ਭਾਜਪਾ ਸਰਕਾਰ ਨੇ ਸੱਤਾ 'ਚ ਆਉਣ ਤੋਂ ਬਾਅਦ ਲਗਾਤਾਰ ਸੂਬਿਆਂ ਦੀ ਆਰਥਿਕ ਅਤੇ ਪ੍ਰਸ਼ਾਸਕੀ ਖੁਦਮੁਖ਼ਤਿਆਰੀ ਨੂੰ ਕੀਤਾ ਕਮਜ਼ੋਰ- ਧਰਮਵੀਰ ਗਾਂਧੀ/ਨਾਗਰਾ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੂਬਿਆਂ ਦੇ ਹੱਕ ਖੋਹ ਕੇ ਵੱਡੇ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਦੀ ਸਾਜ਼ਿਸ਼: ਡਾ. ਧਰਮਵੀਰ ਗਾਂਧੀ
ਫਤਿਹਗੜ੍ਹ ਸਾਹਿਬ,31ਦਸੰਬਰ 2025- ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਹਰ ਇਕ ਪ੍ਰਣਾਲੀ ਨੂੰ ਸੈਂਟਰਲਾਈਜ਼ ਕਰਕੇ ਸੂਬਿਆਂ ਦੇ ਸੰਵਿਧਾਨਕ ਹੱਕ ਖੋਹਣ ਅਤੇ ਵੱਡੇ ਉਦਯੋਗਿਕ ਘਰਾਨਿਆਂ ਨੂੰ ਬੇਹਿਸਾਬ ਮੁਨਾਫ਼ਾ ਪਹੁੰਚਾਉਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਇਹ ਗੰਭੀਰ ਦੋਸ਼ ਮੈਂਬਰ ਆਫ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਕਰਤਾਰ ਕੰਪਲੈਕਸ, ਫਤਿਹਗੜ੍ਹ ਸਾਹਿਬ ਵਿਖੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਲਗਾਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਸੂਬਿਆਂ ਦੀ ਆਰਥਿਕ ਅਤੇ ਪ੍ਰਸ਼ਾਸਕੀ ਖੁਦਮੁਖ਼ਤਿਆਰੀ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਂਟਰਲਾਈਜ਼ੇਸ਼ਨ ਦੇ ਨਾਮ ’ਤੇ ਹਰ ਇਕ ਅਹੰਕਾਰਕ ਫੈਸਲਾ ਦਿੱਲੀ ਤੋਂ ਲਾਗੂ ਕਰਕੇ ਸੂਬਾ ਸਰਕਾਰਾਂ ਨੂੰ ਬੇਅਸਰ ਬਣਾਇਆ ਜਾ ਰਿਹਾ ਹੈ, ਤਾਂ ਜੋ ਦੇਸ਼ ਦੇ ਸਰੋਤਾਂ ’ਤੇ ਕੁਝ ਗਿਣੇ-ਚੁਣੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਸਕੇ। ਡਾ. ਗਾਂਧੀ ਨੇ ਮਨਰੇਗਾ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੋਜਨਾ ਕਾਂਗਰਸ ਸਰਕਾਰ ਵੱਲੋਂ ਗਰੀਬਾਂ, ਮਜ਼ਦੂਰਾਂ ਅਤੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਰੋਜ਼ਗਾਰ ਦੀ ਗਾਰੰਟੀ ਦੇਣ ਲਈ ਸ਼ੁਰੂ ਕੀਤੀ ਗਈ ਸੀ, ਪਰ ਭਾਜਪਾ ਸਰਕਾਰ ਵੱਲੋਂ ਇਸਦੇ ਨਾਮ ਅਤੇ ਢਾਂਚੇ ਨਾਲ ਛੇੜਛਾੜ ਕਰਕੇ ਗਰੀਬਾਂ ਦੇ ਮੂੰਹੋਂ ਰੋਟੀ ਦਾ ਨਿਵਾਲਾ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਨਾਮ ’ਤੇ ਚਲਾਏ ਜਾ ਰਹੇ ਨਵੇਂ ਮਿਸ਼ਨ ਅਸਲ ਵਿੱਚ ਗਰੀਬ ਵਿਰੋਧੀ ਹਨ ਅਤੇ ਇਹ ਸਿਰਫ਼ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਦੇਣ ਲਈ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਹ ਸੰਘਰਸ਼ ਸਿਰਫ਼ ਸੜਕਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਭਾਜਪਾ ਦੀਆਂ ਨਾਕਾਮੀਆਂ, ਝੂਠੇ ਵਾਅਦਿਆਂ ਅਤੇ ਗਰੀਬ ਵਿਰੋਧੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਵਿੱਚ ਕਈ ਅਹੰਕਾਰਕ ਅਤੇ ਮੁਨਾਫ਼ੇ ਵਾਲੇ ਸਰਕਾਰੀ ਅਦਾਰੇ ਖੜੇ ਕੀਤੇ ਸਨ, ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪਰ ਭਾਜਪਾ ਸਰਕਾਰ ਨੇ ਉਨ੍ਹਾਂ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਨਿੱਜੀ ਹੱਥਾਂ ਵਿੱਚ ਸੌਂਪ ਕੇ ਆਪਣੇ ਚਹੇਤਿਆਂ ਨੂੰ ਅਮੀਰ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਵੱਲੋਂ ਸਿਆਸੀ ਵਿਰੋਧ ਨੂੰ ਦੁਸ਼ਮਣੀ ਵਜੋਂ ਪੇਸ਼ ਕਰਕੇ ਲੋਕਤੰਤਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਦੇਸ਼ ਵਿੱਚ ਆਪਸੀ ਭਾਈਚਾਰੇ, ਸਾਂਝ ਅਤੇ ਭਰਾਤ੍ਰੀ ਭਾਵ ਨੂੰ ਖ਼ਤਮ ਕਰਕੇ ਲੋਕਾਂ ਵਿੱਚ ਨਫ਼ਰਤ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ, ਜੋ ਦੇਸ਼ ਦੀ ਏਕਤਾ ਲਈ ਗੰਭੀਰ ਖ਼ਤਰਾ ਹੈ।
ਆਮ ਆਦਮੀ ਪਾਰਟੀ ਵੱਲੋਂ ਮਨਰੇਗਾ ਮਸਲੇ ’ਤੇ ਵਿਸ਼ੇਸ਼ ਸੈਸ਼ਨ ਸੱਦੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਦੋਹਰਾ ਚਰਿੱਤਰ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਵਿਸ਼ੇਸ਼ ਸੈਸ਼ਨ ਰੱਖ ਕੇ ਲੋਕਾਂ ਸਾਹਮਣੇ ਮਨਰੇਗਾ ਦੇ ਹੱਕ ਵਿੱਚ ਦਿਖਾਵਾ ਕੀਤਾ ਗਿਆ, ਪਰ ਦੂਜੇ ਪਾਸੇ ਇਸ ਮੁਹਿਮ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਅਤੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਦੋਹਰੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਅਤੇ ਸਮੇਂ ਆਉਣ ’ਤੇ ਇਸਦਾ ਕਰਾਰਾ ਜਵਾਬ ਦੇਣਗੇ।
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਸ ਸੰਘਰਸ਼ ਦੀ ਲੜੀ ਤਹਿਤ ਕਾਂਗਰਸ ਪਾਰਟੀ ਦੇ ਵਰਕਰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਜਾ ਕੇ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਦਾ ਪਰਦਾਫ਼ਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਦੇ ਗਲ ਅੰਗੂਠਾ ਦੇ ਕੇ ਇਸ ਲੋਕ ਵਿਰੋਧੀ ਨੀਤੀ ਨੂੰ ਵਾਪਸ ਕਰਵਾਉਣ ਤੱਕ ਚੁੱਪ ਨਹੀਂ ਬੈਠੇਗੀ ਅਤੇ ਗਰੀਬੀ ਰੇਖਾ ਹੇਠ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇਗਾ।
ਇਸ ਮੌਕੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ, ਦਵਿੰਦਰ ਸਿੰਘ ਜੱਲਾ, ਭੁਪਿੰਦਰ ਸਿੰਘ ਬਧੌਛੀ, ਗੁਰਭੇਜ ਸਿੰਘ ਰਾਏ,ਜਿਲ੍ਹਾ ਪ੍ਰੈੱਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਬਲਾਕ ਪ੍ਰਧਾਨ ਖਮਾਣੋ ਸਰਬਜੀਤ ਸਿੰਘ ਜੀਤੀ, ਗੁਰਲਾਲ ਸਿੰਘ ਲਾਲੀ, ਨਾਜਰ ਸਿੰਘ,ਸੁਖਵਿੰਦਰ ਸਿੰਘ ਕਾਲਾ, ਮਨਪ੍ਰੀਤ ਮਨੀ,ਧਰਮਿੰਦਰ ਸਿੰਘ,ਲਾਭ ਸਿੰਘ,ਮਨਿੰਦਰ ਸਿੰਘ ਟਿਵਾਣਾ, ਹਰਿੰਦਰ ਸਿੰਘ ਮੂਲੇਪੁਰ,ਨਰਿੰਦਰ ਸਿੰਘ ਨਿੰਦੀ,ਮੇਵਾ ਸਿੰਘ ਧਨੌਲਾ, ਨੰਬਰਦਾਰ ਨੱਥੂ ਰਾਮ ਨੰਗਲਾ, ਡਾ. ਨਰੇਸ਼ ਚੌਹਾਨ, ਹਰਮਨਦੀਪ ਸਿੰਘ ਗੋਗੀ,ਗੁਰਪਾਲ ਸਿੰਘ, ਫੱਮਣ ਸਿੰਘ, ਰਾਜੀਵ ਸ਼ਰਮਾ, ਪਰਮਿੰਦਰ ਹੈਂਪੀ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।