ਬੇਕਰਸਫੀਲਡ ਵਿੱਚ ਸਿੱਖ ਟਰੱਕ ਡਰਾਈਵਰਾਂ ਨਾਲ ਸੈਨੇਟਰ ਐਡਮ ਸ਼ਿਫ਼ ਦੀ ਮੀਟਿੰਗ- ਟਰੰਪ ਪ੍ਰਸ਼ਾਸਨ ਦੀ ਨੀਤੀ ‘ਤੇ ਚਿੰਤਾ ਜ਼ਾਹਰ
ਗੁਰਿੰਦਰਜੀਤ ਨੀਟਾ ਮਾਛੀਕੇ
ਬੇਕਰਸਫੀਲਡ (ਕੈਲੀਫੋਰਨੀਆ): ਸੈਨੇਟਰ ਐਡਮ ਸ਼ਿਫ਼ ਨੇ ਬੇਕਰਸਫੀਲਡ ਵਿੱਚ ਸਿੱਖ ਟਰੱਕ ਡਰਾਈਵਰਾਂ ਦੇ ਇਕ ਸਮੂਹ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ। ਸੈਨੇਟਰ ਸ਼ਿਫ਼ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਸਿੱਖ ਟਰੱਕ ਡਰਾਈਵਰਾਂ ਦੀਆਂ ਨੌਕਰੀਆਂ ਅਤੇ ਰੋਜ਼ੀ-ਰੋਟੀ ਨੂੰ ਖਤਰੇ ਵਿੱਚ ਪਾ ਰਿਹਾ ਹੈ, ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਅਮਰੀਕੀ ਸੜਕਾਂ ਜ਼ਿਆਦਾ ਸੁਰੱਖਿਅਤ ਹੋਣਗੀਆਂ—ਪਰ ਇਹ ਸੱਚ ਨਹੀਂ ਹੈ।
ਸੈਨੇਟਰ ਨੇ ਸਪੱਸ਼ਟ ਕੀਤਾ ਕਿ ਸਿੱਖ ਡਰਾਈਵਰਾਂ ਬਾਰੇ ਜੋ “ਸੇਫ਼ਟੀ” ਵਾਲੀ ਦਲੀਲ ਦਿੱਤਾ ਜਾ ਰਿਹਾ ਹੈ, ਉਹ ਗਲਤ ਹੈ ਕਿਉਂਕਿ ਸਿੱਖ ਟਰੱਕ ਡਰਾਈਵਰ ਹੋਰ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਵਿੱਚ ਘੱਟ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖ ਡਰਾਈਵਰ ਅਮਰੀਕਾ ਦੇ ਟਰਾਂਸਪੋਰਟ ਸਿਸਟਮ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨਾਲ ਅਨਿਆਇ ਨਹੀਂ ਹੋਣਾ ਚਾਹੀਦਾ।
ਮੀਟਿੰਗ ਦੌਰਾਨ ਸਿੱਖ ਟਰੱਕਰਾਂ ਨੇ ਦੱਸਿਆ ਕਿ ਕਈ ਨਵੇਂ ਨਿਯਮਾਂ/ਧਮਕੀਆਂ ਕਾਰਨ ਉਨ੍ਹਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ, ਜਿਸ ਨਾਲ ਟਰੱਕਿੰਗ ਸੈਕਟਰ ਵਿੱਚ ਗੈਰ-ਯਕੀਨੀ ਸਥਿਤੀ ਪੈਦਾ ਹੋ ਰਹੀ ਹੈ। ਸੈਨੇਟਰ ਸ਼ਿਫ਼ ਨੇ ਜ਼ੋਰ ਦੇ ਕੇ ਕਿਹਾ, “ਸਾਨੂੰ ਉਨ੍ਹਾਂ ਮਜ਼ਦੂਰਾਂ ਦੀ ਵਕਾਲਤ ਕਰਨੀ ਪਵੇਗੀ ਜੋ ਦੇਸ਼ ਅਤੇ ਇਸ ਦੀਆਂ ਚੀਜ਼ਾਂ ਨੂੰ ਚਲਾਉਂਦੇ ਹਨ। ਨਹੀਂ ਤਾਂ ਹਰ ਚੀਜ਼ ਦੀ ਕੀਮਤ ਹੋਰ ਵੀ ਵਧ ਜਾਵੇਗੀ।”
ਉਨ੍ਹਾਂ ਨੇ ਕਿਹਾ ਕਿ ਜੇ ਟਰੱਕਿੰਗ ਉਦਯੋਗ ਦੇ ਤਜਰਬੇਕਾਰ ਸਿੱਖ ਡਰਾਈਵਰਾਂ ਨੂੰ ਡਰਾਇਆ ਜਾਂ ਬਾਹਰ ਕੀਤਾ ਗਿਆ ਤਾਂ ਸਪਲਾਈ ਚੇਨ ‘ਤੇ ਬੁਰਾ ਪ੍ਰਭਾਵ ਪਵੇਗਾ ਅਤੇ ਮਹਿੰਗਾਈ ਹੋਰ ਵਧ ਸਕਦੀ ਹੈ, ਜਿਸ ਨਾਲ ਆਮ ਲੋਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ।