ਲੁਧਿਆਣਾ ਪੁਲਿਸ ਦਾ ਅੰਤਰਰਾਸ਼ਟਰੀ ਸਾਇਬਰ ਠੱਗੀ ਗਿਰੋਹ ‘ਤੇ ਵੱਡਾ ਐਕਸ਼ਨ, 132 ਮੁਲਜ਼ਮ ਕਾਬੂ
ਬਾਬੂਸ਼ਾਹੀ ਬਿਊਰੋ
ਸੁਖਮਿੰਦਰ ਭੰਗੂ
ਲੁਧਿਆਣਾ 15 ਮਈ 2026
ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਸਾਇਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਯੂਰਪ ਅਤੇ ਉੱਤਰੀ ਅਮਰੀਕਾ ਤੱਕ ਫੈਲੇ ਜਾਲ ਨਾਲ ਜੁੜੇ 132 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਵਾਹਨ ਵੀ ਬਰਾਮਦ ਕੀਤੇ ਹਨ। ਇਸਦੇ ਨਾਲ ਹੀ 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ ਅਤੇ ਜਾਂਚ ਹੋਰ ਅੱਗੇ ਵਧਾਈ ਜਾ ਰਹੀ ਹੈ।
ਇਹ ਮਾਮਲਾ 13 ਮਈ 2026 ਨੂੰ ਸਾਇਬਰ ਕਰਾਈਮ ਥਾਣਾ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਸੰਧੂ ਟਾਵਰ ਅਤੇ ਸਿਲਵਰ ਓਕ ਇਲਾਕਿਆਂ ਸਮੇਤ ਕਈ ਕਮਰਸ਼ੀਅਲ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ‘ਤੇ ਗੈਰਕਾਨੂੰਨੀ ਕਾਲ ਸੈਂਟਰ ਚਲ ਰਹੇ ਸਨ, ਜਿਥੋਂ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਕੇ ਆਨਲਾਈਨ ਠੱਗੀ ਕੀਤੀ ਜਾਂਦੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਲੋਕਾਂ ਦੇ ਕੰਪਿਊਟਰਾਂ ‘ਤੇ ਮਾਇਕਰੋਸਾਫਟ ਦੇ ਨਾਂ ‘ਤੇ ਫਰਜ਼ੀ ਵਾਇਰਸ ਚੇਤਾਵਨੀ ਵਾਲੇ ਪੌਪ-ਅੱਪ ਦਿਖਾਉਂਦਾ ਸੀ। ਡਰੇ ਹੋਏ ਲੋਕ ਜਦੋਂ ਦਿੱਤੇ ਗਏ ਨੰਬਰ ‘ਤੇ ਕਾਲ ਕਰਦੇ ਤਾਂ ਠੱਗ ਉਨ੍ਹਾਂ ਨੂੰ ਰਿਮੋਟ ਐਕਸੈਸ ਸਾਫਟਵੇਅਰ ਡਾਊਨਲੋਡ ਕਰਵਾ ਕੇ ਉਨ੍ਹਾਂ ਦੇ ਕੰਪਿਊਟਰ ਅਤੇ ਬੈਂਕ ਜਾਣਕਾਰੀ ਤੱਕ ਪਹੁੰਚ ਹਾਸਲ ਕਰ ਲੈਂਦੇ ਸਨ।
ਬਾਅਦ ਵਿੱਚ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਪੀੜਤਾਂ ਨੂੰ ਇਹ ਕਹਿੰਦੇ ਕਿ ਉਨ੍ਹਾਂ ਦੇ ਖਾਤੇ ਖਤਰੇ ਵਿੱਚ ਹਨ। ਇਸ ਤਰੀਕੇ ਨਾਲ ਲੋਕਾਂ ਤੋਂ ਨਕਦੀ ਇਕੱਠੀ ਕੀਤੀ ਜਾਂਦੀ ਸੀ, ਸੋਨਾ ਖਰੀਦਵਾ ਕੇ ਘਰੋਂ ਚੁਕਵਾਇਆ ਜਾਂਦਾ ਸੀ, ਗਿਫ਼ਟ ਕਾਰਡ ਮੰਗੇ ਜਾਂਦੇ ਸਨ ਜਾਂ ਫਰਜ਼ੀ ਵਿਦੇਸ਼ੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾਏ ਜਾਂਦੇ ਸਨ। ਠੱਗੀ ਦੀ ਰਕਮ ਹਵਾਲਾ ਅਤੇ ਕ੍ਰਿਪਟੋਕਰੰਸੀ ਰਾਹੀਂ ਭਾਰਤ ਤੱਕ ਪਹੁੰਚਾਈ ਜਾਂਦੀ ਸੀ।
ਪੁਲਿਸ ਮੁਤਾਬਕ ਹਰ ਆਪਰੇਟਰ ਦਿਨ ਵਿੱਚ 8 ਤੋਂ 10 ਕਾਲਾਂ ਸੰਭਾਲਦਾ ਸੀ ਅਤੇ ਕਰਮਚਾਰੀਆਂ ਨੂੰ ਤਨਖਾਹ ਦੇ ਨਾਲ ਇਨਸੈਂਟਿਵ ਵੀ ਦਿੱਤੇ ਜਾਂਦੇ ਸਨ। ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਹੁਣ ਡਿਜ਼ਿਟਲ ਸਬੂਤਾਂ, ਪੈਸੇ ਦੀ ਲੈਣ-ਦੇਣ, ਹਵਾਲਾ ਨੈੱਟਵਰਕ ਅਤੇ ਕ੍ਰਿਪਟੋ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਸਾਇਬਰ ਅਪਰਾਧੀਆਂ ਅਤੇ ਗੈਰਕਾਨੂੰਨੀ ਵਿੱਤੀ ਗਿਰੋਹਾਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
- Download Babushahi App
-
-