ਖੇਤ ਮਜ਼ਦੂਰ ਆਗੂਆਂ ਵੱਲੋਂ ਮੁੱਖ ਮੰਤਰੀ ਦਾ ਧਰਨਿਆਂ ਸਬੰਧੀ ਐਲਾਨ ਲੋਕਾਂ ਦੀ ਜ਼ੁਬਾਨਬੰਦੀ ਕਰਾਰ
ਅਸ਼ੋਕ ਵਰਮਾ
ਬਠਿੰਡਾ, 5 ਮਈ 2025:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਲੋਕਾਂ ਤੇ ਸਖ਼ਤ ਕਾਰਵਾਈ ਕਰਨ ਦੇ ਐਲਾਨ ਨੂੰ ਲੋਕਾਂ ਦੀ ਜ਼ੁਬਾਨਬੰਦੀ ਕਰਾਰ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਸ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਚ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਖੌਤੀ ਵਿਕਾਸ ਦੇ ਨਾਂਅ ਹੇਠ ਪੰਜਾਬ ਦੀਆਂ ਜ਼ਮੀਨਾਂ,ਕਿਰਤ ਸ਼ਕਤੀ ਤੇ ਹੋਰ ਕੁਦਰਤੀ ਸੋਮਿਆਂ ਨੂੰ ਲੁੱਟਣ ਚੜ੍ਹੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ,ਸਾਮਰਾਜੀ ਤੇ ਜਗੀਰੂ ਤਾਕਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਡਾ ਸੇਵਾਦਾਰ ਹੋਣ ਦਾ ਸੁਨੇਹਾ ਦੇ ਰਹੇ ਕਿ ਅਖੌਤੀ ਵਿਕਾਸ ਪ੍ਰੋਜੈਕਟਾਂ ਖ਼ਿਲਾਫ਼ ਉੱਠਣ ਵਾਲੀ ਅਵਾਜ਼ ਨੂੰ ਕੁਚਲਣ ਲਈ ਉਹਨਾਂ ਦੀ ਸਰਕਾਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
ਉਹਨਾਂ ਆਖਿਆ ਕਿ ਆਪ ਸਰਕਾਰ ਖੇਤ ਮਜ਼ਦੂਰਾਂ, ਕਿਸਾਨਾਂ, ਠੇਕਾ ਕਾਮਿਆਂ, ਬੇਰੁਜ਼ਗਾਰਾਂ ਤੇ ਹੋਰਨਾਂ ਕਿਰਤੀ ਕਮਾਊ ਲੋਕਾਂ ਦੇ ਹੱਕੀ ਮਸਲੇ ਹੱਲ ਕਰਨ ਦੀ ਥਾਂ ਪੰਜਾਬ ਨੂੰ ਨੰਗੇ ਚਿੱਟੇ ਪੁਲਿਸ ਰਾਜ 'ਚ ਬਦਲਣ ਦੇ ਰਾਹ ਪੈ ਗਈ ਹੈ। ਉਹਨਾਂ ਆਖਿਆ ਕਿ ਰੇਲਾਂ ਤੇ ਸੜਕਾਂ ਜਾਮ ਕਰਨ ਸਦਕਾ ਲੋਕਾਂ ਨੂੰ ਹੁੰਦੀ ਖੱਜਲਖੁਆਰੀ ਤਾਂ ਭਗਵੰਤ ਮਾਨ ਸਰਕਾਰ ਦਾ ਬਹਾਨਾ ਹੈ ਅਸਲ ਵਿੱਚ ਤਾਂ ਉਹ ਲੋਕਾਂ ਦੇ ਸੰਘਰਸ਼ ਦੀ ਹਰ ਵੰਨਗੀ ਤੋਂ ਘਬਰਾਉਂਦੇ ਹਨ ਅਤੇ ਪੁਲਿਸ ਜ਼ਬਰ ਦੇ ਜ਼ੋਰ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦਾ ਘਾਣ ਕਰਨ ਤੇ ਉੱਤਰ ਆਏ ਹਨ। ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜ਼ਬਰ ਦੇ ਜ਼ੋਰ ਲੋਕਾਂ ਦੇ ਹੱਕੀ ਸੰਘਰਸ਼ਾਂ ਤੇ ਲਹਿਰਾਂ ਨੂੰ ਰੋਕਣ ਦਾ ਭਰਮ ਪਾਲ ਰਹੇ ਹਨ ਜਦੋਂ ਕਿ ਜ਼ਬਰ ਦੇ ਜ਼ੋਰ ਹੱਕੀ ਸੰਘਰਸ਼ਾਂ ਨੂੰ ਕਦੇ ਵੀ ਕੁਚਲਿਆ ਨਹੀਂ ਜਾ ਸਕਦਾ ਜੇਕਰ ਅਜਿਹਾ ਸੰਭਵ ਹੁੰਦਾ ਇੱਥੇ ਔਰੰਗਜ਼ੇਬ ਵਰਗੇ ਜਾਬਰਾਂ ਤੇ ਜਲਿਆਂਵਾਲਾ ਬਾਗ ਵਰਗੇ ਘਿਨਾਉਣੇ ਕਾਂਡ ਰਚਾਉਣ ਵਾਲੇ ਬਰਤਾਨਵੀ ਹਾਕਮਾਂ ਦੀਆਂ ਹਕੂਮਤਾਂ ਦਾ ਖਾਤਮਾ ਨਾ ਹੁੰਦਾ।