ਰੂਪਨਗਰ ਪੁਲਿਸ ਦੀ ਵੱਡੀ ਕਾਰਵਾਈ, 5 ਬਦਮਾਸ਼ ਗ੍ਰਿਫ਼ਤਾਰ
ਰੂਪਨਗਰ ਪੁਲਿਸ ਨੇ ਟਾਰਗੇਟ ਕਿਲਿੰਗ ਤੇ ਲੁੱਟ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 05 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ, 05 ਜਨਵਰੀ 2025- ਰੂਪਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਨੇ ਟਾਰਗੇਟ ਕਿਲਿੰਗ ਅਤੇ ਲੁੱਟ ਦੀ ਇਕ ਵੱਡੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰਦਿਆਂ 05 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸ਼੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਰੋਲੂਮਾਜਰਾ ਵਿੱਚ ਪੁਲਿਸ ਅਤੇ ਦੋਸ਼ੀਆਂ ਦਰਮਿਆਨ ਮੁੱਠਭੇੜ ਹੋਈ। ਇਸ ਦੌਰਾਨ ਇੱਕ ਦੋਸ਼ੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਪੁਲਿਸ ਨੇ ਮੌਕੇ ਤੋਂ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ।
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਰਣਜੀਤ ਸਿੰਘ ਵਾਸੀ ਪਿੰਡ ਰੋਲੂ ਮਾਜਰਾ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਹਾਲ ਵਾਸੀ ਇਟਲੀ ਦੇ ਘਰ ਡਕੈਤੀ ਤੇ ਕਤਲ ਕਰਨ ਦੇ ਇਰਾਦੇ ਨਾਲ ਇਕੱਠੇ ਹੋਏ ਹਨ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਸੂਚਨਾ ਦੇ ਆਧਾਰ ‘ਤੇ ਐੱਸਪੀ (ਡੀ) ਸ. ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਡੀਐੱਸਪੀ ਐਨਡੀਪੀਐੱਸ ਸ. ਗੱਬਰ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ ਸ਼੍ਰੀ ਜਤਿੰਦਰ ਚੌਹਾਨ, ਸੀ.ਆਈ.ਏ ਇੰਚਾਰਜ ਰੂਪਨਗਰ ਇੰਸ. ਰਾਹੁਲ ਸ਼ਰਮਾ ਅਤੇ ਇੰਚਾਰਜ ਸਪੈਸ਼ਲ ਬ੍ਰਾਂਚ ਰੂਪਨਗਰ ਇੰਸ. ਗੁਰਵਿੰਦਰ ਸਿੰਘ ਦੀਆਂ ਸਾਂਝੀਆਂ ਟੀਮਾਂ ਤਿਆਰ ਕਰ ਕੇ ਮੌਕੇ ‘ਤੇ ਭੇਜੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਦੋਸ਼ੀਆਂ ਨੂੰ ਘੇਰ ਕੇ ਆਤਮਸਰਪਣ ਕਰਨ ਲਈ ਕਿਹਾ ਤਾਂ ਦੋਸ਼ੀਆਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਹੋਈ ਕ੍ਰਾਸ ਫਾਇਰਿੰਗ ਵਿੱਚ ਦੋਸ਼ੀ ਕਰਨਵੀਰ ਸਿੰਘ ਉਰਫ਼ ਕਨਵਾ ਦੇ ਪੈਰ ਵਿੱਚ ਗੋਲੀ ਲੱਗੀ। ਜ਼ਖ਼ਮੀ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸ਼ੁਰੂ ਵਿੱਚ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 399-402 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਜਾਂਚ ਅੱਗੇ ਵਧਣ ‘ਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਾਜ਼ਿਸ਼ ਟਾਰਗੇਟ ਕਿਲਿੰਗ ਨਾਲ ਸੰਬੰਧਿਤ ਸੀ ਅਤੇ ਇਸ ਦੇ ਤਾਰ ਖਾਲਿਸਤਾਨ ਸਮਰਥਕ ਗਤਿਵਿਧੀਆਂ ਨਾਲ ਜੁੜੇ ਨੈੱਟਵਰਕ ਨਾਲ ਮਿਲਦੇ ਹਨ। ਇਸੇ ਆਧਾਰ ‘ਤੇ ਮਾਮਲੇ ਵਿੱਚ ਯੂਏਪੀਏ (ਗੈਰਕਾਨੂੰਨੀ ਗਤਿਵਿਧੀਆਂ ਰੋਕਥਾਮ ਐਕਟ) ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਟਲੀ ਨਿਵਾਸੀ ਰਣਜੀਤ ਸਿੰਘ, ਜੋ ਹਾਲ ਹੀ ਵਿੱਚ ਆਪਣੇ ਪਿੰਡ ਆਇਆ ਹੋਇਆ ਸੀ, ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੇ ਕੁਝ ਕੱਟੜਪੰਥੀ ਗਤਿਵਿਧੀਆਂ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਵੱਲੋਂ ਗਰੀਸ ਅਤੇ ਦੁਬਈ ਵਿੱਚ ਰਹਿੰਦੇ ਆਪਣੇ ਸੰਪਰਕਾਂ ਰਾਹੀਂ ਕਤਲ ਦਾ ਕਾਂਟ੍ਰੈਕਟ ਦਿੱਤਾ ਗਿਆ ਸੀ।
ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਤਿੰਨ .32 ਬੋਰ ਦੀਆਂ ਪਿਸਟਲਾਂ, ਇੱਕ .315 ਬੋਰ ਦਾ ਦੇਸੀ ਹਥਿਆਰ, ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਸਾਰੇ ਹਥਿਆਰ ਗੈਰਕਾਨੂੰਨੀ ਦੱਸੇ ਜਾ ਰਹੇ ਹਨ। ਪੁਲਿਸ ਰਿਕਾਰਡ ਅਨੁਸਾਰ, ਕਰਨਵੀਰ ਸਿੰਘ ਉਰਫ਼ ਕਨਵਾ ਪਹਿਲਾਂ ਵੀ ਦੋ ਕਤਲ ਕੇਸਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਵਾਂਛਿਤ ਰਹਿ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਰਨਵੀਰ ਸਿੰਘ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਅਕਾਸ਼ ਰਾਣਾ, ਵੰਸ਼ ਸ਼ੋਰੀ, ਗੁਰਕਮਲ ਸਿੰਘ ਉਰਫ ਕਮਲ ਅਤੇ ਕਰਨਦੀਪ ਸਿੰਘ ਉਰਫ ਕਨੂੰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਦੋਸ਼ੀਆਂ ਦੀ ਪਛਾਣ, ਹਥਿਆਰਾਂ ਦੀ ਸਪਲਾਈ ਚੇਨ ਅਤੇ ਪੂਰੇ ਨੈੱਟਵਰਕ ਦੀ ਗਹਿਰੀ ਜਾਂਚ ਕਰ ਰਹੀ ਹੈ। ਰਣਜੀਤ ਸਿੰਘ ਇਸ ਸਮੇਂ ਮੁੜ ਇਟਲੀ ਵਾਪਸ ਚਲਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।