ਸ਼ਹੀਦ ਗੁਰਪ੍ਰੀਤ ਸਿੰਘ ਚੈਰੀਟੇਬਲ ਅਕੈਡਮੀ ਧਰਮਗੜ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਈ
280 ਤੋਂ ਵੱਧ ਨੌਜਵਾਨ ਸਿਖਲਾਈ ਲੈਣ ਤੋਂ ਬਾਅਦ ਸਰਕਾਰੀ ਵਿਭਾਗਾਂ ਵਿੱਚ ਦੇ ਰਹੇ ਹਨ ਸੇਵਾਵਾਂ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਜਨਵਰੀ 2026: ਨੇੜਲੇ ਪਿੰਡ ਧਰਮਗੜ੍ਹ ਵਿੱਚ ਸ਼ਹੀਦ ਗੁਰਪ੍ਰੀਤ ਸਿੰਘ ਚੈਰੀਟੇਬਲ ਅਕੈਡਮੀ ਵਿੱਚ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਅਕੈਡਮੀ ਮੁੱਖੀ ਸਾਹਿਬ ਸਿੰਘ ਧਰਮਗੜ੍ਹ ਵੱਲੋਂ ਸਰਕਾਰੀ ਨੌਕਰੀ ਜੁਆਇੰਨ ਕਰਨ ਤੋਂ ਬਾਅਦ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਾਬਿਲੇਗੌਰ ਹੈ ਕਿ ਇਹ ਅਕੈਡਮੀ ਪਿਛਲੇ ਡੇਢ ਦਹਾਕੇ ਤੋਂ ਸਾਹਿਬ ਸਿੰਘ ਧਰਮਗੜ੍ਹ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ, ਜਿਸ ਵਿੱਚ ਨੌਜਵਾਨਾ ਮੁੰਡੇ ਅਤੇ ਕੁੜੀਆਂ ਨੂੰ ਮੁਫਤ 'ਚ ਗਰਾਉਂਡ ਦੀ ਸਿਖਲਾਈ ਅਤੇ ਕੰਪੀਟੀਸ਼ਨ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਹੈ।
ਸਾਹਿਬ ਸਿੰਘ ਨੇ ਦੱਸਿਆ ਕਿ ਇਹ ਅਕੈਡਮੀ 2009 'ਚ ਸ਼ੁਰੂ ਹੋਈ ਸੀ, ਜਿਸ ਵਿੱਚ ਹੁਣ ਤੱਕ ਲਗਭਗ 280 ਤੋਂ ਵੱਧ ਪੰਜਾਬ ਪੁਲਿਸ ਵਿੱਚ, ਹਰਿਆਣਾ ਪੁਲਿਸ ਵਿੱਚ, ਚੰਡੀਗੜ੍ਹ ਪੁਲਿਸ ਵਿੱਚ, ਭਾਰਤੀ ਫੌਜ ਵਿੱਚ, ਅਰਧ ਸੈਨਿਕ ਬਲਾਂ, ਹੋਰ ਸਿਵਿਲ ਡਿਪਾਰਟਮੈਂਟਾਂ ਵਿੱਚ ਭਰਤੀ ਹੋ ਚੁੱਕੇ ਹਨ ਅਤੇ 2016 ਵਿੱਚ ਪੰਜਾਬ ਪੁਲਿਸ ਦੀ ਸਿੱਧੀ ਭਰਤੀ ਰਾਹੀਂ ਇਸੇ ਅਕੈਡਮੀ ਦੇ 8 ਨੌਜਵਾਨ ਮੁੰਡੇ ਅਤੇ ਕੁੜੀਆਂ ਸਬ-ਇੰਸਪੈਕਟਰ ਭਰਤੀ ਹੋਈ ਸਨ। ਸ. ਸਾਹਿਬ ਸਿੰਘ ਨੇ ਦੱਸਿਆ ਕਿ ਅਕੈਡਮੀ ਵੱਲੋਂ ਇਹ ਸੇਵਾਵਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਹਰ ਨੌਜਵਾਨ ਮੁੰਡਾ ਅਤੇ ਕੁੜੀ ਸਿਖਲਾਈ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਕੈਡਮੀ ਵਿੱਚ ਆਏ ਨੌਜਵਾਨਾਂ ਲਈ ਅਧਿਆਪਕ ਵੱਲੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਕੋਚ ਵੱਲੋਂ ਨੌਜਵਾਨਾਂ ਨੂੰ ਗਰਾਊਂਡ ਦੀ ਸਿਖਲਾਈ ਦਿੱਤੀ ਜਾਂਦੀ ਹੈ ,ਜਿਸ ਵਿੱਚ ਦੋੜ, ਉੱਚੀ ਅਤੇ ਲੰਮੀ ਛਾਲ ਆਦਿ ਦੇ ਗੁਰ ਦੱਸੇ ਜਾਂਦੇ ਹਨ।
ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਸਮੇਤ ਹਰਿਆਣਾ ਦੇ ਕਈਂ ਪਿੰਡਾਂ ਦੇ ਨੌਜਵਾਨ ਇਥੇ ਸਿਖਲਾਈ ਲੈ ਰਹੇ ਹਨ ਅਤੇ ਪੇਪਰ ਦੀ ਤਿਆਰੀ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 2025 ਦੀ ਪੰਜਾਬ ਪੁਲਿਸ ਸਿਪਾਹੀ ਭਰਤੀ ਹੋਣ ਵਾਲੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਪ੍ਰਾਪਤ ਹੋਏ ਹਨ ,ਵਿੱਚ ਮੀਨੂ ਰਾਣੀ ਪੁੱਤਰੀ ਕੁਲਦੀਪ ਸਿੰਘ ਪਿੰਡ ਮੈਦਾਨਾਂ ਜ਼ਿਲ੍ਹਾ ਪਟਿਆਲਾ, ਰਜਵਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਪਿੰਡ ਜੌਲਾਂ ਕਲਾਂ, ਅਨੂੰ ਰਾਣੀ ਪੁੱਤਰ ਮਦਨ ਲਾਲ ਪਿੰਡ ਤੋਫਾਪੁਰ, ਹਰਜਿੰਦਰ ਕੌਰ ਪੁੱਤਰੀ ਸ਼ਾਮ ਲਾਲ ਪਿੰਡ ਕੂੜਾਵਾਲਾ, ਆਂਚਲ ਪਿੰਡ ਧਰਮਗੜ੍ਹ ਮਹਿਕ ਪਿੰਡ ਧਰਮਗੜ੍ਹ ਅਤੇ ਐਸਐਸਸੀ ਕਾਂਸਟੇਬਲ ਜੀਡੀ 2025 ਦੀ ਭਰਤੀ ਵਿੱਚ ਪਿੰਡ ਲਾਲੜੂ ਦੀ ਲੜਕੀ ਸਵੀਤਾ ਰਾਣੀ ਪੁੱਤਰੀ ਦਰਸ਼ਨ ਸਿੰਘ , ਸੀਆਈਐਸਐਫ ਵਿੱਚ ਨਿਤੀਕਾ ਰਾਣਾ ਪੁੱਤਰੀ ਕਰਨਵੀਰ ਸਿੰਘ ਪਿੰਡ ਮਗਰਾ, ਸੀਆਰਪੀਐਫ ਅਤੇ ਅਗਨੀਵੀਰ ਵਿਚ ਭਰਤੀ ਹੋਏ ਸ਼ਹਿਬਾਜ਼ ਪੁੱਤਰ ਵਾਜਿਦ ਪਿੰਡ ਜੌਲਾਂ ਕਲਾਂ, ਲਵਪ੍ਰੀਤ ਪੁੱਤਰ ਸ਼ੀਸ਼ਪਾਲ ,ਵਿਸ਼ਾਲ ਕੁਮਾਰ ਪੁੱਤਰ ਸਤਪਾਲ ਸਿੰਘ ਹਨ, ਜਿਨ੍ਹਾਂ ਦਾ ਅੱਜ ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ ਜਿੱਥੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ, ਵਿਖੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।