ਪਲਸ ਮੰਚ ਦੀ ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਦਿੱਤਾ ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਦਾ ਸੁਨੇਹਾ
ਬਾਬੂਸ਼ਾਹੀ ਬਿਊਰੋ
ਲੁਧਿਆਣਾ, 2 ਮਈ: ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਇਸ ਵਾਰ 43ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਅਮਰੀਕੀ ਇਜ਼ਰਾਇਲੀ ਹਾਕਮਾਂ ਵੱਲੋਂ ਇਰਾਨ ਅਤੇ ਹੋਰਨਾਂ ਮੁਲਕਾਂ ਉਪਰ ਮੜ੍ਹੀ ਜੰਗ ਖਿਲਾਫ਼ ਜੂਝਦੇ ਲੋਕਾਂ ਅਤੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਿਜਦਾ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਯਾਦਗਾਰੀ ਖੁੱਲ੍ਹੇ ਰੰਗ ਮੰਚ 'ਤੇ ਮਨਾਈ ਗਈ।
ਪਲਸ ਮੰਚ ਦੇ ਇਸ ਯਾਦਗਾਰੀ ਸਮਾਗਮ ਨੂੰ ਪੰਜਾਬੀ ਸਾਹਿਤ ਅਕਾਦਮੀ ਅਤੇ ਭਰਾਤਰੀ ਸੰਸਥਾਵਾਂ ਨੇ ਭਰਵਾਂ ਸਾਥ ਦਿੱਤਾ।
ਇਸ ਰਾਤ ਦਾ ਆਗਾਜ਼ ਘਾਹ ਪਾਰਕ ਵਿੱਚ ਜੁੜੇ ਮਰਦਾਂ ਔਰਤਾਂ ਦੇ ਵਿਸ਼ਾਲ ਕਾਫ਼ਲੇ ਨਾਲ ਹੋਇਆ, ਜਿਹੜਾ ਕਾਫ਼ਲਾ ਆਪਣੇ ਹੱਥਾਂ 'ਚ ਜੰਗ ਵਿਰੋਧੀ ਫਲੈਕਸਾਂ, ਤਖ਼ਤੀਆਂ ਤੇ ਮੋਮਬੱਤੀਆਂ ਲੈ ਕੇ ਆਡੀਟੋਰੀਅਮ 'ਚ ਦਾਖ਼ਲ ਹੋਇਆ। ਲੋਕਾਂ ਨੇ ਖੜ੍ਹੇ ਹੋ ਕੇ ਜੰਗ ਅਤੇ ਫਾਸ਼ੀਵਾਦ ਖ਼ਿਲਾਫ਼ ਜੂਝਣ ਦਾ ਅਹਿਦ ਕੀਤਾ ਅਤੇ ਮਹਿਬੂਬ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।
ਇਸ ਮੌਕੇ ਦਿਲਕਸ਼ ਨਜ਼ਾਰਾ ਵੇਖਣ ਵਾਲਾ ਸੀ, ਚਿੱਤਰਕਾਰ ਇੰਦਰਜੀਤ ਸਿੰਘ ਜਲੰਧਰ ਵੱਲੋਂ ਲਗਾਈ ਫੋਟੋ ਕਲਾ ਪ੍ਰਦਰਸ਼ਨੀ, ਜਿਹੜੀ ਜੰਗ ਅਤੇ ਫਾਸ਼ੀਵਾਦ ਖਿਲਾਫ਼ ਦੁਨੀਆਂ ਭਰ 'ਚ ਨਿੱਤਰੇ ਲੋਕਾਂ ਦੀ ਸੂਰਮਗਤੀ ਭਰੀ ਗਾਥਾ ਤਸਵੀਰਾਂ ਅਤੇ ਕਵਿਤਾਵਾਂ ਦੇ ਸੁਮੇਲ ਨਾਲ ਸਜੀ ਹੋਈ ਸੀ।
