ਨਵਾਂ ਸਾਲ ਮਨਾਓ, ਪਰ ਹੁੱਲੜਬਾਜ਼ੀ ਨਾ ਕਰੋ! ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
ਐਸਐਸਪੀ ਸ਼ੁਭਮ ਅਗਰਵਾਲ ਨੇ ਮੰਡੀ ਗੋਬਿੰਦਗੜ੍ਹ ਦੇ ਲਾਈਟਾਂ ਵਾਲੇ ਚੌਂਕ ਵਿੱਚ ਖੁਦ ਕੀਤੀ ਚੈਕਿੰਗ
ਨਵੇਂ ਸਾਲ ਦੇ ਜਸ਼ਨਾਂ ਦੌਰਾਨ ਹੁੱਲੜਬਾਜ਼ੀ ਬਰਦਾਸ਼ਤ ਨਹੀਂ
ਲੋਕਾਂ ਨੂੰ ਅਪੀਲ, ਨਸ਼ਾ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਹੈਲਪਲਾਈਨ ਨੰਬਰ 112 ਉਤੇ ਦਿਓ
ਮੰਡੀ ਗੋਬਿੰਦਗੜ੍ਹ/ਫਤਹਿਗੜ੍ਹ ਸਾਹਿਬ, 31 ਦਸੰਬਰ:
ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ।
ਇਸੇ ਕੜੀ ਤਹਿਤ ਬੀਤੀ ਰਾਤ ਐਸ.ਐਸ.ਪੀ. ਸੁਭਮ ਅਗਰਵਾਲ ਖੁਦ ਮੰਡੀ ਗੋਬਿੰਦਗੜ੍ਹ ਦੇ ਲਾਈਟਾਂ ਵਾਲੇ ਚੌਂਕ ਵਿੱਚ ਪਹੁੰਚੇ ਅਤੇ ਪੁਲਿਸ ਟੀਮਾਂ ਵੱਲੋਂ ਕੀਤੀ ਜਾ ਰਹੀ ਵਾਹਨਾਂ ਅਤੇ ਵਾਹਨ ਚਾਲਕਾਂ ਦੀ ਜਾਂਚ ਦਾ ਜਾਇਜ਼ਾ ਲਿਆ।
ਚੈਕਿੰਗ ਦੌਰਾਨ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਖੁਦ ਕਈ ਸ਼ੱਕੀ ਵਾਹਨ ਚਾਲਕਾਂ ਨੂੰ ਰੋਕ ਕੇ ਅਲਕੋਮੀਟਰ ਰਾਹੀਂ ਉਨ੍ਹਾਂ ਦੀ ਜਾਂਚ ਕਰਵਾਈ। ਉਨ੍ਹਾਂ ਸਖ਼ਤ ਹਦਾਇਤਾਂ ਦਿੱਤੀਆਂ ਕਿ ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰਨ ਵਾਲਿਆਂ ਦੇ ਤੁਰੰਤ ਚਲਾਨ ਕੱਟੇ ਜਾਣ ਅਤੇ ਵਾਹਨ ਜ਼ਬਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਪੂਰੇ ਜ਼ਿਲ੍ਹੇ ਵਿੱਚ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।
ਨਵੇਂ ਸਾਲ ਦੇ ਜਸ਼ਨਾਂ ਬਾਰੇ ਗੱਲ ਕਰਦਿਆਂ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕਿਹਾ ਕਿ ਖੁਸ਼ੀ ਦੇ ਮੌਕੇ 'ਤੇ ਨਸ਼ਾ ਕਰਕੇ ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਜਨਤਕ ਥਾਵਾਂ 'ਤੇ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਪੁਲਿਸ ਬੇਹੱਦ ਸਖ਼ਤੀ ਨਾਲ ਨਿਪਟੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਚੌਕਸੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਰਾਤ ਸਮੇਂ ਲਗਾਤਾਰ ਗਸ਼ਤ ਕਰਨਗੀਆਂ।
ਐਸ.ਐਸ.ਪੀ. ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਪੁਲਿਸ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਨਸ਼ਾ ਤਸਕਰਾਂ ਜਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਇਹ ਜਾਣਕਾਰੀ ਪੁਲਿਸ ਕੰਟਰੋਲ ਰੂਮ ਜਾਂ ਹੈਲਪਲਾਈਨ ਨੰਬਰ 112 'ਤੇ ਦਿੱਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਵਾਹਨ ਚਾਲਕਾਂ ਨੂੰ ਕਿਹਾ ਕਿ ਮੌਜੂਦਾ ਸਮੇਂ ਧੁੰਦ ਅਤੇ ਕੋਹਰੇ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਹੈ, ਇਸ ਲਈ ਵਾਹਨ ਚਲਾਉਂਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਰਫ਼ਤਾਰ ਹੌਲੀ ਰੱਖਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ, ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬਧ ਹੈ ਅਤੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।