ਮਾਨਸਾ ਵਿੱਚ ਲੋਕਤੰਤਰ ਦੀ ਜਿੱਤ: ਸਿਆਸੀ ਦਬਾਅ ਹੇਠ ਕਾਗਜ਼ ਰੱਦ ਕਰਵਾਉਣ ਦੀ ਕੋਸ਼ਿਸ਼ ਨਾਕਾਮ
ਅਸ਼ੋਕ ਵਰਮਾ
ਮਾਨਸਾ ,18 ਮਈ 2026:ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਉਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ, ਜਦੋਂ ਨਾਮਜ਼ਦਗੀ ਪੱਤਰਾਂ (ਕਾਗਜ਼ਾਂ) ਦੀ ਪੜਤਾਲ ਦੌਰਾਨ ਸਿਆਸੀ ਦਬਾਅ ਪਾ ਕੇ ਕੁਝ ਵਾਰਡਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਖ਼ਾਸ ਕਰਕੇ ਵਾਰਡ ਨੰਬਰ 18 ਵਿੱਚ ਧੱਕੇਸ਼ਾਹੀ ਦੇ ਜ਼ੋਰ 'ਤੇ ਅਰਪਿਤ ਚੌਧਰੀ ਦੇ ਪੱਖ ਵਿੱਚ ਰਾਜ ਕਰਵਾਉਣ ਦੀ ਜੋ ਨਾਕਾਮ ਕੋਸ਼ਿਸ਼ ਕੀਤੀ ਗਈ ਸੀ, ਉਹ '21 ਮੈਂਬਰੀ ਕਮੇਟੀ ਮਾਨਸਾ' ਦੀ ਮੁਸਤੈਦੀ ਅਤੇ ਤਿੱਖੇ ਵਿਰੋਧ ਕਾਰਨ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ।ਜਿਵੇਂ ਹੀ ਪ੍ਰਸ਼ਾਸਨ ਵੱਲੋਂ ਕਾਗਜ਼ ਰੱਦ ਕੀਤੇ ਜਾਣ ਦੀ ਭਿਣਕ ਮਾਨਸਾ ਦੇ ਆਮ ਲੋਕਾਂ ਵਿੱਚ ਫੈਲੀ, ਤਾਂ ਜਨਤਾ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਇਸ ਨਾਜ਼ੁਕ ਮਸਲੇ ਦੀ ਸੂਚਨਾ ਮਿਲਦਿਆਂ ਹੀ '21 ਮੈਂਬਰੀ ਕਮੇਟੀ ਮਾਨਸਾ' ਦੇ ਪ੍ਰਮੁੱਖ ਆਗੂ ਤੁਰੰਤ ਹਰਕਤ ਵਿੱਚ ਆਏ ਅਤੇ ਵੱਡੀ ਗਿਣਤੀ ਸਾਥੀਆਂ ਸਮੇਤ ਮੌਕੇ 'ਤੇ ਐੱਸ.ਡੀ.ਐੱਮ. (SDM) ਦਫ਼ਤਰ ਪਹੁੰਚ ਗਏ। ਕਮੇਟੀ ਦੇ ਆਗੂਆਂ ਨੇ ਦਫ਼ਤਰ ਅੰਦਰ ਡੇਰੇ ਲਾ ਲਏ ਅਤੇ ਪ੍ਰਸ਼ਾਸਨ ਨੂੰ ਦੋ-ਟੁਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਸਿਆਸੀ ਦਬਾਅ ਹੇਠ ਕਿਸੇ ਵੀ ਉਮੀਦਵਾਰ ਦੇ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤੇ ਗਏ, ਤਾਂ ਸ਼ਹਿਰ ਅੰਦਰ ਇੱਕ ਤਿੱਖਾ ਅਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਕਮੇਟੀ ਦੀ ਇਸ ਦ੍ਰਿੜਤਾ, ਅਣਥੱਕ ਮਿਹਨਤ ਅਤੇ ਕਾਨੂੰਨੀ ਪੈਰਵੀ ਅੱਗੇ ਆਖ਼ਰਕਾਰ ਪ੍ਰਸ਼ਾਸਨ ਨੂੰ ਝੁਕਣਾ ਪਿਆ। ਪ੍ਰਸ਼ਾਸਨ ਵੱਲੋਂ ਕਮੇਟੀ ਅਤੇ ਉਮੀਦਵਾਰਾਂ ਦੇ ਪੱਤਰਾਂ ਨੂੰ ਬਿਲਕੁਲ ਸਹੀ ਅਤੇ ਜਾਇਜ਼ ਮੰਨਦੇ ਹੋਏ ਅਧਿਕਾਰਤ ਲੈਟਰ ਜਾਰੀ ਕਰ ਦਿੱਤਾ ਗਿਆ । ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਬਣਦੇ ਚੋਣ ਨਿਸ਼ਾਨ ਵੀ ਜਾਰੀ ਕਰ ਦਿੱਤੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਕਮੇਟੀ ਦੀ ਜਿੱਤ ਨਹੀਂ ਹੈ, ਬਲਕਿ ਇਹ ਮਾਨਸਾ ਦੇ ਹਰ ਉਸ ਸੂਝਵਾਨ ਨਾਗਰਿਕ ਅਤੇ ਲੋਕਤੰਤਰ ਦੀ ਜਿੱਤ ਹੈ ਜੋ ਬਦਲਾਅ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਸਿਆਸੀ ਦਬਾਅ ਅਤੇ ਧੱਕੇਸ਼ਾਹੀ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਅੱਜ ਸਪੱਸ਼ਟ ਸੁਨੇਹਾ ਮਿਲ ਗਿਆ ਹੈ ਕਿ ਲੋਕਾਂ ਦੀ ਤਾਕਤ ਅਤੇ ਸੰਵਿਧਾਨਕ ਹੱਕਾਂ ਅੱਗੇ ਕੋਈ ਵੀ ਪ੍ਰੈਸ਼ਰ ਕੰਮ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮਾਨਸਾ ਦੀ ਤਰੱਕੀ, ਖ਼ੁਦਮੁਖਤਿਆਰੀ ਅਤੇ ਹੱਕਾਂ ਦੀ ਰਾਖੀ ਲਈ 21 ਮੈਂਬਰੀ ਕਮੇਟੀ ਹਮੇਸ਼ਾ ਚਟਾਨ ਵਾਂਗ ਖੜ੍ਹੀ ਰਹੇਗੀ।
ਇਸ ਮੌਕੇ SDM ਦਫ਼ਤਰ ਵਿਖੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਅਤੇ ਮੋਰਚੇ 'ਤੇ ਡਟਣ ਵਾਲਿਆਂ ਵਿੱਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਨੀਸ਼ ਬੱਬੀ ਦਾਨੇਵਾਲੀਆ, ਚਮਕੌਰ ਸਿੰਘ ਮੂਸਾ, ਕਾਮਰੇਡ ਕ੍ਰਿਸ਼ਨ ਚੋਹਾਨ, ਡਾਕਟਰ ਧੰਨਾ ਮਲ ਗੋਇਲ, ਹਰਿੰਦਰ ਸ਼ਰਮਾ, ਮਾਣਕ ਗੋਇਲ ਅਤੇ ਹਰਿੰਦਰ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ।
- Download Babushahi App
-
-