ਲਾਲੜੂ 'ਚ ਖੁੱਲ੍ਹਿਆ ਪਹਿਲਾ 'ਪੈਟਸ ਵਿਲ੍ਹਾ'
ਜਾਨਵਰ ਤੇ ਪੰਛੀ ਕੁਦਰਤ ਦਾ ਅਹਿਮ ਅੰਗ : ਪੁਰਖਾਲੀ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਜਨਵਰੀ 2025: ਵੈਟਰਨਰੀ ਮਾਹਿਰ ਡਾਕਟਰ ਹਰਪ੍ਰੀਤ ਸਿੰਘ ਹੈਪੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਈਟੀਆਈ ਲਾਲੜੂ ਨੇੜੇ ਪਹਿਲਾਂ "ਪੈਟਸ ਵਿਲ੍ਹਾ" (ਜਾਨਵਰਾਂ ਤੇ ਪੰਛੀਆਂ ਲਈ ਹਸਪਤਾਲ ) ਨਾਮਕ ਕਲੀਨਿਕ ਖੋਲ੍ਹਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਨਵਰਾਂ ਦੇ ਇਲਾਜ ਲਈ ਇਹ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਉਪਰੰਤ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਦੱਸਿਆ ਕਿ ਪਾਠ ਦੇ ਭੋਗ ਉਪਰੰਤ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਰਿਬਨ ਕੱਟ ਕੇ ਕਲੀਨਿਕ ਦਾ ਉਦਘਾਟਨ ਕੀਤਾ। ਸ੍ਰੀ ਪੁਰਖਾਲਵੀ ਨੇ ਆਪਣੇ ਸੰਬੋਧਨ ਵਿਚ ਜਿੱਥੇ ਸੰਗਤਾਂ ਨੂੰ ਗੁਰੂ ਨਾਲ ਜੁੜਨ ਉਤੇ ਜ਼ੋਰ ਦਿੱਤਾ ,ਉੱਥੇ ਹੀ ਪਸ਼ੁਆਂ ਨੂੰ ਕੁਦਰਤ ਦਾ ਅਹਿਮ ਹਿੱਸਾ ਦੱਸਦਿਆਂ ਉਨ੍ਹਾਂ ਨਾਲ ਪਿਆਰ ਕਰਨ ਤੇ ਬਚਾਉਣ ਦੀ ਅਪੀਲ ਵੀ ਕੀਤੀ। ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਲੀਨਿਕ ਵਿੱਚ ਉਨ੍ਹਾਂ ਵੱਲੋਂ ਜਿੱਥੇ ਕੁੱਤਿਆਂ ਦਾ ਇਲਾਜ ਕੀਤਾ ਜਾਵੇਗਾ, ਉੱਥੇ ਹੀ ਪੰਛੀਆਂ ਸਮੇਤ ਬਿੱਲੀਆਂ ਦਾ ਵੀ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਾਨਵਰਾਂ ਅਤੇ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਵੀ ਕੁਦਰਤ ਦਾ ਇੱਕ ਰੂਪ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਛੀਆਂ ਦੀ ਤਾਦਾਦ ਲਗਾਤਾਰ ਘਟਦੀ ਜਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਰਾਣਾ, ਰਾਕੇਸ਼ ਸੈਣੀ, ਅਮਰਜੀਤ ਸਿੰਘ, ਜਸਬੀਰ ਸਿੰਘ, ਕੰਵਲਜੀਤ ਸਿੰਘ ਤੇ ਪਵਨ ਨਾਰੰਗ ਤੋਂ ਇਲਾਵਾ ਵੱਡੀ ਗਿਣਤੀ ਮੋਹਤਬਰ ਹਾਜ਼ਰ ਸਨ ।