ਗੁਰਭਜਨ ਗਿੱਲ ਦੀ ਚੋਣਵੀਂ ਕਾਵਿ ਸਿਰਜਣਾ -“ਤਾਰਿਆਂ ਦੀ ਗੁਜ਼ਰਗਾਹ” ਵਿੱਚੋਂ ਗੁਜ਼ਰਦਿਆਂ : ਸਰਬਜੀਤ ਕੌਰ ਜੱਸ
'ਤਾਰਿਆਂ ਦੀ ਗੁਜ਼ਰਗਾਹ' 'ਚੋਂ ਗੁਜ਼ਰਦਿਆਂ ਹੋਇਆਂ ਇਤਿਹਾਸ ਦੇ ਮਹਾਂਮਾਨਵਾਂ ਦੇ ਰੂ-ਬਰੂ ਹੋਈ ਹਾਂ। ਇਸ ਕਾਵਿ- ਪੁਸਤਕ ਨੇ ਦੱਸਿਆ ਕਿ ਕਵੀ ਤੇ ਇਤਿਹਾਸਕਾਰ ਜਦੋਂ ਪਿਛਾਂਹ ਵੇਖਦੇ ਹਨ ਤਾਂ ਉਹਨਾਂ ਦੇ ਨਜ਼ਰੀਏ ਵਿੱਚ ਕੀ ਫ਼ਰਕ ਹੁੰਦਾ ਹੈ। ਇਤਿਹਾਸਕਾਰ ਲਹੂ- ਭਿੱਜੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦਾ ਹੈ ।ਯੁੱਧਾਂ ਦੀਆਂ ਬਾਤਾਂ ਪਾਉਂਦਾ ਹੈ ।ਜਿੱਤਾਂ- ਹਾਰਾਂ ਦੇ ਸੋਹਲੇ ਗਾਉਂਦਾ ਹੈ ।ਮਹਿਲਾਂ -ਕਿਲਿਆਂ ਦੇ ਕਿੰਗਰੇ ਗਿਣਦਾ ਹੈ ।ਤੀਰਾਂ- ਤਲਵਾਰਾਂ ਲਿਸ਼ਕਦੀਆਂ ਵਿਖਾਉਂਦਾ ਹੈ ਪਰ ਜਦੋਂ ਕਵੀ ਪਿਛਾਂਹ ਮੁੜ ਕੇ ਵੇਖਦਾ ਹੈ ਤਾਂ ਉਹ ਚਾਨਣ ਵੱਲ ਤੁਰਦੀਆਂ ਸੰਦਲੀ ਪੈੜਾਂ ਦੀ ਮਹਿਕ ਕਵਿਤਾਵਾਂ 'ਚ ਸਾਂਭਦਾ ਹੈ ।ਯੁੱਧਾਂ 'ਚ ਮਲ੍ਹਮ- ਪੱਟੀ ਵੰਡਦੇ ਭਾਈ ਘਨੱਈਆ ਦੇ ਦਰਸ ਕਰਵਾਉਂਦਾ ਹੈ ।ਜਿੱਤਾਂ- ਹਾਰਾਂ ਤੋਂ ਕੋਹਾਂ ਦੂਰ ਖੜ੍ਹੇ ਭਾਈ ਮਰਦਾਨੇ, ਮੀਆਂ ਮੀਰ ਤੇ ਵਾਲਮੀਕ ਦੇ ਨਾਲ਼ ਖੜ੍ਹਦਾ ਹੈ। ਮਹਿਲਾਂ- ਕਿਲਿਆਂ ਦੇ ਕਿੰਗਰਿਆਂ ਨੂੰ ਗਿਣਨ ਦੀ ਬਜਾਇ ਪਰਜਾ ਪਤਿ ਦੇ ਚੱਕ ਦੇ ਗੇੜੇ ਗਿਣਦਾ ਹੈ 1ਤੀਰਾਂ- ਤਲਵਾਰਾਂ ਦੀ ਬਜਾਇ ਹੱਕ- ਸੱਚ ਤੇ ਈਮਾਨ ਲਿਸ਼ਕਦਾ ਵਿਖਾਉਂਦਾ ਹੈ।
ਅਗਨ ਕਥਾ ਤੋਂ ਸ਼ੁਰੂ ਹੋ ਕੇ ਰੁਬਾਈਆਂ ਤੱਕ ਦੇ ਸਫ਼ਰ ਦੌਰਾਨ ਕਵਿਤਾ ਦੇ ਕਈ ਰੰਗ ਮਾਣੇ । ਗੁਰਭਜਨ ਗਿੱਲ ਜੀ ਦੀ ਸ਼ਬਦਕਾਰੀ ਰਾਜਸਥਾਨ ਦੇ ਕਿਸੇ ਮਹਿਲ 'ਚ ਹੋਈ ਮੀਨਾਕਾਰੀ ਜਿਹੀ ਹੈ। ਸ਼ਬਦਾਂ ਨੂੰ ਵਰਤਣ ਤੇ ਸਹੀ ਜਗ੍ਹਾ 'ਤੇ ਟਿਕਾਉਣ ਦਾ ਜਿਹੜਾ ਹੁਨਰ ਤੇ ਸ਼ਿਲਪ ਉਹਨਾਂ ਕੋਲ਼ ਹੈ ,ਉਹ ਹੋਰ ਕਿਸੇ ਕੋਲ਼ ਨਹੀਂ। ਹਰ ਕਵਿਤਾ ਦਾ ਆਪਣਾ ਜਲੌਅ ਹੈ ਤੇ ਆਪਣਾ ਆਭਾ- ਮੰਡਲ । ਉਹਨਾਂ ਦੀ ਹਰ ਕਵਿਤਾ ਪੜ੍ਹਦਿਆਂ ਅੱਖਾਂ ਅੱਗੇ ਦ੍ਰਿਸ਼ ਚਿਤਰਿਆ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਦਾਦੀ ਬਾਤ ਸੁਣਾ ਰਹੀ ਹੋਵੇ!
