ਰੂਪਨਗਰ: ਡਾ. ਰਵਜੋਤ ਸਿੰਘ ਵਲੋਂ ਪੁਲਿਸ ਲਾਈਨ ਲਾਈਟਾਂ ‘ਤੇ ਲੋਕਾਂ ਦੀ ਸਹੂਲਤ ਲਈ ਸ਼ੈੱਡ, ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਹਦਾਇਤ
ਇੱਕ ਹਫ਼ਤੇ ਦੇ ਅੰਦਰ-ਅੰਦਰ ਪਾਣੀ ਦੀ ਨਿਕਾਸੀ ਲਈ ਰਾਸ਼ੀ ਜਾਰੀ ਕੀਤੀ ਜਾਵੇਗੀ - ਕੈਬਨਿਟ ਮੰਤਰੀ
ਰੂਪਨਗਰ, 5 ਮਈ: ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਰੂਪਨਗਰ ਪੁਲਿਸ ਲਾਈਨ ਲਾਈਟਾਂ ਨੇੜੇ ਬਣ ਰਹੇ ਨਵੇਂ ਬੱਸ ਅੱਡੇ ਦਾ ਦੌਰਾ ਕਰਦਿਆਂ ਕਿਹਾ ਕਿ ਜਦੋਂ ਤੱਕ ਨਵੇਂ ਬੱਸ ਅੱਡੇ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਪੁਲਿਸ ਲਾਈਨ ਦੇ ਇਸ ਟੀ ਪੁਆਇੰਟ ਉਤੇ ਸਵਾਰੀਆਂ ਦੀ ਸਹੂਲਤ ਲਈ ਸ਼ੈੱਡ, ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਇਸ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਨੈਸ਼ਨਲ ਹਾਈਵੇ (21) ਤੋਂ ਦੋਆਬੇ ਅਤੇ ਮਾਝੇ ਨੂੰ ਜੋੜਨ ਵਾਲਾ ਇਹ ਟੀ ਪੁਆਇੰਟ ਕਾਫੀ ਮਹੱਤਵ ਰੱਖਦਾ ਹੈ, ਇਸ ਤੋਂ ਇਲਾਵਾ ਸਕੂਲ਼, ਕਾਲਜਾਂ, ਮੋਹਾਲੀ ਜਾਂ ਚੰਡੀਗੜ੍ਹ ਜਾਣ ਵਾਲੇ ਨੌਕਰੀ ਪੇਸ਼ੇਵਰ, ਸਾਰੇ ਹੀ ਇੱਥੋਂ ਬੱਸ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦਾ ਸੁੰਦਰੀਕਰਨ ਕੀਤਾ ਜਾਵੇ, ਖੜਨ ਬੈਠਣ ਲਈ ਪੂਰੇ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਮੋੜ ਹੋਣ ਕਾਰਨ ਕੋਈ ਦੁਰਘਟਨਾ ਵੀ ਨਾ ਵਾਪਰ ਸਕੇ।
ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਮੀਨੀ ਪੱਧਰ ਉਤੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਿਖੇ ਬੱਸ ਸਟੈਂਡ ਦੀ ਸੇਵਾ ਨਾ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ਹਾਲਾਤਾਂ ਕਾਰਨ ਇਹ ਪੁਲਿਸ ਲਾਈਨ ਦਾ ਪੁਆਇੰਟ ਕਾਫ਼ੀ ਸਰਗਰਮ ਹੋ ਗਿਆ ਹੈ ਇਸ ਲਈ ਇੱਥੇ ਬੱਸ ਸਟੈਂਡ ਦੀ ਤਰ੍ਹਾਂ ਸਹੂਲਤ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ
ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਸ਼ਹਿਰ ਦੀਆਂ ਹੋਰ ਵੀ ਸਮੱਸਿਆਵਾਂ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ, ਜਿਸ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆਂ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਕਿਹਾ ਗਿਆ, ਜਿਸ ਦੇ ਜਵਾਬ ਵਿੱਚ ਡਾ. ਰਵਜੋਤ ਸਿੰਘ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਕਿ ਰੂਪਨਗਰ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਬਜਟ ਪਾਸ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸਡੀਐਮ ਰੂਪਨਗਰ ਸਚਿਨ ਪਾਠਕ, ਐਕਸੀਅਨ ਜਲ ਸਪਲਾਈ ਮਾਈਕਲ, ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ਼ਿਵ ਕੁਮਾਰ ਲਾਲਪੁਰਾ, ਇੰਦਰਜੀਤ ਸਿੰਘ ਬਾਲਾ, ਸੰਦੀਪ ਜੋਸ਼ੀ ਅਤੇ ਹੋਰ ਪਾਰਟੀ ਵਰਕਰਾਂ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।