ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਜਸਵੀਰ ਜੱਸਾ ਨੇ ਕੀਤੀ ਭਾਜਪਾ 'ਚ ਸ਼ਮੂਲੀਅਤ
ਅਸ਼ੋਕ ਵਰਮਾ
ਬਠਿੰਡਾ, 19 ਮਈ 2026 : ਸਾਬਕਾ ਕਾਂਗਰਸੀ ਕੌਂਸਲਰ ਜਸਵੀਰ ਸਿੰਘ ਜੱਸਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਇੱਕ ਵਾਰ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਹੈ । ਉਂਜ ਆਮ ਆਦਮੀ ਪਾਰਟੀ ਜੇ ਸਰਗਰਮ ਆਗੂ ਡਾਕਟਰ ਤਰਸੇਮ ਗਰਗ ਦੀ ਪਤਨੀ ਰਜਨੀ ਜਿੰਦਲ ਵੱਲੋਂ ਭਾਜਪਾ ਸ਼ਮੂਲੀਅਤ ਨੂੰ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਡਾਕਟਰ ਗਰਗ ਨਗਰ ਨਿਗਮ ਚੋਣ ਲੜਨ ਦੇ ਦਾਅਵੇਦਾਰ ਸਨ ਪਰ ਪਾਰਟੀ ਵੱਲੋਂ ਟਿਕਟ ਨਾ ਦੇਣ ਤੋਂ ਬਾਅਦ ਅੱਜ ਇਹ ਨਵੀਂ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕਾਫੀ ਸਮਾਂ ਪਹਿਲਾਂ ਭਾਜਪਾ ਛੱਡ ਚੁੱਕੇ ਬਸੰਤ ਸਿੰਘ ਅਗਰੋਈਆ ਆਪਣੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਤਿੰਨਾਂ ਆਗੂਆਂ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਬਠਿੰਡਾ ਨਗਰ ਨਿਗਮ ਚੋਣਾਂ ਦੇ ਇੰਚਾਰਜ ਜੀਵਨ ਗੁਪਤਾ ਅਤੇ ਭਾਜਪਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ।
ਇਸ ਮੌਕੇ ਭਾਜਪਾ ਆਗੂਆਂ ਨੇ ਸ਼ਾਮਿਲ ਹੋਏ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਭਾਜਪਾ ਦੇ ਹੱਕ ਵਿੱਚ ਮਾਹੌਲ ਬਣ ਚੁੱਕਾ ਹੈ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਭਾਜਪਾ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਲੰਮੇ ਸਮੇਂ ਤੱਕ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਸੰਗਠਨ ਅਤੇ ਲੋਕਾਂ ਦੀ ਸੇਵਾ ਕੀਤੀ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਵਰਕਰਾਂ ਦੀ ਬਜਾਏ ਕੁਝ ਚੁਣਿੰਦੇ ਲੋਕਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਹ ਆਪਣੇ ਆਪ ਨੂੰ ਅਣਦੇਖਿਆ ਮਹਿਸੂਸ ਕਰ ਰਹੇ ਸਨ।ਤਿੰਨਾਂ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ, ਵਿਕਾਸ ਕਾਰਜਾਂ ਅਤੇ ਮਜ਼ਬੂਤ ਨੇਤ੍ਰਿਤਵ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਨਾਲ ਜੁੜ ਕੇ ਉਹ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਹੋਰ ਵਧੀਆ ਢੰਗ ਨਾਲ ਕਰ ਸਕਣਗੇ।ਭਾਜਪਾ ਆਗੂਆਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੇਗੀ। ਇਸ ਮੌਕੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਅਸ਼ਵਨੀ ਗਰਗ ਵੀ ਮੌਜੂਦ ਸਨ।
- Download Babushahi App
-
-