ਉਹਨਾਂ ਨੇ ਕੁੱਲ ਖ਼ਲਕਤ ਦੀ ਖੈਰ ਮੰਗਣ ਵਾਲੇ ਦਾਨਸ਼ਮੰਦ ਮਹਾਂਪੁਰਖਾਂ ਨੂੰ ਸ਼ਬਦਾਂ ਵਿੱਚ ਢਾਲਿਆ ਹੈ ਜਿਵੇਂ ਕੋਈ ਮੂਰਤੀਕਾਰ ਆਪਣੀ ਸਾਧਨਾ ਵਿੱਚ ਲੀਨ ਹੋ ਕੇ ਮੂਰਤੀ ਘੜਦਾ ਹੈ ।ਜੀਵਨ ਨੂੰ ਉਤਸ਼ਾਹ ਨਾਲ ਜਿਉਣ ਦਾ ਹਿਲੋਰਾ ਦਿੰਦੀਆਂ ਕਵਿਤਾਵਾਂ ਪਾਠਕ ਦਾ ਮਨ- ਮੰਦਰ ਊਰਜਾ ਨਾਲ਼ ਭਰ ਦਿੰਦੀਆਂ
ਹਨ ਬਸ਼ਰਤੇ ਸਾਡਾ ਨੌਜਵਾਨ ਵਰਗ ਕਿਤਾਬਾਂ ਨਾਲ਼ ਜੁੜੇ। ਇਹ ਕਾਮਨਾ ਹੈ ਕਿ ਅਜਿਹੀ ਸਾਹਿਤਕ ਕਿਰਤ ਕੁਰਾਹੇ ਪਏ ਨੌਜਵਾਨਾਂ ਦੇ ਹੱਥਾਂ ਤੱਕ ਪਹੁੰਚੇ ਸ਼ਾਇਦ ਉਹ ਭਵਸਾਗਰ ਦੇ ਮਗਰਮੱਛਾਂ ਤੋਂ ਬਚ ਜਾਣ। ਘੁੱਪ ਹਨ੍ਹੇਰੇ 'ਚ ਘਿਰੀ ਜਵਾਨੀ ਨੂੰ ਕੋਈ ਚਾਨਣ ਰੰਗਾ ਰਾਹ ਦਿੱਸ ਪਵੇ । ਇਸ ਕਿਤਾਬ ਜਰੀਏ ਗੁਰਭਜਨ ਗਿੱਲ ਜੀ ਨੇ ਮਾਣਕ- ਮੋਤੀਆਂ ਨੂੰ ਸਾਂਭਿਆ ਤੇ ਉਹਨਾਂ ਦੇ ਜੀਵਨ ਦਰਸ਼ਨ ਨੂੰ ਵੀ ਸ਼ਬਦ ਮਾਲਾ ਵਿੱਚ ਪਰੋ ਕੇ ਹਮੇਸ਼ਾ ਲਈ ਜੀਵੰਤ ਕਰ ਦਿੱਤਾ ਹੈ।
ਜਿੱਥੇ ਕਿਤਾਬ ਵਿਚਲੀ ਸਭ ਤੋਂ ਨਿੱਕੀ ਕਵਿਤਾ ਅਯੁੱਧਿਆ ਵਿੱਚ ਸੱਤ ਸ਼ਬਦਾਂ ਵਿੱਚ ਸੱਤ ਸਮੁੰਦਰਾਂ ਜਿੰਨੀ ਡੂੰਘੀ ਰਮਜ਼ ਹੈ ਉਥੇ ਅਗਨ ਕਥਾ ਵਰਗੀ ਲੰਮੀ ਕਵਿਤਾ ਵੀ ਹੈ ਜੋ ਨਿੱਕੇ- ਨਿੱਕੇ ਕਿਟਾਣੂਆਂ ਤੇ ਰੋਗਾਣੂਆਂ ਦੀ ਬਾਤ ਪਾਉਂਦੀ ਉਮਰੋਂ ਲੰਮੀ ਉਦਾਸ ਰਾਤ ਨੂੰ ਹਿੰਮਤ, ਹੌਸਲੇ ਤੇ ਚੜ੍ਹਦੀ ਕਲਾ ਨਾਲ ਮੁਕਾਉਣ ਦੀ ਹਿੰਮਤ ਦਿੰਦੀ ਹੈ। ਮਾਂ ਦਾ ਸਫ਼ਰ ,ਪਰਜਾ ਪਤਿ, ਧਰਮ ਤਬਦੀਲੀ ,ਮੀਆਂ ਮੀਰ ਉਦਾਸ ਖੜ੍ਹਾ ਹੈ ,ਤਾਰਿਆਂ ਦੀ ਗੁਜ਼ਰਗਾਹ, ਸ਼ੀਸ਼ਾ ਸਵਾਲ ਕਰਦਾ ਹੈ ਵਰਗੀਆਂ ਚਾਨਣ ਮੁਨਾਰੇ ਜਿਹੀਆਂ ਰਚਨਾਵਾਂ ਵੀ ਹਨ ਜੋ ਅੱਖਾਂ ਅੱਗੇ ਫੈਲੇ ਧੰਦੂਕਾਰੇ ਨੂੰ ਦੂਰ ਕਰਨ ਵਾਲੇ ਲੈਂਨਜ ਵਰਗੀਆਂ ਹਨ। ਇਹ ਪੁਸਤਕ ਅਤੀਤ ਚੋਂ ਚਿਣਗ ਲੱਭ ਕੇ ਵਰਤਮਾਨ ਦੇ ਘੁੱਪ ਹਨ੍ਹੇਰੇ ਨੂੰ ਰੁਸ਼ਨਾਉਣ ਦਾ ਇੱਕ ਯਤਨ ਹੈ। ਮਨ- ਮੰਦਰ ਵਿੱਚ ਸ਼ਬਦਾਂ ਦੇ ਦੀਵੇ ਜਗਾ ਕੇ ਜੀਵਨ- ਪੰਧ ਨੂੰ ਰੌਸ਼ਨ ਕਰ ਦੇਣ ਦਾ ਇੱਕ ਵਿਸ਼ਵਾਸ ਹੈ ।
ਗੁਰਭਜਨ ਗਿੱਲ ਦੀ ਇਹ ਕਾਵਿ ਪੁਸਤਕ”ਤਾਰਿਆਂ ਦੀ ਗੁਜ਼ਰਗਾਹ “ ਉਹ ਸ਼ੀਸ਼ਾ ਹੈ ਜਿਸ ਵਿੱਚੋਂ ਪੰਜਾਬ ਦੀ ਵਿਰਾਸਤ ,ਅਣਖ ਤੇ ਨਿਰਛਲ ਮੋਹ- ਮੁਹੱਬਤ ਦੇ ਦਰਸ਼ਨ ਕੀਤੇ ਜਾ ਸਕਦੇ ਹਨ।
ਇਸ ਕਾਵਿ ਸੰਗ੍ਹਹਿ ਵਿੱਚ ਉਨ੍ਹਾਂ ਦੀਆਂ ਪਿਛਲੇ ਪੰਜਾਹ ਸਾਲ ਦੌਰਾਨ ਸਿੱਖ ਵਿਰਾਸਤ, ਪੰਜਾਬ ਤੇ ਪੰਜਾਬੀਅਤ ਬਾਰੇ ਲਿਖੀਆਂ ਚੋਣਵੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਤੇ ਰੁਬਾਈਆਂ ਸ਼ਾਮਲ ਹਨ।
ਇਹ ਪੁਸਤਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦੇ ਪੰਨੇ 216 ਹਨ ਤੇ ਕੀਮਤ 300/- ਰੁਪਏ ਹੈ। ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਹਿਤਸਰ ਤੇ ਚੇਤਨਾ ਪ੍ਹਕਾਸ਼ਨ ਪੰਜਾਬੀ ਭਵਨ ਲੁੰਧਿਆਣਾ ਤੋਂ ਇਲਾਵਾ ਨਵਚੇਤਨ ਬੁੱਕ ਡਿਪੋ ਬਰਨਾਲਾ ਤੋਂ ਮਿਲ ਸਕਦੀ ਹੈ।
ਸਰਬਜੀਤ ਕੌਰ ਜੱਸ

-
ਸਰਬਜੀਤ ਕੌਰ ਜੱਸ, writer
sarab@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.