ਖ਼ਚਾ ਖ਼ਚ ਭਰੇ ਆਡੀਟੋਰੀਅਮ 'ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਮਈ ਦੇ ਸ਼ਹੀਦਾਂ, ਬੱਬਰ ਅਕਾਲੀ ਲਹਿਰ, ਕੁੱਲ ਦੁਨੀਆਂ ਅੰਦਰ ਸਾਮਰਾਜੀ ਅਤੇ ਫਾਸ਼ੀ ਹੱਲੇ ਖਿਲਾਫ਼ ਜੂਝਦੇ ਲੋਕਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਸ ਵਿੱਚ ਸਾਹਿਤ ਅਤੇ ਕਲਾ ਦਾ ਮੋਰਚਾ ਆਪਣੇ ਹਿੱਸੇ ਦੀ ਮਸ਼ਾਲ ਲੈ ਕੇ ਜੂਝ ਰਿਹਾ ਹੈ। ਉਹਨਾਂ ਨੇ ਕਲਮ, ਕਲਾ ਅਤੇ ਲੋਕ ਸੰਗਰਾਮਾਂ ਦੀ ਮਜ਼ਬੂਤ ਅਤੇ ਵਿਸ਼ਾਲ ਗਲਵੱਕੜੀ ਉਪਰ ਜੋਰ ਦਿੱਤਾ। ਵਾਰ-ਵਾਰ ਗੂੰਜਦੀਆਂ ਤਾੜੀਆਂ ਦੀ ਗੂੰਜ 'ਚ ਪਲਸ ਮੰਚ ਪ੍ਰਧਾਨ ਨੇ ਇਨਕਲਾਬੀ ਸਾਹਿਤਕ/ਸਭਿਆਚਾਰਕ ਲਹਿਰ ਦੇ ਨਿਰੰਤਰ ਪਿੜ ਮੱਲਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸਾਹਿਤ ਕਲਾ ਖੇਤਰ 'ਚ ਜ਼ਿਕਰਯੋਗ ਭੂਮਿਕਾ ਅਦਾ ਕਰ ਰਹੀਆਂ ਸ਼ਖ਼ਸੀਅਤਾਂ ਰਣਜੀਤ ਲਹਿਰਾ, ਬੱਲੀ ਸਿੰਘ ਚੀਮਾਂ, ਪਰਮਜੀਤ ਚੱਕ ਦੇਸ ਰਾਜ ਅਤੇ ਕੁਲਵੰਤ ਕੌਰ ਨਗਰ ਦਾ ਉਹਨਾਂ ਦੀ ਸਾਹਿਤਕ ਸਿਰਜਣਾ, ਰੰਗ ਮੰਚ ਅਤੇ ਗਾਇਨ ਖੇਤਰ 'ਚ ਦੇਣ ਨੂੰ ਸਿਜਦਾ ਕੀਤਾ ਗਿਆ। ਉਹਨਾਂ ਸਭਨਾਂ ਦਾ ਲੋਈਆਂ ਅਤੇ 'ਗੁਰਸ਼ਰਨ ਲੋਕ ਕਲਾ ਸਨਮਾਨ' ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਅਰੀਤ, ਮਨਜੀਤ ਔਲਖ, ਪ੍ਰੋ. ਸੁਪਨਦੀਪ, ਬਿੱਟੂ ਮਾਨਸਾ ਅਤੇ ਮਨਜੀਤ ਸਿੰਘ ਚਾਹਿਲ ਮਾਨਸਾ ਸਮੂਹ ਔਲਖ ਪਰਿਵਾਰ ਨੇ ਪਲਸ ਮੰਚ ਦੀ ਤਰਫ਼ੋਂ ਇਹ ਸਨਮਾਨ ਭੇਂਟ ਕੀਤਾ ।
ਪਲਸ ਮੰਚ ਵੱਲੋਂ ਪ੍ਰਕਾਸ਼ਿਤ, ਅਮੋਲਕ ਸਿੰਘ ਅਤੇ ਯਸ਼ ਪਾਲ ਵੱਲੋਂ ਸੰਪਾਦਿਤ ਵੱਡ ਅਕਾਰੀ ਪੁਸਤਕ 'ਜੰਗ ਤੇ ਜ਼ਿੰਦਗੀ' ਸਮੇਤ ਵੱਖ-ਵੱਖ ਪੁਸਤਕਾਂ ਲੋਕ ਅਰਪਨ ਕੀਤੀਆਂ ਗਈਆਂ।
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਸਾਰ੍ਹਾ, ਦਿਸ਼ਾ, ਮੌਸਮ, ਜਸਬੀਰ ਜੱਸੀ, ਰੂਬੀ, ਰਬਿਤਾ ਅਤੇ ਰਾਮ ਸਿੰਘ ਹਠੂਰ ਨੇ ਗੀਤਾਂ ਕਵਿਤਾਵਾਂ ਦਾ ਰੰਗ ਭਰਿਆ। ਪੁਸਤਕ ਪ੍ਰਦਰਸ਼ਨੀ ਤੇ ਵੀ ਇਸ ਮੌਕੇ ਭੀੜਾਂ ਜੁੜੀਆਂ ਰਹੀਆਂ।
ਇਸ ਰਾਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚੌਧਰੀ ਨੇ ਅਮੋਲਕ ਸਿੰਘ, ਗੁਰਭਜਨ ਗਿੱਲ ਅਤੇ ਪਾਕਿਸਤਾਨੀ ਕਲਮਕਾਰ ਦੇ ਲਿਖੇ ਗੀਤਾਂ 'ਤੇ 'ਜੰਗ ਕੌਣ ਲੈ ਆਇਆ?' ਕੋਰਿਓਗਰਾਫ਼ੀ ਪੇਸ਼ ਕੀਤੀ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਸੁਰਿੰਦਰ ਸ਼ਰਮਾ) 'ਦੋ ਰੋਟੀਆਂ', ਮਾਨਵਤਾ ਕਲਾ ਮੰਚ ਨਗਰ (ਜਸਵਿੰਦਰ ਪੱਪੀ) 'ਧੁਖ਼ਦੀਆਂ ਰੂਹਾਂ', ਨਵਚਿੰਤਨ ਕਲਾ ਮੰਚ ਬਿਆਸ (ਕਰਾਂਤੀਪਾਲ) 'ਸੀਸ ਤਲ਼ੀ 'ਤੇ', ਸਿਰਜਣਾ ਆਰਟ ਗਰੁੱਪ ਰਾਏਕੋਟ (ਡਾ. ਸੋਮਪਾਲ ਹੀਰਾ) 'ਛੱਲਾਂ', ਅਵਾਮੀ ਰੰਗ ਮੰਚ ਸਿਹੌੜਾ (ਸ਼ੈਰੀ ਸਿਹੌੜਾ) 'ਇਕੋ ਮਿੱਟੀ ਦੇ ਪੁੱਤ', ਲੋਕ ਕਲਾ ਮੰਚ ਮੁੱਲਾਂਪੁਰ (ਹਰਕੇਸ਼ ਚੌਧਰੀ) ਵੱਲੋਂ 'ਬੇੜੀਆਂ ਲੱਗੇ ਸੁਪਨੇ' ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀਆਂ ਨੇ 'ਭੰਡ ਪੰਜਾਬੀ ਭਵਨ ਆਏ' ਨਿਵੇਕਲੀ ਕਲਾ ਵੰਨਗੀ ਪੇਸ਼ ਕੀਤੀ।
ਨਾਟਕਾਂ ਅਤੇ ਗੀਤਾਂ ਭਰੀ ਰਾਤ ਸਾਮਰਾਜੀ ਤੇ ਦੇਸੀ ਕਾਰਪੋਰੇਟ ਘਰਾਣਿਆਂ, ਫਾਸ਼ੀ ਹੱਲੇ ਖ਼ਿਲਾਫ਼ ਸਾਹਿਤਕ/ਸਭਿਆਚਾਰਕ ਮੰਚ ਤੇ ਲੋਕਾਂ ਨੂੰ ਕਦਮ ਮਿਲਾ ਕੇ ਜੂਝਣ ਦਾ ਪੈਗ਼ਾਮ ਦੇਣ 'ਚ ਸਫ਼ਲ ਰਹੀ। ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਸਮਾਗਮ ਨਿਰੰਤਰ ਖਿੱਚ ਭਰਪੂਰ ਬਣਿਆਂ ਰਿਹਾ।
ਇਸ ਸਭਿਆਚਾਰਕ ਜੋੜ ਮੇਲੇ 'ਚ ਔਰਤਾਂ, ਮਰਦਾਂ ਦੇ ਆਏ ਹੜ੍ਹ 'ਚ ਬੱਚੇ, ਜੁਆਨ, ਵੱਡੀਆਂ ਉਮਰਾਂ ਵਾਲੇ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ।
ਪੰਜਾਬੀ ਸਾਹਿਤ ਅਕਾਦਮੀ, ਸਹਿਯੋਗੀ ਜਨਤਕ ਸੰਸਥਾਵਾਂ ਨੇ ਪ੍ਰਬੰਧਕੀ ਅਤੇ ਆਰਥਿਕ ਮੱਦਦ ਇਕੱਤਰ ਕਰਨ ਵਿਚ ਹੱਥ ਵਟਾਇਆ।
ਹਰ ਸਾਲ ਦੀ ਤਰ੍ਹਾਂ ਸਮੂਹ ਕਲਾਕਾਰਾਂ ਲਈ ਖਾਣੇ ਦਾ ਪ੍ਰਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਨੇ ਕੀਤਾ।
ਮੰਚ ਸੰਚਾਲਨ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।
Click to Follow Babushahi Facebook page →