ਵਿਧਾਇਕਾ ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਪੁਲਿਸ ਵੱਲੋਂ ਇੱਕ ਬਦਮਾਸ਼ ਗ੍ਰਿਫ਼ਤਾਰ
ਗੋਲੀ ਮਾਰਨ ਵਾਲਾ ਪਹਿਲਾਂ ਹੁੰਦਾ ਸੀ ਜਿਗਰੀ ਦੋਸਤ
ਇਕ ਗਿਰਫ਼ਤਾਰ ਬਾਕੀ ਜਲਦੀ ਫੜ ਲਏ ਜਾਣਗੇ- ਡੀ ਆਈ ਜੀ ਸਤਿੰਦਰ ਸਿੰਘ
ਦੀਪਕ ਜੈਨ
ਜਗਰਾਉਂ, 5 ਜਨਵਰੀ 2026- ਪੰਜਾਬ ਅੰਦਰ ਵੱਧ ਰਹੀ ਕਤਲੋਗਾਰਤ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਅਤੇ ਰੋਜ਼ਾਨਾ ਹੀ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਕਤਲ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਇਸੇ ਅੱਜ ਜਗਰਾਉਂ ਦੇ ਲਾਗਲੇ ਪਿੰਡ ਮਾਣੂਕੇ ਵਿੱਚ ਦਿਨ-ਦਿਹਾੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ ਅਤੇ ਖੁਦ ਵੀ ਕਬੱਡੀ ਖਿਡਾਰੀ ਰਹਿ ਚੁੱਕਿਆ ਸੀ । ਇਸ ਰੰਜਿਸ਼ ਕਾਰਨ ਮੁਲਜ਼ਮਾਂ ਨੇ ਪਿੰਡ ਮਾਣੂਕੇ ਦੀ ਅਨਾਜ ਮੰਡੀ ਨੇੜੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਅੱਜ ਕੱਲ ਇੱਕ ਬਾਊਂਸਰ ਦਾ ਕੰਮ ਕਰਦਾ ਸੀ ਅਤੇ ਤਿੰਨ ਬੱਚਿਆਂ (ਦੋ ਧੀਆਂ ਅਤੇ ਇੱਕ ਪੁੱਤਰ) ਦਾ ਪਿਤਾ ਸੀ। ਹਠੂਰ ਦੇ ਥਾਣਾ ਇੰਚਾਰਜ ਕੁਲਦੀਪ ਸਿੰਘ ਜਿਨਾਂ ਨੂੰ ਇੱਕ ਦਿਨ ਪਹਿਲਾਂ ਹੀ ਲੁਧਿਆਣਾ ਦਿਹਾਤੀ ਦੇ ਐਸਐਸਪੀ ਵੱਲੋਂ ਹਠੂਰ ਥਾਣੇ ਦਾ ਇਨਚਾਰਜ ਲਗਾਇਆ ਗਿਆ, ਮੌਕੇ 'ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।
ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਇੱਕ ਕਬੱਡੀ ਖਿਡਾਰੀ ਨਾਲ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਉਸੇ ਪਿੰਡ ਦੇ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ ਅਤੇ ਇਸ ਕਾਰਨ ਉਸਦੀ ਕੁਝ ਹੋਰ ਨੌਜਵਾਨਾਂ ਨਾਲ ਰੰਜਿਸ਼ ਸੀ। ਸੋਮਵਾਰ ਦੁਪਹਿਰ ਜਦੋਂ ਗਗਨਦੀਪ ਸਿੰਘ 10-12 ਸਾਥੀਆਂ ਨਾਲ ਅਨਾਜ ਮੰਡੀ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਇੱਕ ਹੋਰ ਗਰੁੱਪ ਦੇ ਚਾਰ ਨੌਜਵਾਨ ਮੌਜੂਦ ਸਨ। ਵੱਡੀ ਭੀੜ ਨੂੰ ਦੇਖ ਕੇ ਮੁਲਜ਼ਮਾਂ ਨੇ ਆਪਣੇ ਹਥਿਆਰ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਗਗਨਦੀਪ ਸਿੰਘ ਦੇ ਪੇਟ ਦੇ ਵਿਚਕਾਰ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਡਿੱਗ ਪਿਆ।
ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਪਹਿਲਾਂ ਕਬੱਡੀ ਖੇਡਦਾ ਸੀ, ਪਰ ਹੁਣ ਬਾਊਂਸਰ ਦਾ ਕੰਮ ਕਰਦਾ ਹੈ। ਸੂਤਰਾਂ ਅਨੁਸਾਰ, ਮ੍ਰਿਤਕ ਦੀ ਪਤਨੀ ਨੇ ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਕਈ ਲੋਕਾਂ ਦੇ ਨਾਮ ਲਏ ਹਨ। ਦੋਸ਼ੀ ਨੂੰ ਫੜਨ ਲਈ ਕਈ ਪੁਲਿਸ ਟੀਮਾਂ ਮਾਣੂਕੇ ਪਿੰਡ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਸਿਰਫ਼ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਗਈਆਂ ਸਨ, ਜਦੋਂ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲਗਭਗ ਦਸ ਗੋਲੀਆਂ ਚਲਾਈਆਂ ਗਈਆਂ ਸਨ।
ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਕਿਉਂਕਿ ਬਾਕੀ ਦੋਸ਼ੀ ਕਿਸੇ ਹੋਰ ਜ਼ਿਲ੍ਹੇ ਦੇ ਹਨ, ਇਸ ਲਈ ਪੁਲਿਸ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਮਰਨ ਵਾਲਾ ਅਤੇ ਗੋਲੀ ਚਲਾਉਣ ਵਾਲੇ ਪਹਿਲਾਂ ਕਿਸੇ ਸਮੇਂ ਜਿਗਰੀ ਦੋਸਤ ਹੁੰਦੇ ਸਨ ਪਰ ਹੁਣ ਉਹਨਾਂ ਦੀ ਆਪਸੀ ਦੁਸ਼ਮਣੀ ਇੰਨੀ ਗਹਿਰਾਈ ਵਿੱਚ ਚਲੀ ਗਈ ਕਿ ਗੱਲ ਕਤਲ ਕਰਨ ਤੱਕ ਪਹੁੰਚ ਗਈ।
ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਕਤਲ ਨੌਜਵਾਨਾਂ ਦੀ ਆਪਸੀ ਰੰਜਿਸ਼ ਕਾਰਨ ਹੋਇਆ ਹੈ। ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।