ਬੱਸ ਅੱਡਾ: ਬਦਲਿਆ ਜੋ ਰੰਗ ਉਨ੍ਹਾਂ ਹੈਰਾਨੀ ਹੋਈ, ਗਿਰਗਟ ਨੂੰ ਮਾਤ ਦੇ ਗਈ ਫਿਤਰਤ ਜਨਾਬ ਦੀ
ਅਸ਼ੋਕ ਵਰਮਾ
ਬਠਿੰਡਾ, 6 ਜਨਵਰੀ 2026: ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਨਵਾਂ ਬੱਸ ਅੱਡਾ ਥਰਮਲ ਪਲਾਂਟ ਦੀ ਜਮੀਨ ’ਚ ਬਨਾਉਣ ਦੇ ਫੈਸਲੇ ਨੇ ਬੱਸ ਅੱਡਾ ਬਾਹਰ ਜਾਣੋ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ’ਚ ਰੋਸ ਭਰ ਦਿੱਤਾ ਹੈ। ਰੋਹ ਨਾਲ ਭਰੇ ਪੀਤੇ ਲੋਕਾਂ ਨੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਅੱਜ ਆਪਣੇ ਕਾੋਰਬਾਰ ਬੰਦ ਰੱਖਕੇ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ’ਚ ਲੋਕਾਂ ਦੀ ਸਲਾਹ ਨਾਲ ਬੱਸ ਅੱਡਾ ਸ਼ਿਫਟ ਕਰਨ ਸਬੰਧੀ ਕਹਿਣ ਦੇ ਬਾਵਜੂਦ ਬੱਸ ਅੱਡਾ ਬਾਹਰ ਕੱਢਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਅੱਕੇ ਲੋਕਾਂ ਨੇ ਕਿਹਾ ਕਿ 2022 ਚੋਣਾਂ ਮੌਕੇ ਸ਼ਹਿਰ ਨੂੰ ਤਰੱਕੀ ਦੇ ਦਾਅਵੇ ਕਰਨ ਵਾਲਿਆਂ ਨੇ ਬੱਸ ਅੱਡਾ ਬਾਹਰ ਕੱਢਣ ਦੀ ਅੜੀ ਫੜੀ ਹੋਈ ਹੈ ਜਿਸ ਨਾਲ ਉਜਾੜੇ ਦਾ ਮੁੱਢ ਬੰਨਿ੍ਹਆ ਗਿਆ ਹੈ।
ਮੁਜ਼ਾਹਰਕਾਰੀਆਂ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕਰਕੇ ਭੜਾਸ ਕੱਢੀ ਅਤੇ ਹਰ ਕੁਰਬਾਨੀ ਕਰਨ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਬੱਸ ਅੱਡਾ ਇੱਥੇ ਰੱਖਣ ਦਾ ਐਲਾਨ ਨਹੀਂ ਕਰਦੀ ਧਰਨਾ ਚੁੱਕਿਆ ਨਹੀਂ ਜਾਏਗਾ। ਸੰਘਰਸ਼ ਕਮੇਟੀ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਲੋਟ ਰੋਡ ’ਤੇ ਨਵਾਂ ਬੱਸ ਅੱਡਾ ਬਣਾਉਣ ਸਬੰਧੀ ਕੀਤਾ ਗਿਆ ਐਲਾਨ ਲੋਕ ਵਿਰੋਧੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕ ਰਾਏ ਨਾਲ ਬੱਸ ਅੱਡਾ ਬਨਾਉਣ ਬਾਰੇ ਕਿਹਾ ਸੀ ਜਿਸ ਤੇ ਉਨ੍ਹਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਜਿਸ ਨੂੰ ਲੋਕ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਹਿੱਤਾਂ ਨੂੰ ਅਣਡਿੱਠਾ ਕਰਕੇ ਭੂ-ਮਾਫੀਆ ਨੂੰ ਫ਼ਾਇਦਾ ਪਹੁੰਚਾਉਣ ਲਈ ਲੋਕ ਸਹੂਲਤਾਂ ਦੇ ਕੇਂਦਰ ਬੱਸ ਅੱਡੇ ਨੂੰ ਉਜਾੜਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਸ ਮੌਕੇ ਹਰਵਿੰਦਰ ਹੈਪੀ ਅਤੇ ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਇਹ ਗੱਲ ਜੱਗ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਮੰਤਰੀ ,ਵਿਧਾਇਕ ਅਤੇ ਸਥਾਨਕ ਆਗੂ ਬੱਸ ਅੱਡਾ ਮੌਜੂਦਾ ਥਾਂ ’ਤੇ ਰੱਖਣ ਦੇ ਹੱਕ ਵਿੱਚ ਹਨ ਪਰ ਇਸ ਗੱਲ ਨੂੰ ਦਰਕਿਨਾਰ ਕਰਦਿਆਂ ਵਿਧਾਇਕ ਕੱੁਝ ਕਾਲੋਨਾਈਜ਼ਰਾਂ ਨੂੰ ਲਾਹਾ ਖਟਾਉਣ ਦੀ ਨੀਅਤ ਨਾਲ ਬੱਸ ਅੱਡਾ ਮਲੋਟ ਵਾਲੀ ਸੜਕ ਤੇ ਲਿਜਾਣ ਦੀ ਜ਼ਿੱਦ ਤੇ ਅੜੇ ਹੋਏ ਹਨ । ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਅਤੇ ਸੌ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਇਹੋ ਮੰਗ ਕੀਤੀ ਹੈ ਪਰ ਸਰਕਾਰ ਇੰਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ। ਸੰਦੀਪ ਬੌਬੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਜਗਰੂਪ ਗਿੱਲ ਨੂੰ ਜਿਤਾ ਕੇ ਵੱਡੀ ਗਲ੍ਹਤੀ ਕਰ ਲਈ ਹੈ ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਗਿੱਲ ਆਮ ਆਦਮੀ ਦੀ ਗੱਲ ਸੁਣਨਗੇ ਪਰ ਉਨ੍ਹਾਂ ਨੇ ਤਾਂ ਧਨਾਢਾਂ ਦੀਆਂ ਝੋਲੀਆਂ ਭਰਨ ਦੀ ਯੋਜਨਾ ਬਣਾ ਲਈ ਹੈ।
ਮੋਰਚੇ ਦੇ ਮੀਡੀਆ ਕੋਆਰਡੀਨੇਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕ ਰਾਇ ਨਾਲ ਫ਼ੈਸਲੇ ਲੈਣ ਦੀਆਂ ਗੱਲਾਂ ਕਰਨ ਵਾਲੀ ਭਗਵੰਤ ਮਾਨ ਸਰਕਾਰ ਅੱਜ ਲੋਕਾਂ ਦੀ ਸਲਾਹ ਲੈਣ ਦੀ ਥਾਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗੀ ਹੋਈ ਹੈ, ਜਿਸ ਦਾ ਖ਼ਮਿਆਜ਼ਾ ਪੂਰਾ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਹਰ ਜਬਰ ਜ਼ੁਲਮ ਦਾ ਸਬਰ ਨਾਲ ਜਵਾਬ ਦਿੱਤਾ ਜਾਵੇਗਾ। ਵਪਾਰ ਮੰਡਲ ਦੇ ਪ੍ਰਧਾਨ ਬਲਵਿੰਦਰ ਬਾਹੀਆ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਬੱਸ ਅੱਡਾ ਬਦਲਣ ਦੀ ਜ਼ਿੱਦ ਨਾ ਛੱਡੀ ਤਾਂ ਲੋਕ ਹਕੂਮਤ ਹੀ ਬਦਲਣ ਲਈ ਮਜਬੂਰ ਹੋ ਜਾਣਗੇ। ਇਸ ਮੌਕ ਵੱਖ ਵਧਖੇ ਕਿਸਾਨ ਜਥੇਬੰਦੀਆਂ ਦੇ ਆਗੂ, ਪੈਨਸ਼ਨਰਜ਼ ਐਸੋਸੀਏਸ਼ਨ, ਵਪਾਰੀ ਜਥੇਬੰਦੀਆਂ, ਕੋਰਟ ਰੋਡ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਆਮ ਨਾਗਰਿਕ ਹਾਜ਼ਰ ਸਨ।
ਬੰਦ ਰਿਹਾ ਵੱਡਾ ਇਲਾਕਾ
ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਅੱਜ ਅੰਬਦੇਕਰ ਪਾਰਕ ਤੋਂ ਲੈ ਕੇ ਮਹਿਣਾ ਚੌਂਕ ਤੱਕ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਦੁਪਹਿਰ ਤੱਕ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਰੋਸ ਪ੍ਰਦਰਸ਼ਨ ’ਚ ਭਾਗ ਲਿਆ। ਵੱਡੀ ਗੱਲ ਇਹ ਹੈ ਕਿ ਜਿਆਦਾਤਰ ਦੁਕਾਨਦਾਰ ਸਰਕਾਰ ਦੇ ਇਸ ਫੈਸਲੇ ਦੀ ਰੌਸ਼ਨੀ ’ਚ ਖੁਦ ਦੇ ਉਜਾੜੇ ਪ੍ਰਤੀ ਫਿਕਰਮੰਦ ਨਜ਼ਰ ਆਏ। ਜਦੋਂ ਮਹਿਣਾ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਤਿੱਖਾ ਵਿਰੋਧ ਦਰਜ ਕਰਵਾਇਆ। ਵਿਸ਼ੇਸ਼ ਪੱਖ ਇਹ ਵੀ ਹੈ ਕਿ ਅੱਜ ਦੁਕਾਨਦਾਰਾਂ ਦੀ ਹਮਾਇਤ ਸਥਾਨਕ ਲੋਕਾਂ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬੱਸ ਅੱਡਾ ਮੌਜੂਦਾ ਥਾਂ ’ਤੇ ਹੀ ਬਣਾਏ ਰੱਖਣ ਦੀ ਮੰਗ ਦੁਹਰਾਈ।