ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ; ਦੇਸ਼ ਦੇ ਕਰੋੜਾਂ ਗਰੀਬਾਂ ਦੇ ਢਿੱਡ 'ਤੇ ਲੱਤ ਮਾਰ ਰਹੀ ਕੇਂਦਰ ਸਰਕਾਰ- ਅਮਨ ਅਰੋੜਾ
Babushahi Network
ਚੰਡੀਗੜ੍ਹ, 30 ਦਸੰਬਰ 2025: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਮਨਰੇਗਾ (MGNREGA) ਦੇ ਮੁੱਦੇ 'ਤੇ ਸੱਦੇ ਗਏ ਇਸ ਸੈਸ਼ਨ ਵਿੱਚ ਸ਼ਾਮਲ ਹੋਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਭਾਜਪਾ ਵਿਧਾਇਕ ਵਿਚਾਲੇ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ।
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਬੇਹੱਦ ਤਿੱਖੀ ਸ਼ਬਦਾਵਲੀ ਵਰਤੀ। ਅਰੋੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਿਰਫ਼ ਅਰਬਪਤੀਆਂ ਲਈ ਕੰਮ ਕਰ ਰਹੀ ਹੈ ਅਤੇ ਦੇਸ਼ ਦੇ ਕਰੋੜਾਂ ਗਰੀਬਾਂ ਦੇ ਢਿੱਡ 'ਤੇ ਲੱਤ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਪ੍ਰਧਾਨ ਮੰਤਰੀ ਦੇ ਨਾਮ 10 ਲੱਖ ਚਿੱਠੀਆਂ ਲੈ ਕੇ ਪਹੁੰਚੇ ਹਨ, ਜੋ ਗਰੀਬਾਂ ਦੀ ਆਵਾਜ਼ ਨੂੰ ਬਿਆਨ ਕਰਦੀਆਂ ਹਨ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਕੇਂਦਰ ਦੀਆਂ ਇਹ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਦੇ ਸਟੈਂਡ ਦੀ ਵਕਾਲਤ
ਦੂਜੇ ਪਾਸੇ, ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰ ਸਰਕਾਰ ਦੇ ਸਟੈਂਡ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਮਨਰੇਗਾ ਵਿੱਚ ਕੀਤੇ ਜਾ ਰਹੇ ਬਦਲਾਅ ਗਰੀਬਾਂ ਦੇ ਹੱਕ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਦਮ ਮਨਰੇਗਾ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ। ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ 'VB-G RAM G (G RAM G)' ਦੀ ਵਕਾਲਤ ਕੀਤੀ।
ਵਿਧਾਨ ਸਭਾ ਕੰਪਲੈਕਸ ਵਿੱਚ ਅੱਜ ਇੱਕ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ। ਪੰਜਾਬ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਆਪਣੇ-ਆਪਣੇ ਹਲਕਿਆਂ ਦੇ ਮਨਰੇਗਾ ਨਾਲ ਜੁੜੇ ਦਸਤਾਵੇਜ਼ਾਂ ਅਤੇ ਕਾਗਜ਼ਾਂ ਦੀਆਂ ਪੰਡਾਂ ਸਿਰਾਂ 'ਤੇ ਰੱਖ ਕੇ ਪਹੁੰਚੇ। ਪੰਜਾਬ ਸਰਕਾਰ ਅੱਜ ਸੈਸ਼ਨ ਦੌਰਾਨ ਮਨਰੇਗਾ ਦੇ ਮੁੱਦੇ 'ਤੇ ਕੇਂਦਰ ਵਿਰੁੱਧ ਇੱਕ ਅਹਿਮ ਮਤਾ ਪਾਸ ਕਰਨ ਜਾ ਰਹੀ ਹੈ।