ਨ ਲਈ ਡਾਕਟਰ ਸਾਹਿਬ ਨੇ ਖੂਨ ਦੀ ਜਰੂਰਤ ਕਹੀ ਸੀ ਜੋ ਕਿ ਦੋ ਯੂਨਿਟ ਪੀਜੀਆਈ, ਚੰਡੀਗੜ੍ਹ ਤੋਂ 150 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਹੀ ਮਿਲ ਗਏ ਅਤੇ ਕਿਹਾ ਗਿਆ ਕਿ ਜੇ ਬਾਕੀ ਖੂਨ ਦੀ ਲੋੜ ਪਈ ਤਾਂ ਉਸ ਲਈ ਤੁਹਾਨੂੰ ਬਲੱਡ ਡੋਨਰ ਦਾ ਇੰਤਜ਼ਾਮ ਕਰਨਾ ਪਵੇਗਾ। ਖੈਰ, ਆਪਰੇਸ਼ਨ ਠੀਕ ਹੋ ਗਿਆ ਤੇ ਬਲੱਡ ਦੀ ਵੀ ਜਰੂਰਤ ਨਹੀਂ ਪਈ, ਜਿਸ ਕਰਕੇ ਬਲੱਡ ਦੇ ਦੋਨੋਂ ਹੀ ਯੂਨਿਟ ਬਚ ਗਏ ਤੇ ਅਸੀਂ ਡਾਕਟਰ ਸਾਹਿਬ ਨੂੰ ਉਹ ਜਮ੍ਹਾਂ ਕਰਵਾ ਦਿੱਤੇ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਜੀਜਾ ਜੀ ਦੇ ਨਾਲ ਹੀ ਸਾਡਾ ਇੱਕ ਹੋਰ ਰਿਸ਼ਤੇਦਾਰ ਵੀ ਪੀਜੀਆਈ, ਚੰਡੀਗੜ੍ਹ ਦੇ ਵਿੱਚ ਦਾਖਲ ਸੀ, ਜਿਸ ਨੂੰ ਕਿ ਲੀਵਰ ਦੀ ਸਮੱਸਿਆ ਸੀ ਅਤੇ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਿਹਾ ਸੀ। ਮਰੀਜ਼ ਦੇ ਨਾਲ ਉਹਨਾਂ ਦੀ ਪਤਨੀ ਤੇ ਉਨਾਂ ਦੀ ਮਾਤਾ ਜੀ ਸਨ ਤੇ ਭੱਜ ਦੌੜ ਲਈ ਉਹਨਾਂ ਦੇ ਘਰ ਕੋਈ ਆਦਮੀ ਨਾ ਹੋਣ ਕਾਰਨ ਉਹਨਾਂ ਨੇ ਆਪਣੇ ਭਾਣਜੇ ਨੂੰ ਉੱਥੇ ਬੁਲਾਇਆ ਹੋਇਆ ਸੀ ਜੋ ਕਿ ਸਾਰੇ ਟੈਸਟਾਂ ਦੇ ਸੈਂਪਲ ਦੇ ਕੇ ਆਉਣੇ, ਸਿਟੀ ਸਕੈਨ, ਐਮ.ਆਰ. ਆਈ, ਅਲਟਰਾਸਾਊਂਡ ਆਦਿ ਕਰਵਾਉਣੇ ਅਤੇ ਉਹਨਾਂ ਦੀ ਰਿਪੋਰਟਾਂ ਲੈ ਕੇ ਆਉਣ ਦਾ ਕੰਮ ਕਰ ਰਿਹਾ ਸੀ। ਉਸਨੇ ਮੈਨੂੰ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਬਲੱਡ ਦੀ ਜਰੂਰਤ ਹੈ, ਬਲੱਡ ਘੱਟ ਰਿਹਾ ਹੈ ਤੇ ਬਲੱਡ ਚੜਾਉਣਾ ਪਵੇਗਾ। ਇਸ ਲਈ ਇਕ ਯੂਨਿਟ ਪੀਜੀਆਈ, ਚੰਡੀਗੜ੍ਹ ਤੋਂ ਹੀ ਮਿਲ ਗਿਆ। ਇੱਕ ਯੂਨਿਟ ਬਲੱਡ ਚੜਾਉਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਕੋਈ ਬਲੱਡ ਡੋਨਰ ਲੈ ਕੇ ਆਓ, ਇਹਨਾਂ ਨੂੰ ਬਲੱਡ ਦੀ ਹੋਰ ਜਰੂਰਤ ਵੀ ਹੈ। ਮੈਂਂ ਉਸ ਨਾਲ ਗੱਲ ਕੀਤੀ ਕਿ ਮੇਰੇ ਜੀਜਾ ਜੀ ਦੇ ਆਪਰੇਸ਼ਨ ਦੇ ਲਈ ਵੀ ਅਸੀਂ ਦੋ ਯੂਨਿਟ ਬਲੱਡ ਪੀਜੀਆਈ, ਚੰਡੀਗੜ੍ਹ ਤੋਂ ਖਰੀਦੇ ਸੀ ਜੋ ਕਿ ਵਰਤੋਂ ਵਿੱਚ ਨਹੀਂ ਆਏ। ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰ ਲੈਦੇ ਹਾਂ, ਜੇਕਰ ਉਹ ਮੰਨ ਗਏ ਤਾਂ ਉਹ ਦੋ ਯੂਨਿਟ ਬਲੱਡ ਦੇ ਇਹਨਾਂ ਦੇ ਕੰਮ ਆ ਸਕਦੇ ਹਨ। ਸੋ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਪਰ ਉਹਨਾਂ ਨੇ ਇਸ ਤੇ ਇਤਰਾਜ਼ ਜਤਾਇਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਦੋਨੋਂ ਸਾਈਡ ਤੋਂ ਸੀਨੀਅਰ ਡਾਕਟਰ ਗੱਲ ਕਰਨਗੇ ਤਾਂ ਹੀ ਕੁੱਝ ਹੋ ਸਕਦਾ ਹੈ। ਅੰਤ ਵਿੱਚ ਉਹਨਾਂ ਨੇ ਜਵਾਬ ਹੀ ਦੇ ਦਿੱਤਾ ਕਿ ਇਸ ਤਰਾਂ ਨਹੀਂ ਹੋ ਸਕਦਾ। ਫਿਰ ਉਸਨੇ ਸੋਚਿਆ ਕਿ ਮੈਂ ਹੀ ਬਲੱਡ ਡੋਨੇਟ ਕਰ ਦਿੰਦਾ ਹਾਂ ਤੇ ਨਾਲ ਹੀ ਉਸਨੇ ਦੱਸਿਆ ਕਿ ਮੈਂ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਲਗਾਏ ਸੁਸਾਇਟੀਆਂ ਵੱਲੋਂ ਬਲੱਡ ਡੋਨੇਸ਼ਨ ਕੈਂਪਾਂ ਵਿੱਚ ਬਲੱਡ ਡੋਨੇਟ ਕੀਤੇ ਹਨ ਜਿਨਾਂ ਦੇ ਸਰਟੀਫਿਕੇਟ ਵੀ ਮੇਰੇ ਕੋਲ ਹਨ। ਮੈਂ ਉਸਨੂੰ ਕਿਹਾ ਕਿ ਇੱਥੇ ਭੱਜ ਦੌੜ ਕਰਨ ਵਾਲਾ ਤੂੰ ਇਕੱਲਾ ਹੀ ਤਾਂ ਹੈ ਜੇ ਤੂੰ ਬਲੱਡ ਡੋਨੇਟ ਕਰਤਾ ਤੇ ਤੈਨੂੰ ਥੋੜੀ ਬਹੁਤ ਕਮਜ਼ੋਰੀ ਆਉਣੀ ਹੈ ਜਿਸ ਨਾਲ ਭੱਜ ਦੌੜ ਕਰਨ ਵਿੱਚ ਸਮੱਸਿਆ ਆ ਸਕਦੀ ਹੈ ਤੇ ਮੈਂ ਆਪ ਵੀ ਬਲੱਡ ਡੋਨੇਟ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਵੀ ਆਪਣੇ ਜੀਜਾ ਜੀ ਦੇ ਨਾਲ ਹੀ ਉਹਨਾਂ ਦੀ ਦੇਖਰੇਖ ਲਈ ਸੀ।
ਉਨ੍ਹਾਂ ਦੱਸਿਆ ਕਿ ਮੈਂ ਉਸ ਨੂੰ ਕਿਹਾ ਕਿ ਆਪਾਂ ਬਲੱਡ ਬੈਂਕ ਕਾਉੰਟਰ ਤੇ ਜਾ ਕੇ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਇਸ ਨੇ ਪਹਿਲਾਂ ਵੀ ਕਈ ਵਾਰ ਬਲੱਡ ਡੋਨੇਟ ਕੀਤਾ ਹੋਇਆ ਹੈ ਜਿਸ ਦੇ ਕਿ ਸਬੂਤ ਵੀ ਉਸ ਕੋਲ ਹਨ , ਸਾਨੂੰ ਇਸ ਆਧਾਰ ਤੇ ਤਾਂ ਬਲੱਡ ਮਿਲ ਹੀ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਬਲੱਡ ਬੈਂਕ ਕਾਊਂਟਰ ਤੇ ਜਾ ਕੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਬਲੱਡ ਡੋਨੇਟ ਪੰਜਾਬ ਵਿੱਚ ਕੀਤੇ ਹਨ, ਜਿਸ ਲਈ ਤੁਹਾਨੂੰ ਬਲੱਡ ਨਹੀਂ ਮਿਲ ਸਕਦਾ ਹਾਂ ਜੇਕਰ ਤੁਸੀਂ ਪੀਜੀਆਈ ਚੰਡੀਗੜ੍ਹ ਵਿੱਚ ਬਲੱਡ ਡੋਨੇਟ ਕੀਤਾ ਹੁੰਦਾ ਤੇ ਤੁਹਾਡੇ ਕੋਲ ਕਾਰਡ ਹੁੰਦਾ ਤਾਂ ਅਸੀਂ ਤੁਹਾਨੂੰ ਬਲੱਡ ਦੇ ਦਿੰਦੇ। ਮੇਰੇ ਨਾਲ ਦਾ ਸਾਥੀ ਬਹੁਤ ਨਿਰਾਸ਼ ਹੋ ਗਿਆ ਤੇ ਸੋਚ ਵਿੱਚ ਪੈ ਗਿਆ ਕਿ ਮੇਰੇ ਖੂਨਦਾਨ ਦਾ ਮੈਨੂੰ ਵੀ ਕੋਈ ਫਾਇਦਾ ਨਹੀਂ ਹੈ। ਮੈਂ ਖੂਨ ਦਾਨ ਤਾਂ ਕੀਤਾ ਹੋਇਆ ਹੈ ਪਰ ਜਦੋਂ ਮੈਨੂੰ ਇਸ ਦੀ ਜਰੂਰਤ ਹੈ ਤਾਂ ਇਹ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖੂਨ ਦਾਨ ਕਰਨ ਦਾ ਕੀ ਫਾਇਦਾ ਹੋਇਆ।
ਫਿਰ ਅਸੀਂ ਆਪਣੀ ਕਿਸੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਰਿਸ਼ਤੇਦਾਰ ਨੇ ਪੀਜੀਆਈ ਚੰਡੀਗੜ੍ਹ ਵਿੱਚ ਹੀ ਬਲੱਡ ਡੋਨੇਟ ਕੀਤਾ ਸੀ , ਅਸੀਂ ਉਸ ਨਾਲ ਗੱਲ ਕੀਤੀ ਤੇ ਉਸਨੇ ਸਾਨੂੰ ਆਪਣੇ ਕਾਰਡ ਦੀ ਫੋਟੋ ਭੇਜ ਦਿੱਤੀ ਤੇ ਕਿਹਾ ਕਿ ਮੈਂ ਅੱਜ ਨਹੀਂ ਆ ਸਕਦਾ ਤੁਸੀਂ ਇਸ ਕਾਰਡ ਦੇ ਆਧਾਰ ਤੇ ਬਲੱਡ ਲੈ ਸਕਦੇ ਹੋ। ਅਸੀਂ ਫਿਰ ਬਲੱਡ ਬੈਂਕ ਕਾਊਂਟਰ ਤੇ ਪਹੁੰਚੇ ਅਤੇ ਉਹਨਾਂ ਨੂੰ ਉਹ ਫੋਟੋ ਦਿਖਾਈ ਕਾਊਂਟਰ ਤੇ ਉਹਨਾਂ ਨੇ ਕਿਹਾ ਕਿ ਅਸਲੀ ਕਾਰਡ ਹੀ ਚੱਲ ਸਕਦਾ ਹੈ, ਫੋਟੋ ਜਾਂ ਫੋਟੋ ਸਟੇਟ ਕਾਪੀ ਨਹੀਂ ਚੱਲੇਗੀ। ਭਾਵ ਕਿ ਉਹਨਾਂ ਨੇ ਬਲੱਡ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ।
ਅਸੀਂ ਇੱਕ ਵਾਰ ਫਿਰ ਤੋਂ ਨਿਰਾਸ਼ ਹੋ ਗਏ ਤੇ ਮੇਰੇ ਮਨ ਵਿੱਚ ਬਾਰ-ਬਾਰ ਇਹੀ ਖਿਆਲ ਆ ਰਹੇ ਸਨ ਕਿ ਸਾਡੇ ਕੋਲ ਬਲੱਡ ਲਈ ਤਿੰਨ ਵਿਕਲਪ ਸਨ ਜਿਨਾਂ ਵਿੱਚੋਂ ਇੱਕ ਵੀ ਵਿਕਲਪ ਇਥੇ ਕੰਮ ਨਹੀਂ ਆ ਰਿਹਾ ਸੀ ਤੇ ਮੇਰੇ ਨਾਲ ਦਾ ਸਾਥੀ ਇਸ ਲਈ ਨਿਰਾਸ਼ ਹੋ ਰਿਹਾ ਸੀ ਕਿ ਉਸਨੇ ਕਈ ਵਾਰ ਬਲੱਡ ਡੋਨੇਟ ਵੀ ਕੀਤਾ ਪਰ ਉਸ ਵੱਲੋਂ ਡੋਨੇਟ ਕੀਤੇ ਬਲੱਡ ਦਾ ਵੀ ਉਸਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਮੈਂ ਤੇ ਮੇਰਾ ਸਾਥੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਖੂਨ ਦਾਨ ਕਰਨ ਦਾ ਕੀ ਫਾਇਦਾ ਜੇ ਉਹ ਸਮੇਂ ਤੇ ਸਾਡੇ ਹੀ ਕੰਮ ਨਾ ਆਵੇ।